ਛੱਤੀਸਗੜ੍ਹ: ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਮਹਿਲਾ ਨਕਸਲੀ ਹਲਾਕ
ਨਾਰਾਇਣਪੁਰ:
ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਨਾਰਾਇਣਪੁਰ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਮਹਿਲਾ ਨਕਸਲੀ ਹਲਾਕ ਹੋ ਗਏ ਹਨ। ਪੁਲੀਸ ਨੇ ਦੱਸਿਆ ਕਿ ਨਾਰਾਇਣਪੁਰ ਅਤੇ ਕਾਂਕੇਰ ਜ਼ਿਲ੍ਹੇ ਦੀ ਸਰਹੱਦ ’ਤੇ ਅਬੁਝਮਾੜ ਖੇਤਰ ’ਚ ਸੁਰੱਖਿਆ ਬਲਾਂ ਨੇ ਤਿੰਨ ਵਰਦੀਧਾਰੀ ਮਹਿਲਾ ਨਕਸਲੀਆਂ ਨੂੰ ਹਲਾਕ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਨਾਰਾਇਣਪੁਰ ਤੇ ਕਾਂਕੇਰ ਜ਼ਿਲ੍ਹੇ ਦੀ ਹੱਦ ’ਤੇ ਅਬੁਝਮਾੜ ਖੇਤਰ ’ਚ ਮਾਓਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ’ਤੇ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਗਸ਼ਤ ’ਤੇ ਰਵਾਨਾ ਕੀਤਾ ਗਿਆ ਸੀ। ਟੀਮ ਵਿੱਚ ਜ਼ਿਲ੍ਹਾ ਰਿਜ਼ਰਵ ਗਾਰਡ, ਐੱਸਟੀਐੱਫ ਤੇ ਬੀਐੱਸਐੱਫ ਦੇ ਜਵਾਨ ਸ਼ਾਮਲ ਸਨ। ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਟੀਮ ਇਲਾਕੇ ’ਚ ਪੁੱਜੀ ਤਾਂ ਅੱਜ ਸਵੇਰੇ ਤਕਰੀਬਨ ਅੱਠ ਵਜੇ ਨਕਸਲੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੇ ਜਵਾਬ ’ਚ ਜਵਾਨਾਂ ਨੇ ਵੀ ਗੋਲੀਬਾਰੀ ਕੀਤੀ, ਜਿਸ ’ਚ ਤਿੰਨ ਮਹਿਲਾ ਨਕਸਲੀ ਹਲਾਕ ਹੋ ਗਏ ਹਨ। ਘਟਨਾ ਸਥਾਨ ਤੋਂ ਸੁਰੱਖਿਆ ਬਲਾਂ ਨੇ ਹਥਿਆਰ ਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ। ਇਲਾਕੇ ’ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। -ਪੀਟੀਆਈ