ਬਸਤੀ ਅੱਡਾ ’ਚ ਮੱਛੀ ਮੰਡੀ ਦੀ ਚੈਕਿੰਗ
ਪਾਲ ਸਿੰਘ ਨੌਲੀ
ਜਲੰਧਰ, 13 ਸਤੰਬਰ
ਪਾਬੰਦੀਸ਼ੁਦਾ ਥਾਈ ਮੰਗੂਰ ਮੱਛੀ ਦੀ ਰੋਕਥਾਮ ਲਈ ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਮੱਛੀ ਮੰਡੀਆਂ ਦੀ ਕੀਤੀ ਜਾਂਦੀ ਨਿਯਮਿਤ ਚੈਕਿੰਗ ਤਹਿਤ ਮੱਛੀ ਮੰਡੀ ਬਸਤੀ ਅੱਡਾ, ਜਲੰਧਰ ਵਿੱਚ ਚੈਕਿੰਗ ਕੀਤੀ ਗਈ, ਜਿਸ ਦੌਰਾਨ ਕਿਸੇ ਵੀ ਦੁਕਾਨ ’ਤੇ ਉਕਤ ਪਾਬੰਦੀਸ਼ੁਦਾ ਮੱਛੀ ਨਹੀਂ ਪਾਈ ਗਈ।
ਇਸ ਸਬੰਧੀ ਸੀਨੀਅਰ ਮੱਛੀ ਪਾਲਣ ਅਫ਼ਸਰ ਸ਼ੁਭਵੰਤ ਕੌਰ ਨੇ ਦੱਸਿਆ ਕਿ ਵਿਭਾਗੀ ਟੀਮ ਵੱਲੋਂ ਡਿਵੀਜ਼ਨ ਨੰਬਰ 4 ਦੇ ਪੁਲੀਸ ਮੁਲਾਜ਼ਮਾਂ ਸਮੇਤ ਇਹ ਚੈਕਿੰਗ ਕੀਤੀ ਗਈ, ਜਿਸ ਦੌਰਾਨ ਕਿਸੇ ਵੀ ਦੁਕਾਨ ’ਤੇ ਪਾਬੰਦੀਸ਼ੁਦਾ ਮੰਗੂਰ ਮੱਛੀ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੇ ਥਾਈ ਮੰਗੂਰ ਮੱਛੀ ’ਤੇ ਪਾਬੰਦੀ ਲਗਾਈ ਹੋਈ ਹੈ ਅਤੇ ਪੰਜਾਬ ਵਿੱਚ ਇਹ ਮੱਛੀ ਪਾਏ ਜਾਣ ’ਤੇ ਪੰਜਾਬ ਫ਼ਿਸ਼ਰੀਜ਼ ਐਕਟ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਜਲੰਧਰ ਵਿੱਚ ਸਹਾਇਕ ਡਾਇਰੈਕਟਰ ਮੱਛੀ ਪਾਲਣ ਗੁਰਪ੍ਰੀਤ ਸਿੰਘ ਵੱਲੋਂ ਥਾਈ ਮੰਗੂਰ ਮੱਛੀ ਦੀ ਰੋਕਥਾਮ ਲਈ ਟੀਮ ਗਠਿਤ ਕੀਤੀ ਗਈ ਹੈ, ਜਿਸ ਵੱਲੋਂ ਸਮੇਂ-ਸਮੇਂ ’ਤੇ ਮੱਛੀ ਮੰਡੀਆਂ ਚੈੱਕ ਕਰਕੇ ਪੰਜਾਬ ਫ਼ਿਸ਼ਰੀਜ਼ ਐਕਟ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਮੱਛੀ ਦੀ ਰੋਕਥਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਪਾਬੰਦੀ ਲਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਪਾਬੰਦੀ ਸਬੰਧੀ ਮੱਛੀ ਵਿਕਰੇਤਾਵਾਂ ਨੂੰ ਸਮੇਂ-ਸਮੇਂ ’ਤੇ ਜਾਗਰੂਕ ਵੀ ਕੀਤਾ ਜਾਂਦਾ ਹੈ। ਉਨ੍ਹਾਂ ਮੱਛੀ ਵਿਕਰੇਤਾਵਾਂ ਨੂੰ ਥਾਈ ਮੰਗੂਰ ਮੱਛੀ ਦੀ ਵਿਕਰੀ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਵਿਕਰੇਤਾ ਇਹ ਪਾਬੰਦੀਸ਼ੁਦਾ ਮੱਛੀ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।