ਅਪਰੇਸ਼ਨ ਸੀਲ ਤਹਿਤ ਪੰਜਾਬ-ਹਰਿਆਣਾ ਬਾਰਡਰਾਂ ’ਤੇ ਚੈਕਿੰਗ
ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 19 ਅਗਸਤ
ਬਠਿੰਡਾ ਪੁਲੀਸ ਵੱਲੋਂ ‘ਅਪਰੇਸ਼ਨ ਸੀਲ’ ਤਹਿਤ ਪੰਜਾਬ ਅਤੇ ਹਰਿਆਣਾ ਨੂੰ ਜੋੜਦੇ ਤਿੰਨ ਵੱਡੇ ਅਤੇ ਤੇਰ੍ਹਾਂ ਲਿੰਕ ਸੜਕਾਂ ਉੱਪਰ ਨਾਕੇ ਲਾ ਕੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਬਠਿੰਡਾ-ਡੱਬਵਾਲੀ ਸੜਕ ’ਤੇ ਪੈਂਦੇ ਡੂੰਮਵਾਲੀ ਬੈਰੀਅਰ ਉੱਪਰ ਲੱਗੇ ਨਾਕੇ ’ਤੇ ਪਹੁੰਚੇ ਐੱਸਐੱਸਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਨੇ ਮੀਡੀਆ ਨੂੰ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਵੱਲੋਂ ਨਸ਼ਿਆਂ ਖ਼ਿਲਾਫ਼ ਵੱਡੀ ਜੰਗ ਦਾ ਐਲਾਨ ਕੀਤਾ ਗਿਆ ਹੈ, ਜਿਸ ਤਹਿਤ ਪੰਜਾਬ ਦੇ ਦਸ ਜ਼ਿਲ੍ਹਿਆਂ ਵਿੱਚ ਅੰਤਰਰਾਜੀ ਸੜਕਾਂ ਉੱਪਰ ‘ਅਪਰੇਸ਼ਨ ਸੀਲ’ ਤਹਿਤ ਵਿਸ਼ੇਸ਼ ਨਾ ਕੇ ਲਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਇਸੇ ਤਹਿਤ ਹੀ ਬਠਿੰਡਾ ਨਾਲ ਲੱਗਦੇ ਹਰਿਆਣਾ ਬਾਰਡਰ ਤੋਂ ਆਉਂਦੀਆਂ ਤਿੰਨ ਵੱਡੀਆਂ ਅਤੇ 13 ਲਿੰਕ ਸੜਕਾਂ ਉੱਪਰ ਨਾਕੇ ਲਾ ਕੇ ਸਖ਼ਤੀ ਨਾਲ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮਾੜੇ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਪਬਲਿਕ ਦੇ ਸਹਿਯੋਗ ਦੀ ਕਾਮਨਾ ਕੀਤੀ ਜਾਂਦੀ ਹੈ ਤਾਂ ਹੀ ਨਸ਼ਿਆਂ ਦਾ ਲੱਕ ਤੋੜਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਆਸ ਪਾਸ ਕੋਈ ਵੀ ਵਿਅਕਤੀ ਨਸ਼ੇ ਦਾ ਕਾਰੋਬਾਰ ਕਰਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲੀਸ ਨੂੰ ਦਿੱਤੀ ਜਾਵੇ, ਜਿਸ ਤੋਂ ਬਾਅਦ ਉਸ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਨਾਲ ਨਸ਼ਾ ਰੋਕੂ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ, ਜਿਨ੍ਹਾ ਦੇ ਨਤੀਜੇ ਕਾਫੀ ਸਾਰਥਕ ਆ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਵਿੱਚ ਕਮੇਟੀਆਂ ਨਹੀਂ ਬਣੀਆਂ ਹਨ ਉੱਥੇ ਵੀ ਕਮੇਟੀਆਂ ਬਣਾਕੇ ਗਲਤ ਅਨਸਰਾਂ ਖ਼ਿਲਾਫ਼ ਪੁਲੀਸ ਦੀ ਲੜਾਈ ਵਿੱਚ ਸਹਿਯੋਗ ਦਿੱਤਾ ਜਾਵੇ। ਮੈਡੀਕਲਾਂ ਸਟੋਰਾਂ ਉੱਪਰ ਵਿਕਦੇ ਸਿਗਨੇਚਰ ਕੈਪਸੂਲਾਂ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਨੂੰ ਲਿਖਿਆ ਜਾਵੇਗਾ ਤਾਂ ਜੋ ਸਿਗਨੇਚਰ ਕੈਪਸੂਲਾਂ ਨੂੰ ਨਾਰਕੋਟੈਕ ਅਧੀਨ ਲਿਆਂਦਾ ਜਾਵੇ, ਜਿਸ ਤੋਂ ਬਾਅਦ ਇਨ੍ਹਾਂ ’ਤੇ ਪਾਬੰਦੀ ਲੱਗ ਸਕੇ। ਉਨ੍ਹਾਂ ਸ਼ਹਿਰਾਂ ਦੇ ਲੋਕਾਂ ਨੂੰ ਵੀ ਨਸ਼ਾ ਰੋਕੂ ਕਮੇਟੀਆਂ ਬਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਡੀਐੱਸਪੀ ਹਿਨਾ ਗੁਪਤਾ ਤੋਂ ਇਲਾਵਾ ਹੋਰ ਪੁਲੀਸ ਮੁਲਾਜ਼ਮ ਹਾਜ਼ਰ ਸਨ।
ਬਠਿੰਡਾ ਵਿੱਚ 16 ਥਾਵਾਂ ’ਤੇ ਨਾਕੇ ਲਗਾਏ਼
ਬਠਿੰਡਾ (ਮਨੋਜ ਸ਼ਰਮਾ): ਪੰਜਾਬ ਹਰਿਆਣਾ ਅੰਤਰਰਾਜੀ ਸਰਹੱਦ ’ਤੇ ਬਠਿੰਡਾ ਪੁਲੀਸ ਨੇ ਅਪਰੇਸ਼ਨ ਸੀਲ ਤਹਿਤ ਡੱਬਵਾਲੀ ਨਜ਼ਦੀਕ ਡੂੰਮਵਾਲੀ ਬਾਰਡਰ ’ਤੇ ਨਾਕੇ ਲਗਾ ਕੇ ਵਾਹਨਾਂ ਦੀ ਤਲਾਸ਼ੀ ਲਈ। ਪੁਲੀਸ ਹਰ ਆਉਣ ਜਾਣ ਵਾਲੇ ਰਾਹਗੀਰ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ। ਐੱਸਐੱਸਪੀ ਬਠਿੰਡਾ ਗੁਲਨੀਤ ਸਿੰਘ ਖੁਰਾਨਾ ਨੇ ਦੱਸਿਆ ਕਿ ਅਪਰੇਸ਼ਨ ਸੀਲ ਤਹਿਤ ਪੰਜਾਬ ਦੀ ਹੱਦ ਨਾਲ ਲੱਗਣ ਵਾਲੇ ਸਾਰੇ ਸੂਬਿਆਂ ਵਿਚ ਵਿਸ਼ੇਸ਼ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੇ 16 ਥਾਵਾਂ ਤੇ ਨਾਕੇ ਲਗਾਏ ਗਏੇ। ਸ਼ੱਕੀ ਵਿਅਕਤੀਆਂ ਨੂੰ ਨਸ਼ੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਗੌਰਤਲਬ ਹੈ ਕਿ ਬਠਿੰਡਾ ਪੁਲੀਸ ਵੱਲੋਂ 3 ਹਾਈਵੇਅ ਨਾਕੇ ਲਗਾਏ ਗਏ ਅਤੇ 13 ਲਿੰਕ ਸੜਕਾਂ ਨੂੰ ਰੋਕਿਆ ਗਿਆ।