ਐੱਸਡੀਐੱਮ ਵੱਲੋਂ ਸੇਵਾ ਕੇਂਦਰ ਚੀਮਾ ਦੀ ਚੈਕਿੰਗ; ਤਿੰਨ ਮੁਲਾਜ਼ਮ ਗ਼ੈਰਹਾਜ਼ਰ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 4 ਜੁਲਾਈ
ਸੁਨਾਮ ਦੇ ਐੱਸਡੀਐੱਮ ਪ੍ਰਮੋਦ ਸਿੰਗਲਾ ਨੇ ਅੱਜ ਚੀਮਾ ਵਿੱਚ ਸੇਵਾ ਕੇਂਦਰ ਦਾ ਨਿਰੀਖਣ ਕੀਤਾ। ਇਸ ਦੌਰਾਨ ਤਿੰਨ ਕਰਮਚਾਰੀ ਆਪਣੀ ਡਿਊਟੀ ਤੋਂ ਗੈਰਹਾਜ਼ਰ ਪਾਏ ਗਏ। ਐੱਸਡੀਐੱਮ ਪ੍ਰਮੋਦ ਸਿੰਗਲਾ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਗੈਰਹਾਜ਼ਰ ਕਰਮੀਆਂ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੜਤਾਲ ਦੌਰਾਨ ਡੇਟਾ ਐਂਟਰੀ ਅਪਰੇਟਰ ਦਾ ਵਿਵਹਾਰ ਸੰਤੁਸ਼ਟੀਜਨਕ ਨਾ ਹੋਣ ਕਾਰਨ ਐੱਸਡੀਐੱਮ ਵੱਲੋਂ ਇਸ ਦਾ ਵੀ ਸਖਤ ਨੋਟਿਸ ਲਿਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਹ ਨਿਰਦੇਸ਼ ਦਿੱਤੇ ਗਏ ਹਨ ਕਿ ਸਰਕਾਰੀ ਅਦਾਰਿਆਂ ਵਿੱਚ ਆਪਣਾ ਕੰਮ ਕਾਰ ਕਰਵਾਉਣ ਲਈ ਆਉਣ ਵਾਲੇ ਲੋਕਾਂ ਨਾਲ ਪਿਆਰ ਅਤੇ ਸਤਿਕਾਰ ਵਾਲਾ ਵਿਵਹਾਰ ਅਪਣਾਇਆ ਜਾਵੇ ਅਤੇ ਉਨ੍ਹਾਂ ਦੇ ਕੰਮ ਤਰਜੀਹੀ ਆਧਾਰ ਤੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਸਬ ਡਿਵੀਜ਼ਨ ਸੁਨਾਮ ਦੇ ਅਧੀਨ ਆਉਂਦੇ ਕਿਸੇ ਵੀ ਸਰਕਾਰੀ ਅਦਾਰੇ ਵਿੱਚ ਕੋਈ ਅਧਿਕਾਰੀ ਜਾਂ ਕਰਮਚਾਰੀ ਪੰਜਾਬ ਸਰਕਾਰ ਦੇ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਇਸ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਆਪਣੇ ਦੌਰੇ ਦੌਰਾਨ ਉਪ ਮੰਡਲ ਮੈਜਿਸਟਰੇਟ ਨੇ ਸੇਵਾ ਕੇਂਦਰ ਵਿੱਚ ਕੰਮ ਕਾਰ ਕਰਵਾਉਣ ਲਈ ਪਹੁੰਚੇ ਲੋਕਾਂ ਤੋਂ ਸੁਵਿਧਾ ਕੇਂਦਰ ਦੀ ਕਾਰਜ ਪ੍ਰਣਾਲੀ ਅਤੇ ਤਾਇਨਾਤ ਸਟਾਫ ਦੇ ਆਮ ਰਵਈਏ ਬਾਰੇ ਵੀ ਫੀਡਬੈਕ ਹਾਸਿਲ ਕੀਤੀ।