ਪੁਲੀਸ ਤੇ ਆਬਕਾਰੀ ਵਿਭਾਗ ਦੀ ਟੀਮ ਵੱਲੋਂ ਸ਼ਰਾਬ ਦੇ ਗੋਦਾਮਾਂ ਦੀ ਚੈਕਿੰਗ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 1 ਅਕਤੂਬਰ
ਹਰਿਆਣਾ ਵਿਧਾਨ ਸਭਾ ਦੀਆਂ ਆਮ ਚੋਣਾਂ ਦੇ ਮੱਦੇਨਜ਼ਰ ਪੁਲੀਸ ਅਤੇ ਆਬਕਾਰੀ ਵਿਭਾਗ ਦੀ ਟੀਮ ਨੇ ਸਾਂਝੇ ਤੌਰ ’ਤੇ ਥੋਕ ਸ਼ਰਾਬ ਦੇ ਗੋਦਾਮ ਐਲ-1 ਅਤੇ ਐਲ-13 ਦੀ ਅਚਨਚੇਤ ਜਾਂਚ ਕੀਤੀ। ਨਿਰੀਖਣ ਦੌਰਾਨ ਗੁਦਾਮਾਂ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਰਿਕਾਰਡਿੰਗ ਤੇ ਗੋਦਾਮਾਂ ਵਿੱਚ ਉਪਲਬਧ ਸ਼ਰਾਬ ਦੇ ਸਟਾਕ ਦੀ ਜਾਂਚ ਕੀਤੀ ਗਈ। ਟੀਮ ਨੇ ਵਿਭਾਗ ਦੀ ਔਨਲਾਈਨ ਸਾਈਟ ’ਤੇ ਦਿੱਤੇ ਸਟਾਕ ਨਾਲ ਮਿਲਾਇਆ ਵੀ ਗਿਆ। ਉਪ ਆਬਕਾਰੀ ਤੇ ਕਰ ਕਮਿਸ਼ਨਰ (ਆਬਕਾਰੀ) ਅਲੋਕ ਪਾਸੀ ਨੇ ਦੱਸਿਆ ਕਿ ਨਿਰੀਖਣ ਦੌਰਾਨ ਸਮੂਹ ਲਾਇਸੈਂਸਧਾਰਕਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਚੋਣ ਸਮੇਂ ਦੌਰਾਨ ਪੂਰੀ ਸਾਵਧਾਨੀ ਨਾਲ ਸ਼ਰਾਬ ਦਾ ਸਟਾਕ ਆਪਣੇ ਠੇਕਿਆਂ ’ਤੇ ਭੇਜਣ। ਇਸ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਨਾ ਵਰਤੀ ਜਾਵੇ। ਜੇ ਕਿਸੇ ਨੇ ਅਣਗਹਿਲੀ ਕੀਤੀ ਤਾਂ ਵਿਭਾਗ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਕਿਸੇ ਵੀ ਗੋਦਾਮ ’ਚ ਜੇਕਰ ਕਿਸੇ ਕਿਸਮ ਦੀ ਕੋਈ ਕਮੀ ਪਾਈ ਗਈ ਤਾਂ ਦੋਸ਼ੀ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਹਦਾਇਤ ਕੀਤੀ ਕਿ 2 ਅਕਤੂਬਰ ਨੂੰ ਗਾਂਧੀ ਜਯੰਤੀ ਵਾਲੇ ਦਿਨ ਡਰਾਈ ਡੇਅ ਹੈ, ਇਸ ਲਈ ਸ਼ਰਾਬ ਨਾਲ ਸਬੰਧਤ ਸਾਰੇ ਕਾਰੋਬਾਰ ਮੁਕੰਮਲ ਤੌਰ ’ਤੇ ਬੰਦ ਰੱਖੇ ਜਾਣ।