ਭਾਜਪਾ ਦੀ ਸੱਤਾ ’ਚ ਹਰਿਆਣਾ ਨੇ ਤਰੱਕੀ ਕੀਤੀ: ਪੁਸ਼ਕਰ ਧਾਮੀ
ਪੱਤਰ ਪ੍ਰੇਰਕ
ਗੂਹਲਾ ਚੀਕਾ, 1 ਅਕਤੂਬਰ
ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਅੱਜ ਇੱਥੇ ਕਿਹਾ ਹੈ ਕਿ ਭਾਜਪਾ ਦੀ ਸੱਤਾ ਵਿੱਚ ਹਰਿਆਣਾ ਨੇ ਤਰੱਕੀ ਦੇ ਨਵੇਂ ਮੁਕਾਮ ਹਾਸਲ ਕੀਤੇ ਹਨ। ਪਿੰਡ ਫਰਲ ਵਿੱਚ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦਸ ਸਾਲ ਪਹਿਲਾਂ ਹਰਿਆਣਾ ਦੇ ਜੋ ਹਾਲਾਤ ਸਨ, ਉਹ ਕਿਸੇ ਤੋਂ ਵੀ ਲੁਕੇ ਨਹੀਂ ਹਨ। ਸੂਬੇ ਵਿੱਚ ਡਰ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਸੀ।
ਇੱਥੇ ਤੱਕ ਕਿ ਨੌਕਰੀਆਂ ਦੀ ਵੀ ਬੋਲੀ ਲੱਗਦੀ ਸੀ ਪਰ ਜਦੋਂ ਤੋਂ ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਆਈ ਹੈ, ਉਦੋਂ ਤੋਂ ਨਾਂ ਸਿਰਫ ਸੂਬੇ ਦੀ ਤਰੱਕੀ ਹੋਈ ਹੈ, ਸਗੋਂ ਸੂਬੇ ਦੇ ਨੌਜਵਾਨਾਂ ਨੂੰ ਬਿਨਾ ਖਰਚੀ ਅਤੇ ਪਰਚੀ ਦੇ ਰੁਜ਼ਗਾਰ ਵੀ ਮਿਲਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹੁਣ ਫਿਰ ਰਾਜ ਦੇ ਲੋਕਾਂ ਨੂੰ ਭਰਮਾ ਰਹੀ ਹੈ ਪਰ ਸ਼ਾਇਦ ਉਹ ਭੁੱਲ ਗਈ ਹੈ ਕਿ ਅੱਜ ਜੋ ਦੁਰਦਸ਼ਾ ਹਿਮਾਚਲ ਰਾਜ ਦੀ ਹੋ ਰਹੀ ਹੈ, ਉਸ ਤੋਂ ਹਰਿਆਣਾ ਦੇ ਲੋਕ ਅਨਜਾਣ ਨਹੀਂ ਹਨ। ਉਨ੍ਹਾਂ ਕਿਹਾ ਕਿ ਹੁਣ ਸੂਬੇ ਦੇ ਲੋਕ ਕਾਂਗਰਸ ਦੇ ਝੂਠੇ ਲਾਰਿਆਂ ਵਿੱਚ ਆਉਣ ਵਾਲੇ ਨਹੀਂ ਹਨ ਅਤੇ ਇੱਕ ਵਾਰ ਫਿਰ ਤੋਂ ਹਰਿਆਣਾ ਵਿੱਚ ਬਹੁਮਤ ਨਾਲ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਉਨ੍ਹਾਂ ਹਲਕਾ ਪੂੰਡਰੀ ਦੇ ਪਿੰਡ ਫਰਲ ਵਿੱਚ ਲੋਕਾਂ ਨੂੰ ਇਲਾਕੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਭਾਜਪਾ ਉਮੀਦਵਾਰ ਸਤਪਾਲ ਜਾਂਬਾ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ।