ਡੇਂਗੂ ਦੀ ਰੋਕਥਾਮ ਲਈ ਘਰਾਂ ਦੀ ਚੈਕਿੰਗ
ਪੱਤਰ ਪ੍ਰੇਰਕ
ਪਾਤੜਾਂ, 7 ਜੁਲਾਈ
ਸਿਹਤ ਵਿਭਾਗ ਅਤੇ ਨਗਰ ਕੌਂਸਲ ਵੱਲੋਂ ਸਾਂਝੇ ਤੌਰ ’ਤੇ ਚੈਕਿੰਗ ਅਭਿਆਨ ਤਹਿਤ ਸ਼ਹਿਰ ਦੇ ਵਾਰਡ ਨੰਬਰ ਤਿੰਨ ਮਾਈ ਡੇਰਾ ਵਾਲੀ ਗਲ਼ੀ ’ਚ ਐੱਸਐੱਮਓ ਡਾਕਟਰ ਲਵਕੇਸ਼ ਕੁਮਾਰ ਅਤੇ ਨਗਰ ਕੌਂਸਲ ਪ੍ਰਧਾਨ ਰਣਵੀਰ ਸਿੰਘ ਦੀ ਦੇਖ-ਰੇਖ ਹੇਠ ਟੀਮਾਂ ਨੇ ਘਰਾਂ ਵਿੱਚ ਕੂਲਰਾਂ ਤੇ ਫਰਿੱਜਾਂ ਦੀ ਜਾਂਚ ਕੀਤੀ। ਖੜ੍ਹੇ ਪਾਣੀ ’ਤੇ ਦਵਾਈ ਦਾ ਛਿੜਕਾਅ ਕਰਵਾਇਆ ਗਿਆ। ਐੱਸਐੱਮਓ ਡਾਕਟਰ ਲਵਕੇਸ਼ ਕੁਮਾਰ ਨੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਪ੍ਰੇਰਿਤ ਕਰਦਿਆ ਦੱਸਿਆ ਕਿ ਬਰਸਾਤੀ ਮੌਸਮ ਦੇ ਸ਼ੁਰੂ ਹੁੰਦੇ ਹੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲਣ ਖਤਰਾ ਬਣ ਜਾਂਦਾ ਹੈ ਤੇ ਮੱਛਰਾਂ ਕਾਰਨ ਡੇਂਗੂ ਦੀ ਬਿਮਾਰੀ ਫ਼ੈਲਦੀ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਤੋਂ ਬਚਾਅ ਅਤੇ ਡੇਂਗੂ ਦੇ ਲੱਛਣ ਸਬੰਧੀ ਲੋਕਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਹਸਪਤਾਲ ਵਿੱਚ ਡੇਂਗੂ ਦੇ ਇਲਾਜ ਲਈ ਸਪੈਸ਼ਲ ਡੇਂਗੂ ਵਾਰਡ ਬਣਾਉਣ ਦੀ ਗੱਲ ਕਰਦਿਆਂ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਡੇਗੂ ਦਾ ਇਲਾਜ ਬਿਲਕੁਲ ਫਰੀ ਕੀਤਾ ਜਾਂਦਾ ਹੈ। ਸੰਦੌੜ (ਪੱਤਰ ਪ੍ਰੇਰਕ): ਡੇਂਗੂ ਦੀ ਰੋਕਥਾਮ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਮੁਨੀਰ ਮੁਹੰਮਦ ਵੱਲੋਂ ਦਰਜਨ ਦੇ ਕਰੀਬ ਥਾਵਾਂ ਦੀ ਚੈਕਿੰਗ ਕੀਤੀ ਗਈ। ਜ਼ਿਲ੍ਹਾ ਮੀਡੀਆ ਇੰਚਾਰਜ ਰਾਜੇਸ਼ ਰਿਖੀ ਨੇ ਦੱਸਿਆ ਕਿ ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਮੁਨੀਰ ਮੁਹੰਮਦ ਵੱਲੋਂ ਅੱਜ ਸੰਦੌੜ, ਕੰਗਣਵਾਲ, ਸ਼ੇਰਗੜ੍ਹ ਚੀਮਾ ਆਦਿ ਥਾਵਾਂ ’ਤੇ ਕੰਮ ਕਰ ਰਹੀਆਂ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਫ਼ੀਲਡ ਵਿੱਚ ਦੌਰਾ ਕੀਤਾ ਗਿਆ। ਉਨ੍ਹਾਂ ਖੜ੍ਹੇ ਪਾਣੀ ਵਿੱਚ ਲਾਰਵਾ ਚੈੱਕ ਕੀਤਾ ਗਿਆ ਅਤੇ ਟੀਮਾਂ ਨੂੰ ਆਨ ਸਾਈਟ ਟ੍ਰੇਨਿੰਗ ਵੀ ਦਿੱਤੀ। ਉਨ੍ਹਾਂ ਕਿਹਾ ਕਿ ਲੋਕ ਕਿਸੇ ਵੀ ਥਾਂ ਵਾਧੂ ਪਾਣੀ ਨਾ ਖੜਨ ਦੇਣ, ਮੱਛਰ ਦੇ ਕੱਟੇ ਜਾਣ ਤੋਂ ਪੂਰਾ ਬਚਾਅ ਰੱਖਣ, ਬੁਖਾਰ ਹੋਣ ਦੇ ਖੂਨ ਦੀ ਜਾਂਚ ਕਰਾਉਣ ਅਤੇ ਮੱਛਰ ਨੂੰ ਪੈਦਾ ਨਾ ਹੋਣ ਦੇਣ, ਆਪਣੇ ਘਰਾਂ ਤੇ ਆਲੇ ਦੁਆਲੇ ਦੀ ਸਫ਼ਾਈ ਰੱਖਣ ਨੂੰ ਤਰਜੀਹ ਦੇਣ।