ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਹੀਦ ਬਾਰੇ ਤੱਥਾਂ ਦੀ ਪੁਣ-ਛਾਣ

11:34 AM Oct 29, 2023 IST

ਪਰਮਜੀਤ ਢੀਂਗਰਾ
ਦੇਸ਼ ਦੀ ਆਜ਼ਾਦੀ ਲਈ ਫਾਂਸੀ ਦੇ ਰੱਸੇ ਚੁੰਮਣ ਵਾਲੇ ਦੇਸ਼ ਭਗਤਾਂ ਦੀ ਕੁਰਬਾਨੀ ਨੂੰ ਵਾਰ ਵਾਰ ਯਾਦ ਕੀਤਾ ਜਾਂਦਾ ਹੈ। ਅਜਿਹੇ ਸਿਰਲੱਥ ਸ਼ਹੀਦਾਂ ਵਿਚ ਸ਼ਹੀਦ ਊਧਮ ਸਿੰਘ ਦਾ ਨਾਂ ਬੜੇ ਅਦਬ ਤੇ ਮਾਣ ਨਾਲ ਲਿਆ ਜਾਂਦਾ ਹੈ। ਊਧਮ ਸਿੰਘ ਦਾ ਜਨਮ ਸੁਨਾਮ ਵਿਚ ਹੋਇਆ ਸੀ, ਪਰ ਉਸ ਨੇ ਆਪਣਾ ਬਚਪਨ ਚੀਫ਼ ਖਾਲਸਾ ਦੀਵਾਨ ਵੱਲੋਂ ਚਲਾਏ ਜਾ ਰਹੇ ਸੈਂਟਰਲ ਖਾਲਸਾ ਯਤੀਮਖਾਨੇ ਵਿਚ ਬਿਤਾਇਆ। ਅਜਿਹੇ ਮਾਹੌਲ ਵਿਚ ਪਹਿਲਾਂ ਹਰ ਵਿਅਕਤੀ ਆਪਣੀ ਰੋਜ਼ੀ ਰੋਟੀ ਤੇ ਜ਼ਿੰਦਗੀ ਦੇ ਗੁਜ਼ਰ ਬਸਰ ਬਾਰੇ ਸੋਚਦਾ ਹੈ, ਪਰ ਊਧਮ ਸਿੰਘ ਬੜਾ ਸਿਰਲੱਥ ਯੋਧਾ ਸੀ ਤੇ ਬਚਪਨ ਵਿਚ ਹੀ ਉਸ ਦੇ ਅੰਦਰ ਦੇਸ਼ ਪਿਆਰ ਦੀ ਚਿਣਗ ਲੱਗ ਗਈ। ਉਸ ਨੇ ਦੇਸ਼ ਨੂੰ ਵਿਦੇਸ਼ੀ ਪੰਜਿਆਂ ਵਿਚੋਂ ਮੁਕਤ ਕਰਵਾਉਣ ਦੀ ਠਾਣ ਲਈ।
ਹੱਥਲੀ ਜੀਵਨੀ ‘ਸ਼ਹੀਦ ਊਧਮ ਸਿੰਘ’ (ਕੀਮਤ: 220 ਰੁਪਏ; ਨੈਸ਼ਨਲ ਬੁਕ ਟਰੱਸਟ) ਵਿਚ ਡਾਕਟਰ ਗੁਰਦੇਵ ਸਿੰਘ ਸਿੱਧੂ ਹੋਰਾਂ ਬੜੀ ਮਿਹਨਤ ਤੇ ਸਿਰੜ ਨਾਲ ਪਹਿਲਾਂ ਲਿਖੀਆਂ ਜੀਵਨੀਆਂ ਦੇ ਅਧਿਐਨ ਤੋਂ ਬਾਅਦ ਤੱਥਾਂ ਦੀ ਪੁਣਛਾਣ ਕਰ ਕੇ ਲਿਖੀ ਹੈ। ਇਸ ਦਾ ਇਤਿਹਾਸਕ ਮਹੱਤਵ ਇਸ ਪੱਖੋਂ ਵੀ ਹੈ ਕਿ ਇਸ ਨੂੰ ਲਿਖਣ ਵਾਲਾ ਲੇਖਕ ਇਤਿਹਾਸ ਦੀ ਸੂਝ ਰੱਖਦਾ ਹੈ। ਕਿਸੇ ਵੀ ਇਤਿਹਾਸਕ ਵਿਅਕਤੀ ਦਾ ਜੀਵਨ ਚਰਿੱਤਰ ਆਉਣ ਵਾਲੀਆਂ ਨਸਲਾਂ ਲਈ ਪੱਥ ਪ੍ਰਦਰਸ਼ਕ ਹੁੰਦਾ ਹੈ। ਇਸ ਤੋਂ ਪ੍ਰੇਰਨਾ ਲੈ ਕੇ ਅਸੀਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਹੀਲੇ ਕਰਨੇ ਹੁੰਦੇ ਹਨ।
ਊਧਮ ਸਿੰਘ ਦੇ ਕਈ ਜੀਵਨੀਕਾਰਾਂ ਨੇ ਉਸ ਬਾਰੇ ਕਈ ਕਲਪਨਾ ਵਾਲੀਆਂ ਜਾਂ ਮਨਘੜਤ ਗੱਲਾਂ ਲਿਖੀਆਂ ਹਨ। ਜਿਵੇਂ ਉਹਦੀ ਜ਼ਿੰਦਗੀ ਦੀਆਂ ਕਈ ਘਟਨਾਵਾਂ ਨੂੰ ਵਧਾ ਚੜ੍ਹਾ ਕੇ ਉਸ ਬਾਰੇ ਕਈ ਭਰਮ ਭੁਲੇਖੇ ਪੈਦਾ ਕਰ ਦਿੱਤੇ ਹਨ। ਮਿਸਾਲ ਵਜੋਂ ਇਕ ਜੀਵਨੀਕਾਰ ਲਿਖਦਾ ਹੈ: ਊਧਮ ਸਿੰਘ ਨੇ ਗ਼ਦਰ ਪਾਰਟੀ ਦੇ ਕਾਰਕੁਨਾਂ ਨਾਲ ਇਰਾਨ, ਅਫ਼ਗਾਨਿਸਤਾਨ, ਇਟਲੀ, ਜਰਮਨੀ, ਪਨਾਮਾ, ਮੈਕਸਿਕੋ, ਅਮਰੀਕਾ, ਕੈਨੇਡਾ, ਦੂਰ ਪੂਰਬ, ਜਾਪਾਨ, ਹਾਂਗਕਾਂਗ, ਮਲਾਇਆ, ਬਰਮਾ ਤੇ ਸਿੰਘਾਪੁਰ ਸੰਪਰਕ ਕੀਤਾ। ਹਾਲਾਂਕਿ ਗ਼ਦਰ ਪਾਰਟੀ ਦੇ ਇਤਿਹਾਸ ਵਿਚੋਂ ਅਜਿਹੇ ਤੱਥਾਂ ਦੀ ਪੁਸ਼ਟੀ ਨਹੀਂ ਹੁੰਦੀ।
ਇਸੇ ਤਰ੍ਹਾਂ ਉਹਦੀ ਭਗਤ ਸਿੰਘ ਨਾਲ ਨੇੜਤਾ ਦਰਸਾਉਣ ਲਈ ਇਕ ਹੋਰ ਜੀਵਨੀਕਾਰ ਨੇ ਕਲਪਨਾ ਕਰ ਲਈ।
ਇਕ ਲੇਖਕ ਲਿਖਦਾ ਹੈ: ਸੂਰਜ ਦੇ ਢਲਣ ਨਾਲ ਭਗਤ ਸਿੰਘ ਤੇ ਊਧਮ ਸਿੰਘ ਨੇ ਆਪਣੇ ਸਾਈਕਲ ਚੁੱਕੇ ਤੇ ਮਾਨਾਂਵਾਲੇ ਵੱਲ ਨੂੰ ਤੁਰ ਪਏ। ਓਥੇ ਪਹੁੰਚਣ ਤੱਕ ਹਨੇਰਾ ਹੋ ਚੁੱਕਾ ਸੀ। ਉਹ ਰੇਲਵੇ ਲਾਈਨ ਦੇ ਨਾਲ ਨਾਲ ਕੁਝ ਦੂਰ ਤੱਕ ਚਲੇ ਗਏ। ਇਕ ਥਾਂ ’ਤੇ ਜਾ ਕੇ ਊਧਮ ਸਿੰਘ ਰੁਕ ਗਿਆ। ਉਹਨੇ ਵੱਡੇ ਪੱਥਰ ਨੂੰ ਚੁੱਕ ਕੇ ਪਰ੍ਹਾਂ ਕੀਤਾ ਤੇ ਰੇਲਵੇ ਲਾਈਨ ’ਤੇ ਪਿਆ ਤਿੱਖਾ ਵੱਟਾ ਚੁੱਕ ਕੇ ਮਿੱਟੀ ਪੁੱਟਣ ਲੱਗਾ। ਫਿਰ ਇਕ ਬਕਸਾ ਬਾਹਰ ਕੱਢਿਆ ਤੇ ਭਗਤ ਸਿੰਘ ਨੂੰ ਸੌਂਪ ਦਿੱਤਾ। ਇਸ ਵਿਚ ਕਰੰਸੀ ਸੀ ਤੇ ਥੱਲੇ ਕਾਫ਼ੀ ਗਿਣਤੀ ਵਿਚ ਪਿਸਤੌਲ। ਭਗਤ ਸਿੰਘ ਬਹੁਤ ਖ਼ੁਸ਼ ਹੋਇਆ ਉਹਨੇ ਊਧਮ ਸਿੰਘ ਨੂੰ ਥਾਪੀ ਦਿੱਤੀ।
ਇਨ੍ਹਾਂ ਤੋਂ ਇਲਾਵਾ ਵੀ ਕਈ ਹੋਰ ਜੀਵਨੀਕਾਰਾਂ ਨੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ ਜਿਸ ਨਾਲ ਸੱਚਾਈ ਅੱਖੋਂ ਪਰੋਖੇ ਹੋ ਗਈ ਹੈ। ਇਸ ਲਈ ਹੱਥਲੀ ਕਿਤਾਬ ਦੇ ਲੇਖਕ ਨੇ ਤੱਥਾਂ ਦੀ ਪੁਣਛਾਣ ਕਰ ਕੇ ਊਧਮ ਸਿੰਘ ਦੀ ਜ਼ਿੰਦਗੀ ਨੂੰ ਯਥਾਰਥ ਦੇ ਨੇੜੇ ਲਿਆ ਕੇ ਪੇਸ਼ ਕਰਨ ਦਾ ਯਤਨ ਕੀਤਾ ਹੈ। ਉਹਨੇ ਜੀਵਨ ਪੱਤਰੀ ਊਧਮ ਸਿੰਘ ਸਿੰਘ ਤੋਂ ਇਲਾਵਾ ਜੀਵਨੀ ਨੂੰ ਅਠਾਰਾਂ ਅਧਿਆਇਆਂ ਵਿਚ ਵੰਡਿਆ ਹੈ ਜਨਿ੍ਹਾਂ ਵਿਚ ਜਨਮ ਤੇ ਬਾਲ ਵਰੇਸ, ਅੰਮ੍ਰਿਤਸਰ ਵਿਚ ਦਸ ਵਰ੍ਹੇ, ਸੱਤ ਸਮੁੰਦਰੋਂ ਪਾਰ, ਇੰਗਲੈਂਡ ਵਿਚ ਵਣਜ, ਫੈਸਲਾਕੁੰਨ ਦਿਨ: 13 ਮਾਰਚ 1940, ਅਦਾਲਤੀ ਕਾਰਵਾਈ, ਸਜ਼ਾ ਤੋਂ ਸ਼ਹਾਦਤ ਪ੍ਰਮੁੱਖ ਹਨ। ਅਖੀਰ ਵਿਚ ਕੁਝ ਅੰਤਿਕਾਵਾਂ ਤੇ ਬਖਤਾਵਰ ਸਿੰਘ ਬਿੰਜਲ ਦਾ ਇਕ ਲੇਖ ਦਿੱਤਾ ਹੈ। ਅੰਤ ’ਤੇ ਪੁਸਤਕ ਸੂਚੀ ਦੇ ਕੇ ਕਿਤਾਬ ਨੂੰ ਪਰਮਾਣਕ ਬਣਾਉਣ ਦਾ ਯਤਨ ਬਾਖ਼ੂਬੀ ਕੀਤਾ ਹੈ।
ਊਧਮ ਸਿੰਘ ਦੀਆਂ ਫੋਟੋਆਂ ਤੇ ਹੱਥ ਲਿਖਤਾਂ ਨਾਲ ਇਹ ਕਿਤਾਬ ਹੋਰ ਮਹੱਤਵਪੂਰਨ ਬਣ ਗਈ ਹੈ। ਊਧਮ ਸਿੰਘ ਦੀਆਂ ਜੀਵਨ ਘਟਨਾਵਾਂ ਤੇ ਉਹਦਾ ਦੇਸ਼ ਪਿਆਰ ਦਾ ਜਜ਼ਬਾ ਅੱਜ ਵੀ ਨੌਜਵਾਨ ਪੀੜ੍ਹੀ ਨੂੰ ਟੁੰਬਦਾ ਹੈ। ਲੇਖਕ ਨੇ ਇਤਿਹਾਸਕਾਰ ਵਾਂਗ ਇਸ ਕਿਤਾਬ ਨੂੰ ਤਰਤੀਬ ਦੇ ਕੇ ਲਿਖਿਆ ਹੈ ਜੋ ਸ਼ਲਾਘਾਯੋਗ ਹੈ।
ਸੰਪਰਕ: 94173-58120

Advertisement

Advertisement