ਦੇਸ਼ਮੁਖ ਦੀ ਧੀ ਅਤੇ ਨੂੰਹ ਖ਼ਿਲਾਫ਼ ਸੀਬੀਆਈ ਵੱਲੋਂ ਚਾਰਜਸ਼ੀਟ ਦਾਖ਼ਲ
ਨਵੀਂ ਦਿੱਲੀ, 20 ਨਵੰਬਰ
ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੂੰ ਝਟਕਾ ਦਿੰਦਿਆਂ ਸੀਬੀਆਈ ਨੇ ਉਸ ਦੀ ਧੀ ਪੂਜਾ ਅਤੇ ਨੂੰਹ ਰਾਹਤ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਹੈ। ਸੀਬੀਆਈ ਦੀ 2021 ਦੀ ਅੰਦਰੂਨੀ ਖਰੜਾ ਰਿਪੋਰਟ ਕਥਿਤ ਤੌਰ ’ਤੇ ਲੀਕ ਹੋਣ ਦੇ ਮਾਮਲੇ ’ਚ ਇਹ ਕਾਰਵਾਈ ਹੋਈ ਹੈ। ਰਿਪੋਰਟ ’ਚ ਦੇਸ਼ਮੁਖ ਨੂੰ ਵਸੂਲੀ ਕੇਸ ’ਚ ਕਲੀਨ ਚਿੱਟ ਦੇਣ ਦਾ ਜ਼ਿਕਰ ਸੀ।
ਇਥੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ’ਚ ਦਾਖ਼ਲ ਸਪਲੀਮੈਂਟਰੀ ਚਾਰਜਸ਼ੀਟ ’ਚ ਏਜੰਸੀ ਨੇ ਪੂਜਾ ਨੂੰ ‘ਸਹਿ-ਸਾਜ਼ਿਸ਼ਕਾਰ’ ਕਰਾਰ ਦਿੱਤਾ ਹੈ ਜਿਸ ਨੇ ਖਰੜਾ ਰਿਪੋਰਟ ਹਾਸਲ ਕਰਨ ਲਈ ਦੇਸ਼ਮੁਖ ਦੇ ਵਕੀਲ ਆਨੰਦ ਦਿਲੀਪ ਡਾਗਾ ਨੂੰ ਸੀਬੀਆਈ ਦੇ ਸਬ-ਇੰਸਪੈਕਟਰ ਅਭਿਸ਼ੇਕ ਤਿਵਾੜੀ ਨੂੰ ਰਿਸ਼ਵਤ ਦੇਣ ਲਈ ਸਹਾਇਤਾ ਕੀਤੀ ਸੀ। ਸੀਬੀਆਈ ਨੇ ਦੋ ਸਾਲਾਂ ਮਗਰੋਂ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ ਕੀਤੀ ਹੈ ਜਿਸ ’ਚ ਪੂਜਾ ਅਤੇ ਰਾਹਤ ਦੇ ਨਾਲ ਹੀ ਦੇਸ਼ਮੁਖ ਦੇ ਦੂਰ ਦੇ ਰਿਸ਼ਤੇਦਾਰ ਵਿਕਰਾਂਤ ਦੇਸ਼ਮੁਖ ਤੇ ਸਤਿਆਜੀਤ ਵਯਾਲ ਦੇ ਨਾਮ ਵੀ ਸ਼ਾਮਲ ਹਨ। ਸਾਰੇ ਮੁਲਜ਼ਮਾਂ ਨੇ ਕਿਹਾ ਹੈ ਕਿ ਉਨ੍ਹਾਂ ਖ਼ਿਲਾਫ਼ ਲਾਏ ਗਏ ਦੋਸ਼ ਮਨਘੜਤ ਹਨ ਅਤੇ ਉਨ੍ਹਾਂ ਨੂੰ ਫਸਾਇਆ ਜਾ ਰਿਹਾ ਹੈ। ਚਾਰਜਸ਼ੀਟ ਦਾਖ਼ਲ ਕਰਨ ਤੋਂ ਪਹਿਲਾਂ ਸੀਬੀਆਈ ਨੇ ਉਨ੍ਹਾਂ ਤੋਂ ਪੁੱਛ-ਪੜਤਾਲ ਕੀਤੀ ਸੀ ਪਰ ਉਨ੍ਹਾਂ ਨੂੰ ਕਦੇ ਵੀ ਹਿਰਾਸਤ ’ਚ ਨਹੀਂ ਲਿਆ ਗਿਆ। ਸੀਬੀਆਈ ਨੇ ਵਿਸ਼ੇਸ਼ ਅਦਾਲਤ ਰਾਹੀਂ ਅਮਰੀਕਾ ਨੂੰ ਪੱਤਰ ਭੇਜ ਕੇ ਮੁਲਜ਼ਮਾਂ ਦੀਆਂ ਪੁਰਾਣੀਆਂ ਈ-ਮੇਲਜ਼ ਮੰਗੀਆਂ ਹਨ। -ਪੀਟੀਆਈ