ਐੱਨਆਈਏ ਵੱਲੋਂ ਗੁਰਪ੍ਰੀਤ ਸਿੰਘ ਗੋਪੀ ਖ਼ਿਲਾਫ਼ ਦੋਸ਼ ਪੱਤਰ ਦਾਇਰ
ਨਵੀਂ ਦਿੱਲੀ, 22 ਅਕਤੂਬਰ
ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਪੰਜਾਬ ’ਚ ਅਤਿਵਾਦੀ ਸਾਜ਼ਿਸ਼ ਰਚਣ ਦੇ ਮਾਮਲੇ ’ਚ ਖਾਲਿਸਤਾਨੀ ਅਤਿਵਾਦੀਆਂ ਹਰਵਿੰਦਰ ਸਿੰਘ ਉਰਫ਼ ਰਿੰਦਾ ਤੇ ਲਖਬੀਰ ਸਿੰਘ ਉਰਫ਼ ਲੰਡਾ ਦੇ ਮੁੱਖ ਸਹਾਇਕ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਹੈ। ਜਾਂਚ ਏਜੰਸੀ ਨੇ ਅੱਜ ਇਹ ਜਾਣਕਾਰੀ ਦਿੱਤੀ। ਬਿਆਨ ਅਨੁਸਾਰ ਪੰਜਾਬ ਦੇ ਤਰਨ ਤਾਰਨ ਦੇ ਵਸਨੀਕ ਗੁਰਪ੍ਰੀਤ ਸਿੰਘ ਉਰਫ਼ ਗੋਪੀ ਖ਼ਿਲਾਫ਼ ਬੀਤੇ ਦਿਨ ਮੁਹਾਲੀ ’ਚ ਐੱਨਆਈਏ ਦੀ ਵਿਸ਼ੇਸ਼ ਅਦਾਲਤ ’ਚ ਦੋਸ਼ ਪੱਤਰ ਦਾਇਰ ਕੀਤਾ ਗਿਆ। ਐੱਨਆਈਏ ਨੇ ਮੁਲਜ਼ਮ ਦੀ ਪਛਾਣ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ‘ਬੱਬਰ ਖਾਲਸਾ ਇੰਟਰਨੈਸ਼ਨਲ’ (ਬੀਕੇਆਈ) ਦੇ ਵਿਦੇਸ਼ ’ਚ ਰਹਿੰਦੇ ਅਤਿਵਾਦੀ ਐਲਾਨੇ ਰਿੰਦਾ ਤੇ ਲੰਡਾ ਦੇ ਸਹਾਇਕ ਵਜੋਂ ਕੀਤੀ ਹੈ। ਜਾਂਚ ਏਜੰਸੀ ਅਨੁਸਾਰ ਅਤਿਵਾਦ ਰੋਕੂ ਏਜੰਸੀ ਦੀ ਜਾਂਚ ’ਚ ਪਾਇਆ ਗਿਆ ਕਿ ਪੰਜਾਬ ਤੇ ਦੇਸ਼ ਦੇ ਹੋਰ ਹਿੱਸਿਆਂ ’ਚ ਅਤਿਵਾਦ ਫੈਲਾਉਣ ਲਈ ਬੀਕੇਆਈ ਦੇ ਅਤਿਵਾਦੀਆਂ ਵੱਲੋਂ ਰਚੀ ਗਈ ਸਾਜ਼ਿਸ਼ ’ਚ ਗੋਪੀ ਦੀ ਭੂਮਿਕਾ ਸੀ। ਐੱਨਆਈਏ ਦੀ ਜਾਂਚ ਅਨੁਸਾਰ ਮੁਲਜ਼ਮ ਦਸੰਬਰ 2022 ’ਚ ਸਰਹਾਲੀ ਥਾਣੇ ’ਤੇ ਆਰਪੀਜੀ (ਰਾਕੇਟ ਪ੍ਰੋਪੇਲਡ ਗਰੇਨੇਡ) ਦਾਗਣ ਵਾਲੇ ਅਤਿਵਾਦੀ ਹਮਲੇ ’ਚ ਸ਼ਾਮਲ ਸੀ। ਏਜੰਸੀ ਨੇ ਖੁਲਾਸਾ ਕੀਤਾ ਕਿ ਉਹ ਜੇਲ੍ਹ ’ਚ ਰਹਿੰਦੇ ਹੋਏ ਵੀ ਆਪਣੇ ਵਿਦੇਸ਼ੀ ਆਕਾਵਾਂ ਦੇ ਸੰਪਰਕ ਵਿੱਚ ਸੀ ਅਤੇ ਉਸ ਮਾਮਲੇ ’ਚ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਵੀ ਸੰਪਰਕ ’ਚ ਰਿਹਾ। -ਪੀਟੀਆਈ