ਭਾਰੀ ਮੀਂਹ ਦੀ ਚਿਤਾਵਨੀ ਕਾਰਨ ਚਾਰਧਾਮ ਯਾਤਰਾ ਰੋਕੀ
ਦੇਹਰਾਦੂਨ, 7 ਜੁਲਾਈ
ਉੱਤਰਾਖੰਡ ਦੇ ਗੜ੍ਹਵਾਲ ਖੇਤਰ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਸਬੰਧੀ ਮੌਸਮ ਵਿਭਾਗ ਦੀ ਪੇਸ਼ੀਨਗੋਈ ਦੇ ਮੱਦੇਨਜ਼ਰ ਅੱਜ ਚਾਰਧਾਮ ਯਾਤਰਾ ਆਰਜ਼ੀ ਤੌਰ ’ਤੇ ਰੋਕ ਦਿੱਤੀ ਗਈ ਹੈ। ਗੜ੍ਹਵਾਲ ਦੇ ਕਮਿਸ਼ਨਰ ਵਿਨੈ ਸ਼ੰਕਰ ਪਾਂਡੇ ਨੇ ਕਿਹਾ ਕਿ ਤੀਰਥ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਯਾਤਰਾ ਅੱਗੇ ਪਾਉਣ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੌਸਮ ਵਿਭਾਗ ਨੇ ਗੜ੍ਹਵਾਲ ਡਿਵੀਜ਼ਨ ਵਿੱਚ ਅੱਠ ਜੁਲਾਈ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਇਸ ਦੇ ਮੱਦੇਨਜ਼ਰ ਸਾਰੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਗਲੇ ਹੁਕਮਾਂ ਤੱਕ ਰਿਸ਼ੀਕੇਸ਼ ਤੋਂ ਅੱਗੇ ਚਾਰਧਾਮ ਯਾਤਰਾ ਲਈ ਰਵਾਨਾ ਨਾ ਹੋਣ। ਉਨ੍ਹਾਂ ਕਿਹਾ ਕਿ ਜੋ ਸ਼ਰਧਾਲੂ ਚਾਰਧਾਮ ਯਾਤਰਾ ’ਤੇ ਨਿਕਲ ਚੁੱਕੇ ਹਨ, ਉਨ੍ਹਾਂ ਨੂੰ ਮੌਸਮ ਠੀਕ ਹੋਣ ਤੱਕ ਉਸੇ ਸਥਾਨ ’ਤੇ ਰੁਕਣਾ ਚਾਹੀਦਾ ਹੈ, ਜਿੱਥੇ ਉਹ ਹੁਣ ਹਨ। ਪਿਛਲੇ ਕੁੱਝ ਦਿਨਾਂ ਤੋਂ ਉੱਤਰਾਖੰਡ ਦੇ ਵੱਖ ਵੱਖ ਹਿੱਸਿਆਂ ਵਿੱਚ ਭਾਰੀ ਮੀਂਹ ਕਾਰਨ ਪਹਾੜੀ ਇਲਾਕਿਆਂ ਵਿੱਚ ਢਿੱਗਾਂ ਡਿੱਗ ਰਹੀਆਂ ਹਨ ਅਤੇ ਬਦਰੀਨਾਥ ਜਾਣ ਵਾਲਾ ਰਾਜਮਾਰਗ ਕਈ ਥਾਵਾਂ ’ਤੇ ਪਹਾੜੀਆਂ ਤੋਂ ਡਿੱਗ ਰਹੇ ਮਲਬੇ ਕਾਰਨ ਬੰਦ ਹੋ ਗਿਆ ਹੈ। ਚਮੋਲੀ ਜ਼ਿਲ੍ਹੇ ਵਿੱਚ ਸ਼ਨਿੱਚਰਵਾਰ ਨੂੰ ਜ਼ਮੀਨ ਖਿਸਕਣ ਮਗਰੋਂ ਪਹਾੜੀ ਤੋਂ ਡਿੱਗ ਰਹੀਆਂ ਚੱਟਾਨਾਂ ਦੀ ਲਪੇਟ ’ਚ ਆਉਣ ਕਾਰਨ ਹੈਦਰਾਬਾਦ ਦੇ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਸੀ। ਦੋਵੇਂ ਮੋਟਰਸਾਈਕਲ ’ਤੇ ਬਦਰੀਨਾਥ ਤੋਂ ਪਰਤ ਰਹੇ ਸਨ। ਉੱਤਰਾਖੰਡ ਵਿੱਚ ਨਦੀਆਂ ਨੱਕੋ-ਨੱਕ ਵਹਿ ਰਹੀਆਂ ਹਨ। ਜੋਸ਼ੀਮੱਠ ਨੇੜੇ ਵਿਸ਼ਨੂੰ ਪ੍ਰਯਾਗ ’ਚ ਅਲਕਨੰਦਾ ਨਦੀ ਖਤਰੇ ਦੇ ਨਿਸ਼ਾਨ ਦੇ ਨੇੜੇ ਵਹਿ ਰਹੀਆਂ ਹਨ, ਅਲਕਨੰਦਾ ਵਿਸ਼ਨੂੰ ਪ੍ਰਯਾਗ ’ਚ ਧੌਲੀ ਗੰਗਾ ਵਿੱਚ ਮਿਲ ਜਾਂਦੀ ਹੈ। -ਪੀਟੀਆਈ