For the best experience, open
https://m.punjabitribuneonline.com
on your mobile browser.
Advertisement

ਚਰਨ ਸਿੰਘ ਤੋਂ ਸ.ਸ. ਚਰਨ ਸਿੰਘ ਸ਼ਹੀਦ ਤੱਕ

12:17 PM Apr 14, 2024 IST
ਚਰਨ ਸਿੰਘ ਤੋਂ ਸ ਸ  ਚਰਨ ਸਿੰਘ ਸ਼ਹੀਦ ਤੱਕ
Advertisement

ਜਗਤਾਰ ਸਿੰਘ ਸੋਖੀ

ਚਰਨ ਸਿੰਘ ਦਾ ਜਨਮ 1891 ਈਸਵੀ ਨੂੰ ਪਿਤਾ ਸਰਦਾਰ ਸੂਬਾ ਸਿੰਘ ਅਤੇ ਮਾਤਾ ਬੀਬੀ ਸ਼ਿਵ ਕੌਰ ਜੀ ਦੇ ਘਰ ਕਟੜਾ ਘਨੱਈਆ, ਗਲੀ ਗ੍ਰੰਥੀਆਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਇਆ। ਉਨ੍ਹਾਂ ਦੇ ਦਾਦਾ ਜੀ ਦਾ ਨਾਮ ਭਾਈ ਕਿਸ਼ਨ ਸਿੰਘ ਸੀ। ਉਨ੍ਹਾਂ ਦੇ ਪਿਤਾ ਜੀ ਅਤੇ ਦਾਦਾ ਜੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪੁਰਾਤਨ ਖ਼ਾਨਦਾਨੀ ਗ੍ਰੰਥੀਆਂ ਵਿੱਚੋਂ ਸਨ। ਉਨ੍ਹਾਂ ਦੇ ਖ਼ਾਨਦਾਨ ਨੂੰ ਮਹਾਰਾਜਾ ਰਣਜੀਤ ਸਿੰਘ ਵੱਲੋਂ ਕੁਝ ਜਾਗੀਰ ਵੀ ਦਿੱਤੀ ਗਈ ਸੀ। ਚਰਨ ਸਿੰਘ ਦੇ ਦੋ ਭਰਾ ਸਰਦਾਰ ਪ੍ਰੀਤਮ ਸਿੰਘ ਤੇ ਸਰਦਾਰ ਹਜ਼ਾਰਾ ਸਿੰਘ ਸਨ।
ਚਰਨ ਸਿੰਘ ਦਾ ਬਚਪਨ ਧਾਰਮਿਕ ਮਾਹੌਲ ਵਿੱਚ ਬੀਤਿਆ। ਉਸ ਸਮੇਂ ਦੇ ਰੀਤੀ ਰਿਵਾਜਾਂ ਤੇ ਮਾਪਿਆਂ ਦੀ ਪਹੁੰਚ ਅਨੁਸਾਰ ਉਨ੍ਹਾਂ ਨੂੰ ਬਚਪਨ ਸਮੇਂ ਸਕੂਲ ਵਿੱਚ ਵਿੱਦਿਆ ਪੰਜਾਬੀ ਵਿੱਚ ਪੜ੍ਹਨ ਦਾ ਅਵਸਰ ਮਿਲਿਆ। ਬਚਪਨ ਵਿੱਚ ਚੇਚਕ ਹੋ ਜਾਣ ਕਾਰਨ ਉਨ੍ਹਾਂ ਦੇ ਚਿਹਰੇ ’ਤੇ ਮਾਤਾ ਦੇ ਛੋਟੇ ਛੋਟੇ ਦਾਗ਼ ਸਨ ਪਰ ਉਹ ਸੋਹਣੇ ਕੱਦ ਵਾਲੇ, ਚੇਤਨ ਬੁੱਧੀ ਦੇ ਮਾਲਕ ਖ਼ੂਬਸੂਰਤ ਜਵਾਨ ਸਨ।
ਉਨ੍ਹਾਂ ਨੇ ਅੱਠਵੀਂ ਜਮਾਤ ਸੰਤ ਸਿੰਘ ਸੁੱਖਾ ਸਿੰਘ ਮਿਡਲ ਸਕੂਲ ਤੋਂ ਕੀਤੀ ਅਤੇ ਨੌਵੀਂ ਹਿੰਦੂ ਸਭਾ ਸਕੂਲ ਤੋਂ ਕੀਤੀ। ਇਸੇ ਸਮੇਂ ਹੀ ਉਨ੍ਹਾਂ ਨੇ ਆਪਣੇ ਪਿਤਾ ਦੇ ਮਿੱਤਰ ਪੰਡਿਤ ਹਜ਼ਾਰਾ ਸਿੰਘ ਤੋਂ ਧਾਰਮਿਕ ਵਿਦਿਆ ਹਾਸਿਲ ਕੀਤੀ ਜੋ ਆਪਣੇ ਸਮੇਂ ਦੇ ਮਹਾਨ ਵਿਦਵਾਨ ਸਨ। ਭਾਈ ਵੀਰ ਸਿੰਘ ਦੇ ਪਿਤਾ ਡਾਕਟਰ ਚਰਨ ਸਿੰਘ, ਭਾਈ ਵੀਰ ਸਿੰਘ, ਧਨੀ ਰਾਮ ਚਾਤ੍ਰਿਕ ਅਤੇ ਚਰਨ ਸਿੰਘ ਸ਼ਹੀਦ ਦੇ ਵੱਡੇ ਭਰਾ ਨਰਾਇਣ ਸਿੰਘ ਨੇ ਵੀ ਉਨ੍ਹਾਂ ਤੋਂ ਹੀ ਵਿਦਿਆ ਪ੍ਰਾਪਤ ਕੀਤੀ ਸੀ। ਚਰਨ ਸਿੰਘ ਪੰਜਾਬੀ ਤੋਂ ਇਲਾਵਾ ਉਰਦੂ ਅਤੇ ਅੰਗਰੇਜ਼ੀ ਭਾਸ਼ਾ ਦੇ ਵੀ ਗਿਆਤਾ ਸਨ।
1906 ਵਿੱਚ 16 ਸਾਲਾਂ ਦੀ ਉਮਰ ਵਿੱਚ ਉਹ ਖ਼ਾਲਸਾ ਸਮਾਚਾਰ ਅਖ਼ਬਾਰ ਦੇ ਪਰੂਫ ਰੀਡਰ ਬਣ ਗਏ। ਇੱਥੇ ਭਾਈ ਵੀਰ ਸਿੰਘ ਅਤੇ ਲਾਲਾ ਧਨੀ ਰਾਮ ਚਾਤ੍ਰਿਕ ਦੀ ਸੰਗਤ ਵਿੱਚ ਉਨ੍ਹਾਂ ਦੀਆਂ ਸਾਹਿਤ ਰੁਚੀਆਂ ਪ੍ਰਫੁੱਲਿਤ ਹੋਣ ਲੱਗੀਆਂ। ਸੰਨ 1907 ਵਿੱਚ ਉਨ੍ਹਾਂ ਨੇ ਆਪਣਾ ਪਹਿਲਾ ਨਾਵਲ ‘ਸ਼ਾਮ ਸੁੰਦਰ ਸਿੰਘ’ ਲਿਖਿਆ। 1909 ਵਿੱਚ ਉਹ ਅਖ਼ਬਾਰ ਬੀਰ ਦੇ ਚੀਫ ਐਡੀਟਰ ਬਣ ਗਏ। 1920 ਵਿੱਚ 20 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਸ਼ਹੀਦ ਨਾਂ ਦਾ ਰੋਜ਼ਾਨਾ ਅਖ਼ਬਾਰ ਜਾਰੀ ਕੀਤਾ। ਇਸੇ ਸਾਲ ਹੀ ਉਨ੍ਹਾਂ ਨੇ ਦਲੇਰ ਕੌਰ ਨਾਂ ਦਾ ਇੱਕ ਨਾਵਲ ਵੀ ਲਿਖਿਆ। 1913 ਵਿੱਚ ਉਨ੍ਹਾਂ ਨੇ ਆਪਣਾ ਦੂਜਾ ਨਾਵਲ ਰਣਜੀਤ ਕੌਰ ਵੀ ਛਪਵਾ ਦਿੱਤਾ। ਇਸੇ ਸਮੇਂ ਹੀ ਸ੍ਰੀ ਹਰਿਮੰਦਰ ਸਾਹਿਬ ਲਈ ਡਿਪਟੀ ਕਮਿਸ਼ਨਰ ਵੱਲੋਂ ਪਾਣੀ ਬੰਦ ਕਰਨ ਦੇ ਵਿਰੋਧ ਵਿੱਚ ਅਤੇ ਆਰੀਆ ਸਮਾਜ ਦੇ ਵਿਰੁੱਧ ਦਲੇਰਾਨਾ ਅਤੇ ਜੋਸ਼ੀਲੇ ਲੇਖ ਛਾਪਣ ਕਾਰਨ ਅੰਗਰੇਜ਼ ਸਰਕਾਰ ਨੇ ਉਨ੍ਹਾਂ ਨੂੰ 4000 ਰੁਪਏ ਜੁਰਮਾਨਾ ਕਰ ਦਿੱਤਾ। ਅਜਿਹਾ ਹੋਣ ’ਤੇ ਇਸ ਪਿੱਛੋਂ ਅੰਮ੍ਰਿਤਸਰ ਦੇ ਕਿਸੇ ਵੀ ਛਾਪੇਖਾਨੇ ਉਨ੍ਹਾਂ ਦਾ ਅਖ਼ਬਾਰ ਛਾਪਣ ਦਾ ਹੌਸਲਾ ਨਾ ਕੀਤਾ। ਉਨ੍ਹਾਂ ਨੇ ਲਾਹੌਰ ਜਾ ਕੇ ਮੁੜ ਪਰਚਾ ਆਰੰਭ ਕਰ ਦਿੱਤਾ। ‘ਸ਼ਹੀਦ’ ਅਖ਼ਬਾਰ ਅੰਗਰੇਜ਼ਾਂ ਦੇ ਜ਼ੁਲਮਾਂ ਕਰਕੇ ਸ਼ਹੀਦ ਹੋ ਗਿਆ ਅਤੇ ਲੋਕਾਂ ਨੇ ਆਪ ਦੇ ਨਾਂ ਨਾਲ ਸ਼ਹੀਦ ਲਾ ਦਿੱਤਾ। ਇਉਂ ਉਨ੍ਹਾਂ ਨੇ ਆਪਣੇ ਨਾਮ ਨਾਲ ਆਪਣੇ ਪਿਤਾ ਸਰਦਾਰ ਸੂਬਾ ਸਿੰਘ ਦਾ ਨਾਂ ਜੋੜ ਕੇ ਸ.ਸ. ਚਰਨ ਸਿੰਘ ਸ਼ਹੀਦ ਲਿਖਣਾ ਸ਼ੁਰੂ ਕਰ ਦਿੱਤਾ।
1913 ਵਿੱਚ ਚਰਨ ਸਿੰਘ ਸ਼ਹੀਦ ਨੇ ਵਾਰਤਕ ਦੀ ਕਿਤਾਬ ‘ਕਾਲਾ ਦੇਗੀ ਦੀ ਲੁੱਟ’ ਲਿਖੀ। 1914 ਵਿੱਚ ‘ਜੀਵਨ ਜੁਗਤੀ’ ਨਾਂ ਦੀ ਪੁਸਤਕ ਲਿਖੀ। 1925 ਵਿੱਚ ਨਾਵਲ ‘ਜਗਤ ਤਮਾਸ਼ਾ’ ਤੇ ਪਿੱਛੋਂ ‘ਕੌਣ ਜਿੱਤਿਆ’ ਜਸੂਸੀ ਨਾਵਲ ਲਿਖਿਆ। 1914 ਵਿੱਚ ਉਨ੍ਹਾਂ ਨੂੰ ਨਾਭਾ ਦੇ ਰਾਜਾ ਨੇ ਸੱਦਾ ਭੇਜਿਆ। ਉੱਥੇ ਹੀ ਉਨ੍ਹਾਂ ਦਾ ਮੇਲ ਭਾਈ ਕਾਨ੍ਹ ਸਿੰਘ ਨਾਭਾ ਤੇ ਗਿਆਨੀ ਗਿਆਨ ਸਿੰਘ ਨਾਲ ਹੋਇਆ ਤੇ ਮਿੱਤਰਤਾ ਹੋ ਗਈ। ਉਹ ਅਕਾਲੀ ਲਹਿਰ ਦੇ ਹਮਦਰਦ ਸਨ ਪਰ ਮਾਸਟਰ ਤਾਰਾ ਸਿੰਘ ਦੇ ਕੱਟੜ ਵਿਰੋਧੀ ਸਨ। ਉਹ ਪਹਿਲੀ ਸ਼੍ਰੋਮਣੀ ਕਮੇਟੀ ਦੇ 35 ਨਾਮਜ਼ਦ ਮੈਂਬਰਾਂ ਵਿੱਚੋਂ ਇੱਕ ਸਨ ਅਤੇ ਉਸ ਦੇ ਸਕੱਤਰ ਸਨ। ਸੰਨ 1922 ਵਿੱਚ ਉਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਖ਼ਾਲਸਾ ਪ੍ਰੈਸ ਚਲਾਈ ਜਿਸ ਵਿੱਚ ਭਰਾਵਾਂ ਨੇ ਵੀ ਸਾਥ ਦਿੱਤਾ।
1923-24 ਵਿੱਚ ਉਨ੍ਹਾਂ ਨੇ ਰੇਲਵੇ ਸਟੇਸ਼ਨ ਨੇੜੇ ਇੱਕ ਸ਼ਾਹੀ ਠਾਠ ਬਾਠ ਵਾਲੀ ਕੋਠੀ ਵਿੱਚ ਵਸੇਬਾ ਕੀਤਾ ਅਤੇ ਇੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਫ਼ਰੀ ਬੀੜ ਛਾਪੀ। ਇੱਥੋਂ ਹੀ 1926 ਵਿੱਚ ਸੰਪਾਦਕ ਬਣ ਕੇ ‘ਮੌਜੀ’ ਅਖ਼ਬਾਰ ਕੱਢਿਆ। ਉਹ ਬੜੇ ਮਿਹਨਤੀ ਸਨ। ਉਨ੍ਹਾਂ ਦੇ ਮਨ ਵਿੱਚ ਪੰਜਾਬੀ ਭਾਸ਼ਾ ਤੇ ਪੰਜਾਬੀ ਸਾਹਿਤ ਲਈ ਇਸ਼ਕ ਸੀ। 1926 ਤੋਂ 1935 ਦੇ ਸਮੇਂ ਵਿੱਚ ਉਨ੍ਹਾਂ ਨੇ ਸੈਂਟਰਲ ਪੰਜਾਬੀ ਸਭਾ ਤੇ ਪੰਜਾਬੀ ਟਕਸਾਲ ਚਲਾਈ। ਪੰਜਾਬੀ ਕਾਨਫ਼ਰੰਸਾਂ ਤੇ ਕਵੀ ਦਰਬਾਰਾਂ ਦੀ ਲਹਿਰ ਚਲਾ ਦਿੱਤੀ। ਕਵੀ ਦਰਬਾਰਾਂ ’ਤੇ ਸੈਂਕੜੇ ਰੁਪਏ ਇਨਾਮ ਵਜੋਂ ਦਿੱਤੇ ਗਏ। ਪੰਜਾਬੀ ਕਾਨਫ਼ਰੰਸਾਂ ਵਿੱਚ ਲੋਕ ਟਿਕਟਾਂ ਲੈ ਕੇ ਭਾਗ ਲੈਣ ਲੱਗੇ। ਪੰਜਾਬੀ ਨਾਟਕ ਖੇਡੇ ਜਾਣ ਲੱਗੇ। ਇਸੇ ਸਮੇਂ ਹੀ ਉਨ੍ਹਾਂ ਨੇ ਅਨੇਕਾਂ ਪੁਸਤਕਾਂ ਸੰਕਲਿਤ ਕਰਕੇ ਛਪਵਾਈਆਂ ਜਿਵੇਂ- ਸੁਥਰੇ ਦੇ ਨਾਮ ਤੇ 1932 ਵਿੱਚ ਬਾਦਸ਼ਾਹ, ਫਿਰੋਜ਼ਦੀਨ ਸ਼ਰਫ ਦੀ ਧਾਰਮਿਕ ਕਵਿਤਾ, ਨੂਰੀ ਦਰਸ਼ਨ, ਚੁਟਕਲੇ ਇਤਿਹਾਸ ਵੰਨਗੀ ਦੀਆਂ ਕਿਤਾਬਾਂ, ਢਾਈ ਸੌ ਹੀਰੇ, ਜਗਤ ਤਮਾਸ਼ਾ, ਹਾਸੇ ਦੀ ਵਰਖਾ, ਨੂਰੀ ਦਰਸ਼ਨ, ਸਵਾਦ ਦੇ ਟੋਕਰੇ ਆਦਿ।
1928 ਵਿੱਚ ਉਨ੍ਹਾਂ ਨੇ ‘ਹੰਸ’ ਮਾਸਕ ਪੱਤਰ ਕੱਢਿਆ। 1933-34 ਵਿੱਚ ਕਰਤਾਰਪੁਰ ਵਾਲੀ ਬੀੜ ਸੋਧ ਕੇ ਛਾਪੀ। 1930 ਵਿੱਚ ਸ਼ੁੱਧ ਗੁਰਬਾਣੀ ਟਰੱਸਟ ਸਥਾਪਿਤ ਕੀਤਾ। 1935 ਦਾ ਕਵੀ ਦਰਬਾਰ ਸ਼ਿਮਲੇ ਹੋਇਆ ਜਿੱਥੇ 24 ਅਗਸਤ 1935 ਨੂੰ 44 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦਾ ਵੱਡਾ ਪਰਿਵਾਰ ਸੀ। ਉਨ੍ਹਾਂ ਦੀ ਪਤਨੀ ਬੀਬੀ ਦਿਲਜੀਤ ਕੌਰ ਮੁਸਲਿਮ ਘਰਾਣੇ ਦੀ ਜੰਮਪਲ ਸੀ ਪਰ ਪਿੱਛੋਂ ਸਿੰਘਣੀ ਸਜ ਗਏ। ਬੱਚੇ - ਜਗਜੀਤ ਕੌਰ, ਸਤਨਾਮ ਕੌਰ, ਦਿਲਦਾਰ ਕੌਰ, ਬਲਵੀਰ ਕੌਰ, ਜਗਤੇਸ਼ਵਰ ਸਿੰਘ, ਸਤਵੰਤ ਕੌਰ, ਕਿਸ਼ਨ ਸਿੰਘ, ਪ੍ਰਤਾਪ ਕੌਰ ਅਤੇ ਇੰਦਰਜੀਤ ਕੌਰ ਸਨ।
ਚਰਨ ਸਿੰਘ ਸ਼ਹੀਦ ਦੀਆਂ ਕੁਝ ਰਚਨਾਵਾਂ ਦਾ ਸੰਖੇਪ ਬਿਓਰਾ ਇਉਂ ਹੈ:
ਕਵਿਤਾ: ਬਾਦਸ਼ਾਹੀਆਂ, ਬੇਪਰਵਾਹੀਆਂ, ਸ਼ਹਿਨਸ਼ਾਹੀਆਂ, ਅਰਸ਼ੀ ਕਿੰਗਰੇ, ਰਾਜਸੀ ਹੁਲਾਰੇ, ਇਸ਼ਕ ਮੁਸ਼ਕ।
ਨਾਵਲ: ਸ਼ਾਮ ਸੁੰਦਰ, ਚੰਚਲ ਮੂਰਤੀ, ਦਲੇਰ ਕੌਰ, ਦੋ- ਵਹੁਟੀਆਂ, ਰਣਜੀਤ ਕੌਰ, ਜਗਤ ਤਮਾਸ਼ਾ, ਕੌਣ ਜਿੱਤਿਆ, ਜ਼ਬੇਲਾ, ਕਾਲਾ ਦੇਗੀ ਦੀ ਲੁੱਟ(ਕੁਝ ਹਿੱਸਾ), ਜੋਗਣ ਜਾਦੂਗਰਨੀ, ਖ਼ੂਨੀ ਹਾਰ, ਫੈਸ਼ਨਦਾਰ ਵਹੁਟੀ, ਮੇਮਾਂ ਦੇ ਦੁਖੜੇ।
ਕਹਾਣੀਆਂ: ਹੱਸਦੇ ਹੰਝੂ ,ਸ਼ਹੀਦ ਟਕੋਰਾਂ, ਹੋਰ ਸਵਾਦ ਦੇ ਟੋਕਰੇ, ਹਾਸੇ ਦੀ ਵਰਖਾ, ਦਿਲ ਪਰਚਾਵੇ, ਦਿਲ ਦੇ ਪੁਆੜੇ, ਢਾਈ ਸੌ ਹੀਰੇ, ਮੰਨੋ ਭਾਵੇਂ ਨਾ ਮੰਨੋ ਗ੍ਰਹਿਸਤ ਦੀ ਬੇੜੀ, ਅਖੁਟ ਖ਼ਜ਼ਾਨੇ ਦੀ ਚਾਬੀ, ਖ਼ੂਨੀ ਹਾਰ।
ਨੀਤੀ: ਭਰਥਰੀ ਨੀਤੀ, ਵਿਦੁਰ ਨੀਤੀ ਸੁਦਾਮਾ ਨੀਤੀ, ਕਨਫਿਊਸ਼ੀਅਸ ਨੀਤੀ, ਸਾਅਦੀ ਨੀਤੀ, ਗ੍ਰਹਿਸਤ ਦੀ ਬੇੜੀ।
ਜੀਵਨੀ: ਨੈਪੋਲੀਅਨ ਬੋਨਾਪਾਰਟ, ਪ੍ਰਤਾਪ ਉਦਯ ਟ੍ਰੈਕਟ, ਪੰਜਾਬ ਵਿਛੋੜਾ, ਕਲਗੀਧਰ ਕੌਤਕ ਆਦਿ।
ਇਸ ਤੋਂ ਇਲਾਵਾ ਉਨ੍ਹਾਂ ਨੇ ਅਨੇਕਾਂ ਹੀ ਟ੍ਰੈਕਟ ਅਤੇ ਹੋਰ ਪੁਸਤਕਾਂ ਲਿਖੀਆਂ।

Advertisement

ਸੰਪਰਕ: 94171-66386

Advertisement
Author Image

sukhwinder singh

View all posts

Advertisement
Advertisement
×