ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਧੜਿਆਂ ਦੀ ਥਾਂ ਸਰਬੱਤ ਦੇ ਭਲੇ ਲਈ ਲਿਖਦੇ ਰਹੇ ਪਾਤਰ: ਭੱਟੀ

08:12 AM Aug 19, 2024 IST
ਲੁਧਿਆਣਾ ਵਿੱਚ ਸੈਮੀਨਾਰ ਦੌਰਾਨ ਮੈਗਜ਼ੀਨ ਰਿਲੀਜ਼ ਕਰਦੇ ਹੋਏ ਲੇਖਕ।

ਸਤਵਿੰਦਰ ਬਸਰਾ
ਲੁਧਿਆਣਾ, 18 ਅਗਸਤ
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਪੰਜਾਬੀ ਭਵਨ ’ਚ ਡਾ. ਸੁਰਜੀਤ ਪਾਤਰ ਨੂੰ ਸਮਰਪਿਤ ‘ਸੁਰਜੀਤ ਪਾਤਰ: ਸ਼ਖ਼ਸੀਅਤ ਅਤੇ ਸਾਹਿਤ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਡਾ. ਸੁਰਜੀਤ ਸਿੰਘ ਭੱਟੀ ਨੇ ਕਿਹਾ ਕਿ ਇਹ ਸੋਗ ਤੇ ਜਸ਼ਨ ਦੀ ਘੜੀ ਨਹੀਂ ਸਗੋਂ ਚਿੰਤਨ ਦਾ ਵੇਲਾ ਹੈ। ਉਨ੍ਹਾਂ ਕਿਹਾ ਕਿ ਸੁਰਜੀਤ ਪਾਤਰ ਯੁੱਗ ਪੁਰਸ਼ ਸ਼ਾਇਰ ਹਨ। ਪਾਤਰ ਦੇ ਦੁਸ਼ਮਣ ਵੀ ਉਸ ਦੀ ਸੋਚ ਦਾ ਲੋਹਾ ਮੰਨਦੇ ਹਨ। ਉਹ ਧੜਿਆਂ ਦੀ ਥਾਂ ਸਰਬੱਤ ਦੇ ਭਲੇ ਲਈ ਲਿਖਦੇ ਰਹੇ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫ਼ੈਸਰ ਡਾ. ਸੁਰਜੀਤ ਸਿੰਘ ਨੇ ਆਪਣੇ ਖੋਜ-ਪੱਤਰ ਵਿੱਚ ਕਿਹਾ ਕਿ ਡਾ. ਸੁਰਜੀਤ ਪਾਤਰ ਇਕ ਸ਼ਖ਼ਸੀਅਤ ਨਹੀਂ ਵਰਤਾਰਾ ਹੈ। ਪਾਤਰ ਆਪਣੇ ਯੁੱਗ ਦੇ ਵਿਰਲੇ ਨਹੀਂ ਇਕੋ-ਇਕ ਸ਼ਾਇਰ ਨੇ ਜਿਨ੍ਹਾਂ ਨੂੰ ਸਭ ਤੋਂ ਵੱਧ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਤੇ ਉਨ੍ਹਾਂ ਆਪਣੀਆਂ ਰਚਨਾਵਾਂ ਰਾਹੀਂ ਜਵਾਬ ਦਿੱਤੇ। ਡਾ. ਜਗਵਿੰਦਰ ਜੋਧਾ ਨੇ ਆਪਣੇ ਖੋਜ ਪੱਤਰ ‘ਸੁਰਜੀਤ ਪਾਤਰ ਦੀ ਵਾਰਤਕ: ਵਿਚਾਰ ਤੇ ਵਿਧਾਨ’ ਦੌਰਾਨ ਡਾ. ਸੁਰਜੀਤ ਪਾਤਰ ਨੂੰ ਵਾਰਤਕ ਲਿਖਣ ਦੀ ਲੋੜ ਕਿਉਂ ਪਈ, ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸ਼ਾਇਰ ਨੂੰ ਆਪਣੇ ਆਪ ਨੂੰ ਸਮਝਣ ਲਈ ਵਾਰਤਕ ਇੱਕ ਮਾਧਿਅਮ ਹੈ। ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਡਾ. ਸੁਰਜੀਤ ਪਾਤਰ ਦੇ ਭਰਾ ਉਪਕਾਰ ਸਿੰਘ ਪਾਤਰ ਨੇ ਕਿਹਾ ਕਿ ਉਹ ਮਾਣ ਮਹਿਸੂਸ ਕਰ ਰਹੇ ਹਨ ਕਿ ਉਨ੍ਹਾਂ ਦੇ ਵੱਡੇ ਭਰਾ ਨੂੰ ਇਸ ਤਰ੍ਹਾਂ ਯਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਪਾਤਰ ਦੇ ਮਕਬੂਲ ਸ਼ਿਅਰ ‘ਦੂਰ ਅਜੇ ਹੋਰ ਹਨੇਰਾ ਹੈ...’ ਤਰੰਨੁਮ ’ਚ ਪੇਸ਼ ਕਰ ਕੇ ਪਾਤਰ ਦਾ ਭੁਲੇਖਾ ਪਾ ਦਿੱਤਾ। ਇਸ ਦੌਰਾਨ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਦੋਸ਼ਾਲਾ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਤਿੰਨੋਂ ਵਿਦਵਾਨਾਂ ਦੇ ਪਰਚੇ ਪਾਤਰ ਸਾਹਿਬ ਦੀ ਸ਼ਖ਼ਸੀਅਤ ਨਾਲ ਇਨਸਾਫ਼ ਕਰਦੇ ਹਨ। ਇਸ ਦੌਰਾਨ ਡਾ. ਗੁਲਜ਼ਾਰ ਸਿੰਘ ਪੰਧੇਰ ਵਲੋਂ ਸੰਪਾਦਿਤ ‘ਸਮਾਨਾਂਤਰ ਨਜ਼ਰੀਆ’ ਦਾ ਨੌਵਾਂ ਅੰਕ ਜੁਲਾਈ, ਅਗਸਤ, ਸਤੰਬਰ ਲੋਕ ਅਰਪਣ ਕੀਤਾ ਗਿਆ।
ਸਮਾਗਮ ਦੇ ਦੂਜੇ ਸੈਸ਼ਨ ’ਚ ਡਾ. ਦੇਵਿੰਦਰ ਸੈਫ਼ੀ ਨੇ ‘ਪਾਤਰ ਕਾਵਿ: ਤਣਾਅ ਅਤੇ ਬੋਧ’ ਪੇਪਰ ਪੇਸ਼ ਕਰਦਿਆਂ ਕਿਹਾ ਕਿ ਪਾਤਰ ਕਾਵਿ ਸਮਾਜ ਤੇ ਰਾਜਨੀਤੀ ਦੇ ਤਣਾਅ ਦੀ ਬਾਤ ਪਾਉਂਦਾ ਹੈ। ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਧੰਨਵਾਦ ਕੀਤਾ। ਇਸ ਸੈਮੀਨਾਰ ਦੇ ਪ੍ਰਬੰਧਕ ਡਾ. ਗੁਰਇਕਬਾਲ ਸਿੰਘ ਨੇ ਮੰਚ ਦਾ ਸੰਚਾਲਨ ਕੀਤਾ। ਸੈਮੀਨਾਰ ਮੌਕੇ ਡਾ. ਸੁਰਜੀਤ ਪਾਤਰ ਦੀਆਂ ਕਵਿਤਾਵਾਂ ’ਤੇ ਆਧਾਰਿਤ ਨਾਟਕ ‘ਭਾਸ਼ਾ ਵਹਿੰਦਾ ਦਰਿਆ’ ਖੇਡਿਆ ਗਿਆ। ਸੈਮੀਨਾਰ ਵਿਚ ਦੋ ਸੌ ਤੋਂ ਵੱਧ ਵਿਦਵਾਨ ਸ਼ਾਮਲ ਹੋਏ। ਇਸ ਮੌਕੇ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਜ਼ਫ਼ਰ, ਆਰਟ ਕੌਂਸਲ ਦੇ ਚੇਅਰਮੈਨ ਸਵਰਨਜੀਤ ਸਵੀ, ਪ੍ਰੋ. ਰਾਵਿੰਦਰ ਸਿੰਘ ਭੱਠਲ, ਤ੍ਰੈਲੋਚਨ ਲੋਚੀ, ਡਾ. ਹਰਵਿੰਦਰ ਸਿੰਘ ਸਿਰਸਾ, ਸੁਵਰਨ ਸਿੰਘ ਵਿਰਕ, ਡਾ. ਨਿਰਮਲ ਜੌੜਾ, ਸਰਦਾਰ ਪੰਛੀ, ਡਾ. ਸੰਤੋਖ ਸਿੰਘ ਸੁੱਖੀ ਤੇ ਅਮਰੀਕ ਸਿੰਘ ਤਲਵੰਡੀ ਆਦਿ ਸ਼ਾਮਲ ਸਨ।

Advertisement

Advertisement