ਚੰਨੀ ਨੇ ਦਲ ਬਦਲੂਆਂ ਨੂੰ ਬਣਾਇਆ ਮੁੱਖ ਮੁੱਦਾ
ਪਾਲ ਸਿੰਘ ਨੌਲੀ
ਜਲੰਧਰ, 23 ਅਪਰੈਲ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਆਪਣਾ ਚੋਣ ਪ੍ਰਚਾਰ ਇੱਥੋਂ ਥੋੜ੍ਹੀ ਦੂਰ ਪਿੰਡ ਤੱਲਣ ਤੋਂ ਮੱਥਾ ਟੇਕ ਕੇ ਕੀਤਾ। ਪਿਛਲੇ ਕਈ ਦਿਨਾਂ ਤੋਂ ਚਰਨਜੀਤ ਸਿੰਘ ਚੰਨੀ ਨੇ ਆਪਣੀ ਮੁਹਿੰਮ ਵਿੱਚ ਤੇਜ਼ੀ ਲਿਆਂਦੀ ਹੋਈ ਹੈ ਤੇ ਉਹ ਰੋਜਾਨਾ 12 ਤੋਂ ਵੱਧ ਚੋਣ ਮੀਟਿੰਗਾਂ ਕਰ ਰਹੇ ਹਨ। ਕਾਂਗਰਸੀ ਉਮੀਦਵਾਰ ਚੰਨੀ ਨੇ ਆਪਣਾ ਚੋਣ ਪ੍ਰਚਾਰ ਸਾਰਿਆਂ ਤੋਂ ਹਟ ਕੇ ਤੇ ਨਿਵੇਕਲਾ ਵੀ ਬਣਾਇਆ ਹੋਇਆ ਹੈ।
ਚਰਨਜੀਤ ਸਿੰਘ ਚੰਨੀ ਪਿੰਡਾਂ ਵਿੱਚ ਕੀਤੀਆਂ ਜਾਣ ਵਾਲੀਆਂ ਮੀਟਿੰਗ ਵਿੱਚ ਬਿਨ੍ਹਾਂ ਕੋਈ ਰਸਮ ਨਿਭਾਇਆ ਸਿੱਧਾ ਲੋਕਾਂ ਨੂੰ ਮਿਲਦੇ ਹਨ ਤੇ ਖਾਸ ਕਰਕੇ ਬਜ਼ੁਰਗ ਔਰਤਾਂ ਕੋਲੋਂ ਪਿਆਰ ਲੈਂਦੇ ਹਨ। ਚੋਣ ਪ੍ਰਚਾਰ ਦੌਰਾਨ ਚੰਨੀ ਨੇ ਸਭ ਤੋਂ ਵੱਧ ਤਿੱਖੇ ਹਮਲੇ ਦਲਬਦਲੂਆਂ `ਤੇ ਕੀਤੇ। ਉਨ੍ਹਾਂ ਕਿਹਾ ਕਿ ਜਲੰਧਰ ਵਿਚ ਦਲ ਬਦਲੀ ਲੀਡਰਾਂ ਨੇ ਪੰਜਾਬ ਦੇ ਸੱਭਿਆਚਾਰ ਨੂੰ ਗੰਧਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਲੋਕਾਂ ਇਨ੍ਹਾਂ ਦਲ ਬਦਲੂਆਂ ਨੂੰ ਮੂੰਹ ਨਹੀਂ ਲਗਾਉਣਗੇ। ਉਹਨਾਂ ਕਿਹਾ ਕਿ ਕੁੱਝ ਰਾਜਨੀਤਕ ਨੇਤਾਵਾਂ ਦਾ ਕਿਰਦਾਰ ਇਸ ਕਦਰ ਹੋ ਗਿਆ ਹੈ ਕਿ ਉਹ ਦਿਨ `ਚ ਤਿੰਨ-ਤਿੰਨ ਵਾਰ ਮੁੱਲ ਵਿਕਦੇ ਹਨ।