For the best experience, open
https://m.punjabitribuneonline.com
on your mobile browser.
Advertisement

ਨੌਜਵਾਨਾਂ ਦਾ ਸਿੱਖਿਆ ਪ੍ਰਤੀ ਬਦਲਦਾ ਨਜ਼ਰੀਆ

07:41 AM Aug 31, 2023 IST
ਨੌਜਵਾਨਾਂ ਦਾ ਸਿੱਖਿਆ ਪ੍ਰਤੀ ਬਦਲਦਾ ਨਜ਼ਰੀਆ
Advertisement

ਡਾ. ਰਵਿੰਦਰ ਸਿੰਘ

ਮਹਾਤਮਾ ਜੋਤੀਬਾ ਫੂਲੇ ਦਾ ਕਥਨ ਹੈ ਕਿ ‘ਸਿੱਖਿਆ ਉਸ ਨੂੰ ਕਹਿੰਦੇ ਹਨ ਜਿਹੜੀ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਹਿਣ ਦੀ ਸਮਰੱਥਾ ਨੂੰ ਵਿਕਸਿਤ ਕਰਦੀ ਹੈ’। ਇਸ ਦੇ ਦੂਸਰੇ ਅਰਥ ਇਹ ਕੀਤੇ ਜਾ ਸਕਦੇ ਹਨ ਕਿ ਇਹ ਤੁਹਾਨੂੰ ਅਨਿਆਂ ਵਿਰੁੱਧ ਖੜ੍ਹੇ ਹੋਣ ਦੀ ਸ਼ਕਤੀ ਦਿੰਦੀ ਹੈ। ਉਹ ਸਿੱਖਿਆ, ਸਿੱਖਿਆ ਨਹੀਂ ਜਿਹੜੀ ਤੁਹਾਡੇ ਅੰਦਰ ਹੌਸਲਾ, ਤਰਕ ਸ਼ਕਤੀ ਤੇ ਸੰਵੇਦਨਾ ਪੈਦਾ ਨਹੀਂ ਕਰਦੀ। ਇਹ ਉਹ ਹਥਿਆਰ ਹੈ ਜਿਹੜਾ ਤੁਹਾਨੂੰ ਹਰ ਮੁਸ਼ਕਿਲ ਮੂਹਰੇ ਖੜ੍ਹਨ, ਲੜਨ, ਜਿੱਤਣ ਅਤੇ ਜਿਉਣ ਦੇ ਕਾਬਿਲ ਬਣਾਉਂਦਾ ਹੈ। ਅਨਪੜ੍ਹ ਦੇ ਮੁਕਾਬਲੇ ਪੜ੍ਹੇ-ਲਿਖੇ ਆਦਮੀ ਦੇ ਵਿਚਾਰ ਅਤੇ ਵਿਹਾਰ ਵਿੱਚ ਭਾਰੀ ਫ਼ਰਕ ਹੁੰਦਾ ਹੈ। ਅਨਪੜ੍ਹ ਵਿਅਕਤੀ ਸਿਆਣਾ ਹੋ ਸਕਦਾ ਹੈ ਪਰ ਸਮਾਜ ਦੇ ਹਾਣ ਦਾ ਅਕਸਰ ਨਹੀਂ ਹੁੰਦਾ। ਉਸਦੇ ਭੋਲੇਪਣ ਤੇ ਅਨਪੜ੍ਹਤਾ ਕਾਰਨ ਉਸਦੀ ਸਿਆਣਪ ਕਿਸੇ ਕੰਮ ਨਹੀਂ ਆਉਂਦੀ।
ਦੇਸ਼ ਦਾ ਚੰਗਾ ਵਿਕਾਸ, ਸਿਹਤ ਅਤੇ ਸਮਾਜਿਕ ਵਿਵਸਥਾ ਸਿੱਖਿਆ ਦੇ ਚੰਗੇ ਪਾਸਾਰ ‘ਤੇ ਨਿਰਭਰ ਕਰਦੇ ਹਨ। ਪੜ੍ਹਾਈ ਦਾ ਅਰਥ ਜ਼ਿੰਦਗੀ ਸਿੱਖਣਾ ਹੈ। ਜ਼ਿੰਦਗੀ ਸਿੱਖਣਾ, ਨਿਆਂ ਕਰਨਾ ਹੈ। ਨਿਆਂ ਕਰਨ ਦਾ ਭਾਵ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਵੱਲ ਜਾਣਾ ਹੈ। ਜੇ ਕੋਈ ਸਮਾਜ ਭ੍ਰਿਸ਼ਟ ਹੈ ਤਾਂ ਇਸਦਾ ਮਤਲਬ ਹੈ ਉਹ ਸਿੱਖਿਅਤ ਨਹੀਂ ਹੈ। ਉਸਦੇ ਸਿੱਖਿਅਕ ਢਾਂਚੇ ਵਿੱਚ ਵੱਡੀ ਦਿੱਕਤ ਹੈ। ਜੇ ਉਸ ਵਿੱਚ ਸੁਧਾਈ ਨਾ ਕੀਤੀ ਜਾਵੇ ਤਾਂ ਇਹ ਅਣਗਿਣਤ ਸਮੱਸਿਆਵਾਂ ਦੀ ਜਨਮਦਾਤੀ ਬਣ ਜਾਂਦੀ ਹੈ। ਬੇਰੁਜ਼ਗਾਰੀ ਸਭ ਤੋਂ ਭਖਦਾ ਮੁੱਦਾ ਬਣਦੀ ਹੈ। ਦੂਸਰੇ ਪਾਸੇ ਸਿੱਖਿਅਕ ਢਾਂਚਾ ਸਹੀ ਹੈ ਤਾਂ ਸਿੱਖਿਆ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਅਦਾ ਕਰਦਾ ਹੈ। ਦੇਸ਼ ਨੂੰ ਮੰਦੇਹਾਲ ਵਿੱਚੋਂ ਸਿੱਖਿਅਤ ਲੋਕ ਹੀ ਕੱਢਦੇ ਹਨ। ਇਹ ਸਮਾਜਿਕ ਕ੍ਰਾਂਤੀ ਦੀ ਮਸ਼ਾਲ ਬਣਦੇ ਹਨ।
ਸਿੱਖਿਆ ਦੀ ਸਮਾਜ ਵਿੱਚ ਇੰਨੀ ਮਹੱਤਵਪੂਰਨ ਭੂਮਿਕਾ ਹੋਣ ਦੇ ਬਾਵਜੂਦ ਅੱਜ ਦੇ ਸਮੇਂ ਸਾਡੇ ਦੇਸ਼ ਵਿੱਚ ਸਿੱਖਿਆ ਪ੍ਰਤੀ ਬਿਲਕੁਲ ਇਸ ਦੇ ਉਲਟ ਧਾਰਨਾਵਾਂ ਪ੍ਰਚਲਿਤ ਹੋ ਗਈਆਂ ਹਨ। ਅਕਸਰ ਸੁਣਨ ਨੂੰ ਮਿਲਦਾ ਹੈ, ਪੜ੍ਹਨ ਦਾ ਕੀ ਫਾਇਦਾ ਹੈ। ਕੋਈ ਕੰਮ ਸਿੱਖੋ ਤੇ ਰੋਟੀ ਜੋਗੇ ਹੋਵੋ ਜਾਂ ਪੜ੍ਹ-ਲਿਖ ਕੇ ਕੀ ਹੋਣਾ ਬਾਰ੍ਹਵੀਂ ਕਰੋ ਤੇ ਕੈਨੇਡਾ ਜਾਓ। ਇਨ੍ਹਾਂ ਪ੍ਰਵਚਨਾਂ ਨੂੰ ਅੱਜਕੱਲ ਸਿਰਫ਼ ਸਧਾਰਨ ਲੋਕ ਹੀ ਨਹੀਂ ਸਗੋਂ ਬਹੁਤ ਸਾਰੇ ਪੜ੍ਹੇ-ਲਿਖੇ ਲੋਕ, ਮਾਸਟਰ ਤੇ ਪ੍ਰੋਫ਼ੈਸਰ ਤੱਕ ਬੋਲਦੇ ਹਨ।
ਸਾਡੇ ਸਿੱਖਿਆ ਅਦਾਰੇ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੇ ਸਟੱਡੀ ਗੈਪ ਨੂੰ ਭਰਨ ਦਾ ਇੱਕ ਸਾਧਨ ਬਣਦੇ ਜਾ ਰਹੇ ਹਨ। ਅਧਿਆਪਕਾਂ ਨੂੰ ਆਪਣੀਆਂ ਨੌਕਰੀਆਂ ਤੱਕ ਮਤਲਬ ਹੈ। ਉਹ ਹਰ ਹੀਲੇ ਆਪਣੇ ਖਾਤੇ ਵਿੱਚ ਤਨਖ਼ਾਹ ਪੈਂਦੀ ਰੱਖਣੀ ਚਾਹੁੰਦੇ ਹਨ। ਸਰਵੇ ਕੀਤਾ ਜਾਵੇ ਤਾਂ ਇਹ ਤੱਥ ਸਾਹਮਣੇ ਆਵੇਗਾ ਕਿ ਸਰਕਾਰੀ ਸਿੱਖਿਆ ਅਦਾਰਿਆਂ ਵਿੱਚ ਪੜ੍ਹਾ ਰਹੇ ਨੱਬੇ ਤੋਂ ਪਚਾਨਵੇਂ ਪ੍ਰਤੀਸ਼ਤ ਅਧਿਆਪਕਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹ ਰਹੇ ਹੋਣਗੇ ਅਤੇ ਜਵਾਨ ਬੱਚਿਆਂ ਵਿੱਚੋਂ ਇਸੇ ਅਨੁਪਾਤ ਵਿੱਚ ਹੀ ਵਿਦੇਸ਼ ਵਿੱਚ ਸੈੱਟ ਕਰ ਦਿੱਤੇ ਗਏ ਹੋਣਗੇ ਜਾਂ ਜਾਣ ਦੀ ਤਿਆਰੀ ਵਿੱਚ ਹੋਣਗੇ। ਇਸ ਦਾ ਮਾਰੂ ਅਸਰ ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ‘ਤੇ ਸਾਫ਼ ਦਿਖਾਈ ਦਿੰਦਾ ਹੈ।
ਸਿੱਖਿਆ ਪ੍ਰਤੀ ਅਜਿਹੀ ਪਹੁੰਚ ਦਾ ਸਾਫ਼ ਅਰਥ ਇਹ ਹੈ ਕਿ ਪੜ੍ਹਨ ਨੂੰ ਸਿਰਫ਼ ਸਰਕਾਰੀ ਨੌਕਰੀ ਪ੍ਰਾਪਤ ਕਰਨ ਦਾ ਜ਼ਰੀਆ ਸਮਝਿਆ ਜਾਂਦਾ ਹੈ। ਸਰਕਾਰੀ ਨੌਕਰੀ ਤੋਂ ਭਾਵ ਜਿੱਥੇ ਤਨਖਾਹ ਵੱਧ ਤੋਂ ਵੱਧ ਮਿਲੇ ਅਤੇ ਕੰਮ ਕਰਨ ਦੀ ਕੋਈ ਜ਼ਿੰਮੇਵਾਰੀ ਨਾ ਹੋਵੇ। ਪੂੰਜੀਵਾਦ ਆਪਣੇ ਸਿਖਰ ਵੱਲ ਵਧਿਆ ਹੈ। ਦੇਸ਼ ਵਿੱਚ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਹੋਈਆਂ ਹਨ। ਸਰਕਾਰੀ ਅਦਾਰਿਆਂ ਦਾ ਭੋਗ ਪੈਣਾ ਸ਼ੁਰੂ ਹੋ ਗਿਆ ਹੈ। ਨੌਕਰੀਆਂ ਖ਼ਤਮ ਹੋਣ ਲੱਗੀਆਂ। ਲੋਕ ਸੁੱਤੇ ਰਹੇ ਅਤੇ ਪ੍ਰਵਚਨ ਉਸਾਰ ਦਿੱਤਾ ਗਿਆ, ਪੜ੍ਹਾਈ ਦਾ ਕੋਈ ਲਾਭ ਨਹੀਂ। ਲੋਕਾਂ ਨੇ ਮੰਨ ਲਿਆ। ਹਾਲਤ ਨਿਰੰਤਰ ਵਿਗੜ ਰਹੀ ਹੈ ਪਰ ਇਸਦਾ ਮਤਲਬ ਇਹ ਨਹੀਂ ਕਿ ਇਹ ਸੁਧਾਰੀ ਨਹੀਂ ਜਾ ਸਕਦੀ।
ਪੂੰਜੀਵਾਦੀ ਹੱਲੇ ਦਾ ਮੁਕਾਬਲਾ ਕਿਸੇ ਚੰਗੇ ਕਲਿਆਣਵਾਦੀ ਨਜ਼ਰੀਏ ਨਾਲ ਹੀ ਕੀਤਾ ਜਾ ਸਕਦਾ ਸੀ। ਉਹ ਉਸਾਰਿਆ ਹੀ ਨਹੀਂ ਗਿਆ। ਜੋ ਉਸਾਰਿਆ ਗਿਆ ਸੀ ਉਸ ’ਤੇ ਅਮਲ ਨਹੀਂ ਕੀਤਾ ਗਿਆ। ਰਿਗਵੇਦ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੱਕ ਦੀ ਬੌਧਿਕ ਪੂੰਜੀ ਤੋਂ ਅਸੀਂ ਕੋਈ ਲਾਹਾ ਨਹੀਂ ਲੈ ਸਕੇ। ਨੌਜਵਾਨਾਂ ਦੀ ਪਹਿਲੀ ਪਸੰਦ ਜਾਇਜ਼ ਜਾਂ ਨਜਾਇਜ਼ ਢੰਗ ਨਾਲ ਵਿਦੇਸ਼ਾਂ ਵੱਲ ਉਡਾਰੀ ਮਾਰ ਜਾਣਾ ਹੀ ਬਣ ਗਿਆ। ਵੱਡੀ ਗਿਣਤੀ ਨੌਜਵਾਨ ਮੁੰਡੇ-ਕੁੜੀਆਂ ਦਾ ਸਿੱਖਿਆ ਪ੍ਰਤੀ ਨਜ਼ਰੀਆ ਨਾਂਹਮੁੱਖੀ ਬਣਾ ਦਿੱਤਾ ਗਿਆ ਹੈ।
ਇਸ ਵਿੱਚ ਕੋਈ ਸੰਦੇਹ ਨਹੀਂ ਕਿ ਸਾਡੇ ਦੇਸ਼ ਦੀ ਸਮਾਜਿਕ, ਆਰਥਿਕ ਤੇ ਰਾਜਨੀਤਕ ਹਾਲਤ ਦਿਨ-ਪ੍ਰਤੀ-ਦਿਨ ਗਿਰਦੀ ਜਾ ਰਹੀ ਹੈ। ਉਪਰਲੇ ਵਰਗ ਨੂੰ ਛੱਡ ਕੇ ਹਰ ਵਰਗ ਦੀ ਘਸਾਈ ਹੋ ਰਹੀ ਹੈ। ਕੋਈ ਵੀ ਸੌਖਾ ਨਹੀਂ ਹੈ ਪਰੰਤੂ ਸਵਾਲ ਹੈ ਕਿ, ਕੀ ਲੋਕ ਇਸ ਤਰ੍ਹਾਂ ਅਸਲ ਸਮੱਸਿਆ ਤੋਂ ਭੱਜ ਕੇ ਬਚ ਸਕਦੇ ਹਨ, ਸਿੱਖਿਆ ਪ੍ਰਤੀ ਇਸ ਤਰ੍ਹਾਂ ਦਾ ਨਜ਼ਰੀਆ ਅਪਣਾ ਕੇ ਦੇਸ਼ ਜਾਂ ਕਿਸੇ ਕੌਮ ਨੂੰ ਅਜਿਹੇ ਸੰਕਟ ਵਿੱਚੋਂ ਕੱਢਿਆ ਜਾ ਸਕਦਾ ਹੈ। ਵਿਦੇਸ਼ਾਂ ਵੱਲ ਜਾ ਕੇ ਅਸੀਂ ਆਪਣੇ ਬੌਧਿਕ ਅਤੇ ਸੰਸਕ੍ਰਿਤਕ ਨੁਕਸਾਨ ਦੀ ਭਰਪਾਈ ਕਰ ਲਵਾਂਗੇ, ਆਪਣੀ ਹੋਂਦ ਅਤੇ ਪਛਾਣ ਨੂੰ ਬਚਾਈ ਰੱਖ ਸਕਾਂਗੇ। ਕੀ ਉੱਥੋਂ ਦਾ ਜੀਵਨ-ਦ੍ਰਿਸ਼ਟੀਕੋਣ ਸਚਮੁੱਚ ਸਾਡੇ ਜੀਵਨ-ਦ੍ਰਿਸ਼ਟੀਕੋਣ ਨਾਲੋਂ ਚੰਗਾ ਹੈ। ਕੀ ਅਸੀਂ ਆਪਣੇ ਦੇਸ਼ ਦੇ ਹਾਲਾਤ ਨੂੰ ਬਦਲਣ ਵਿੱਚ ਨਾਕਾਮ ਹਾਂ ਜਾਂ ਅਸੀਂ ਆਪਣੀ ਹਰ ਇੱਕ ਜ਼ਿੰਮੇਵਾਰੀ ਤੋਂ ਭੱਜ ਰਹੇ ਹਾਂ। ਇਸ ਸਭ ਕਾਸੇ ਤੋਂ ਬਚਣ ਲਈ ਸਿੱਖਿਆ ਪ੍ਰਤੀ ਸਹੀ ਨਜ਼ਰੀਆ ਅਪਣਾਉਣ ਦੀ ਲੋੜ ਹੈ। ਇਸ ਵਿਰੁੱਧ ਉਸਾਰੇ ਜਾ ਰਹੇ ਗਲਤ ਪ੍ਰਵਚਨ ਦੇ ਮੁਕਾਬਲੇ ਸਹੀ ਪ੍ਰਵਚਨ ਉਸਾਰਨ ਦੀ ਦੀ ਲੋੜ ਹੈ। ਸਿੱਖਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਸੰਪਰਕ: 99887-22785

Advertisement

Advertisement
Author Image

sukhwinder singh

View all posts

Advertisement
Advertisement
×