For the best experience, open
https://m.punjabitribuneonline.com
on your mobile browser.
Advertisement

ਤਬਦੀਲੀ

06:12 AM Apr 10, 2024 IST
ਤਬਦੀਲੀ
Advertisement

ਕਮਲਜੀਤ ਸਿੰਘ ਬਨਵੈਤ

Advertisement

ਬੱਚਿਆਂ ਨੂੰ ਆਪਣੇ ਛੋਟੇ ਹੁੰਦਿਆਂ ਦੇ ਕੀਤੇ ਸੰਘਰਸ਼ ਦੀਆਂ ਕਹਾਣੀਆਂ ਸੁਣਾਉਣ ਤੋਂ ਕਦੇ ਝਿਜਕ ਮਹਿਸੂਸ ਨਹੀਂ ਕੀਤੀ। ਬੱਚਿਆਂ ਦੇ ਦਾਦੇ ਦੇ ਔਖੇ ਦਿਨਾਂ ਦੀਆਂ ਗੱਲਾਂ ਵੀ ਮੈਂ ਅਕਸਰ ਸੁਣਾ ਦਿੰਦਾ ਹਾਂ। ਪੜਦਾਦੇ ਦੇ ਜੀਵਨ ਦੀਆਂ ਗੱਲਾਂ ਉਨ੍ਹਾਂ ਦੇ ਬਹੁਤੀਆਂ ਸਮਝ ਨਹੀਂ ਪੈਂਦੀਆਂ। ਬਚਪਨ ਦੀਆਂ ਤੰਗੀਆਂ ਤੁਰਸ਼ੀਆਂ ਮੇਰੇ ਭਾਸ਼ਣਾਂ ਵਿੱਚ ਹੀ ਨਹੀਂ, ਬੱਚਿਆਂ ਨਾਲ ਗਾਹੇ-ਬਗਾਹੇ ਕੀਤੀਆਂ ਗੱਲਾਂ ਵਿੱਚ ਵੀ ਸ਼ਾਮਿਲ ਹੁੰਦੀਆਂ। ਕਦੇ ਮਿੱਤਰਾਂ ਸੱਜਣਾ ਜਾਂ ਨਾਲ ਕੰਮ ਕਰਦੇ ਕਰਮੀਆਂ ਨਾਲ ਗੱਲਾਂ ਤੁਰ ਪੈਣ ਤਾਂ ਮੈਂ ਸੱਚੋ-ਸੱਚ ਸਾਂਝਾ ਕਰ ਲੈਂਦਾ ਹਾਂ; ਮਤਲਬ, ਗਰੀਬੀ ਨੇ ਸਾਨੂੰ ਬੁਰੀ ਤਰ੍ਹਾਂ ਝੰਜੋੜਿਆ ਹੋਇਆ ਸੀ। ਉਪਜਾਊ ਜ਼ਮੀਨ ਵਿੱਚ ਸੇਮ ਪੈ ਗਈ ਤਾਂ ਦੋ ਡੰਗ ਦੀ ਰੋਟੀ ਤੋਂ ਵੀ ਔਖੇ ਹੋ ਗਏ ਸਾਂ।
ਬੀਏ ਤੱਕ ਮੈਨੂੰ ਪਤਲੂਣ ਨਸੀਬ ਨਹੀਂ ਸੀ ਹੋਈ। ਬੇਬੇ ਪ੍ਰਾਇਮਰੀ ਤੱਕ ਤਾਂ ਸਰ੍ਹਾਣੇ ਦੇ ਫਟੇ ਹੋਏ ਗਿਲਾਫ ਦਾ ਝੋਲਾ ਮੁੜ ਤੋਂ ਸਿਉਂ ਕੇ ਦੇ ਦਿੰਦੀ ਰਹੀ ਸੀ। ਇਹ ਕਦੇ ਲੁਕਾਉਣ ਵਾਲੀਆਂ ਗੱਲਾਂ ਨਹੀਂ ਲੱਗੀਆਂ। ਜੇ ਪ੍ਰਾਇਮਰੀ ਸਕੂਲ ਤੋਂ ਲੈ ਕੇ ਡਿਗਰੀ ਕਾਲਜ ਤੱਕ ਫੀਸ ਭਰਨ ਵੇਲੇ ਕਈ ਘਰਾਂ ਦਾ ਬੂਹਾ ਖੜਕਾਉਣਾ ਪਿਆ ਤਾਂ ਇਹ ਦੱਸਣ ਵਿੱਚ ਕਦੇ ਸ਼ਰਮਿੰਦਗੀ ਮਹਿਸੂਸ ਨਹੀਂ ਕੀਤੀ। ਬੀਏ ਦੇ ਆਖਿ਼ਰੀ ਸਾਲ ਦੀ ਇਮਤਿਹਾਨ ਫੀਸ ਭਰਨ ਲਈ ਮੈਨੂੰ ਸ਼ਹਿਰ ਦੀ ਮੰਡੀ ਵਿੱਚ ਪਿਆਜ ਦਾ ਗੱਟੂ ਵੇਚਣਾ ਪਿਆ ਸੀ। ਪਿੰਡ ਉੜਾਪੜ ਤੋਂ ਸਿੱਖ ਨੈਸ਼ਨਲ ਕਾਲਜ ਬੰਗਾ ਤੱਕ ਪਿਆਜ ਦਾ ਬੋਰਾ ਆਪਣੇ ਸਾਈਕਲ ਦੇ ਕਰੀਅਰ ਉੱਤੇ ਰੱਖ ਕੇ ਲੈ ਗਿਆ। ਇਹ ਸਾਰਾ ਕੁਝ ਲੁਕਾਉਣ ਦੀ ਥਾਂ ਫਖਰ ਨਾਲ ਦੱਸਦਾ ਹਾਂ। ਸੋਚਦਾ ਹਾਂ, ਉਹ ਬੰਦਾ ਕਾਹਦਾ ਜਿਹੜਾ ਆਪਣੀ ਔਕਾਤ ਅਤੇ ਪਰਿਵਾਰ ਨੂੰ ਭੁੱਲ ਜਾਵੇ!
ਕਣਕ ਗਾਹੁਣ ਵੇਲੇ ਜਦੋਂ ਫਲ੍ਹੇ ਪਾਏ ਹੁੰਦੇ ਤਾਂ ਅਸੀਂ ਚਾਈਂ-ਚਾਈਂ ਬਲਦ ਹੱਕਦੇ। ਜਦੋਂ ਬਲਦਾਂ ਨੇ ਗੋਹਾ ਕਰਨਾ ਤਾਂ ਅਸੀਂ ਦੋਹਾਂ ਹੱਥਾਂ ਦਾ ਬੁੱਕ ਹੇਠਾਂ ਕਰ ਦੇਣਾ ਕਿ ਕਿਧਰੇ ਦਾਣੇ ਖਰਾਬ ਨਾ ਹੋ ਜਾਣ! ਸੱਚੀ ਕੋਸੇ-ਕੋਸੇ ਗੋਹੇ ਦਾ ਅਹਿਸਾਸ ਅਜੇ ਤੱਕ ਮਹਿਸੂਸ ਹੁੰਦਾ ਹੈ।
ਜਦੋਂ ਪਹਿਲੀ ਵਾਰ ਇਹ ਗੱਲ ਆਪਣੇ ਪੁੱਤਰ ਅਤੇ ਧੀ ਨੂੰ ਸੁਣਾਈ ਤਾਂ ਪੁੱਤਰ ਚੁੱਪ ਰਿਹਾ ਪਰ ਧੀ ਨੱਕ ਬੁੱਲ੍ਹ ਚੜ੍ਹਾਉਣ ਲੱਗੀ। ਚੰਡੀਗੜ੍ਹ ਦੇ ਕਾਨਵੈਂਟ ਸਕੂਲਾਂ ਵਿੱਚ ਪੜ੍ਹਦੇ ਬੱਚੇ ਇਹ ਕਲਪਨਾ ਵੀ ਨਹੀਂ ਕਰ ਸਕਦੇ ਜੋ ਅਸੀਂ ਛੋਟੇ ਹੁੰਦਿਆਂ ਖੇਤਾਂ ਵਿੱਚ ਕੰਮ ਕਰਨ ਵੇਲੇ ਆਪਣੇ ਪਿੰਡੇ ’ਤੇ ਹੰਢਾਇਆ। ਫਿਰ ਵੀ ਬੱਚਿਆਂ ਨਾਲ ਸਾਰਾ ਕੁਝ ਵਾਰ-ਵਾਰ ਸਾਂਝਾ ਕਰ ਲੈਂਦਾ ਹਾਂ ਤਾਂ ਕਿ ਉਹ ਜੜ੍ਹਾਂ ਨਾਲ ਜੁੜੇ ਰਹਿਣ। ਉਨ੍ਹਾਂ ਨੂੰ ਇਹ ਵੀ ਪਤਾ ਰਹੇ ਕਿ ਸਾਡੀ ਔਕਾਤ ਕੀ ਹੈ!
ਧੀ ਵਿਆਹ ਤੋਂ ਬਾਅਦ ਆਪਣੇ ਸਹੁਰੇ ਘਰ ਚਲੀ ਗਈ। ਪੁੱਤਰ ਦੀ ਵਹੁਟੀ ਬੜੇ ਨਖਰੇ ਵਾਲੀ ਹੈ। ਚੰਡੀਗੜ੍ਹ ਦੀ ਜੰਮੀ ਪਲੀ ਹੋਣ ਕਰ ਕੇ ਪਿੰਡਾਂ ਦੀਆਂ ਬਹੁਤੀਆਂ ਗੱਲਾਂ ਉਹਦੇ ਸਮਝ ਹੀ ਨਹੀਂ ਪੈਂਦੀਆਂ। ਰਤਾ ਕੁ ਲਿਫ ਕੇ ਘਰ ਚਲਾਉਣਾ ਜਾਂ ਰਿਸ਼ਤੇ ਨਿਭਾਉਣਾ ਉਹਦੇ ਸ਼ਬਦ ਕੋਸ਼ ਵਿੱਚ ਸ਼ਾਮਿਲ ਹੀ ਨਹੀਂ; ਉਹ ਤਾਂ ਸਗੋਂ ਸਾਡੇ ਪੁੱਤਰ ਨੂੰ ਵੀ ਕਹਿ ਦਿੰਦੀ ਹੈ ਕਿ ਇੱਕ ਦੇ ਬਦਲੇ ਦੋ ਸੁਣਾ ਦਿਆ ਕਰੇ। ਉਂਝ, ਪੁੱਤਰ ’ਤੇ ਉਹਦੀਆਂ ਗੱਲਾਂ ਦਾ ਕੋਈ ਅਸਰ ਨਹੀਂ।
ਸਾਡੇ ਘਰ ਪੋਤੀ ਨੇ ਜਨਮ ਲਿਆ ਤਾਂ ਉਹਨੇ ਪਹਿਲੇ ਹੀ ਦਿਨ ਆਪਣੀ ਮਨਮਰਜ਼ੀ ਨਾਲ ਪਾਲਣ ਪੋਸ਼ਣ ਦਾ ਐਲਾਨ ਕਰ ਦਿੱਤਾ। ਉਹਨੂੰ ਲੱਗਿਆ ਹੋਵੇਗਾ ਕਿ ਬੱਚੀ ਸਾਡੇ ਪੇਂਡੂਪੁਣੇ ਅਤੇ ਸਾਦਗੀ ਤੋਂ ਦੂਰ ਹੀ ਰਹੇ ਤਾਂ ਚੰਗਾ। ਬੱਚੀ ਥੋੜ੍ਹੀ ਬਹੁਤ ਸੁਰਤ ਸੰਭਾਲਣ ਲੱਗੀ ਤਾਂ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਕਿ ਸਕੂਲ ਜਾਂ ਪਾਰਕ ਵਿੱਚ ਜੇ ਕੋਈ ਬੱਚਾ ਹੱਥ ਚੁੱਕੇ ਤਾਂ ਉਸ ਦੇ ਦੋ ਜੜਨ ਵਿੱਚ ਦੇਰ ਨਹੀਂ ਕਰਨੀ। ਉਹਨੇ ਬੱਚੀ ਦੇ ਦਿਮਾਗ ਵਿੱਚ ਘੋਲ ਕੇ ਹੀ ਪਾ ਦਿੱਤਾ ਕਿ ਘਰਦੇ ਹੋਣ ਜਾਂ ਬਾਹਰਲੇ, ‘ਆਪਣੀ ਬਾਡੀ ਆਪਣਾ ਰੂਲ’ ਦੇ ਹਿਸਾਬ ਨਾਲ ਚੱਲਣਾ ਹੈ। ਜੇ ਅਸੀਂ ਕਦੇ ਟੋਕਣਾ ਵੀ ਚਾਹਿਆ ਤਾਂ ਉਹ ਭੜਕ ਪੈਂਦੀ ਕਿ ਹੁਣ ਸਮਾਂ ਪਹਿਲਾਂ ਵਾਲਾ ਨਹੀਂ ਰਿਹਾ, ਤਬਦੀਲੀ ਜ਼ਰੂਰੀ ਹੈ।
ਸਾਡਾ ਮੀਆਂ ਬੀਵੀ ਦਾ ਕਦੇ ਪੋਤੀ ਨਾਲ ਜਿ਼ਆਦਾ ਹੀ ਮੋਹ ਉੱਛਲ ਪਵੇ ਤੇ ਉਹਨੂੰ ਘੁੱਟ ਕੇ ਛਾਤੀ ਨਾਲ ਲਾਉਣ ਦੀ ਤੜਫ ਪਵੇ ਤਾਂ ਬੱਚੀ ਝੱਟ ‘ਮੇਰੀ ਬਾਡੀ ਮੇਰਾ ਰੂਲ’ ਕਹਿ ਕੇ ਪਰ੍ਹੇ ਭੱਜ ਜਾਂਦੀ ਹੈ। ਥੋੜ੍ਹੀ ਹੋਰ ਵੱਡੀ ਹੋਈ ਤਾਂ ਮਾਂ ਨਾਲੋਂ ਵੀ ਵੱਧ ਮਨਮਰਜ਼ੀ ਦੀ ਮਾਲਕ ਨਿਕਲੀ। ਸਕੂਲ ਜਾਣ ਤੋਂ ਬਾਅਦ ਉਹਨੇ ਉਹ ਫਾਰਮੂਲਾ ਫਿਰ ਆਪਣੀ ਮਾਂ ’ਤੇ ਵੀ ਲਾਗੂ ਦਿੱਤਾ। ਜਦੋਂ ਉਹਦਾ ਆਪਣਾ ਰੌਂਅ ਨਾ ਹੋਵੇ ਤਾਂ ਉਹ ਆਪਣੀ ਮਾਂ ਅਤੇ ਬਾਪ ਨੂੰ ਵੀ ਘੁੱਟ ਕੇ ਨਾਲ ਲਾਉਣ ਤੋਂ ਵਰਜ ਦਿੰਦੀ ਹੈ।
ਹੁਣ ਮਾਂ ਜਦੋਂ ਬੱਚੀ ਨੂੰ ਟੋਕਦੀ ਹੈ ਤਾਂ ਉਹ ਇੱਕ ਦੇ ਬਦਲੇ ਦੋ ਸੁਣਾਉਣ ਲੱਗੀ ਹੈ। ਮਾਂ ਜੇ ਕਦੇ ਉਸ ਨੂੰ ਆਪਣਾ ਬੈੱਡ ਜਾਂ ਸਟੱਡੀ ਟੇਬਲ ਸਾਫ ਕਰਨ ਲਈ ਕਹਿੰਦੀ ਹੈ ਤਾਂ ਉਹ ਅੱਗਿਓਂ ਉਹਨੂੰ ਹੀ ਆਪਣੇ ਬੈੱਡਰੂਮ ਵੱਲ ਨਿਗ੍ਹਾ ਮਾਰਨ ਦੀ ਨਸੀਹਤ ਦੇਣ ਲੱਗ ਪੈਂਦੀ ਹੈ। ਮਾਂ ਕਦੇ ਬੱਚੀ ਨੂੰ ਫੈਸ਼ਨ ਬਾਰੇ ਵਰਜ ਦੇਵੇ ਤਾਂ ਇੱਕ ਦੀਆਂ ਚਾਰ ਸੁਣਨੀਆਂ ਪੈਂਦੀਆਂ। ਇੱਕ ਦਿਨ ਉਹਨੇ ਕਹਿਣਾ ਨਾ ਮੰਨਿਆ ਤਾਂ ਮਾਂ ਨੇ
ਥੱਪੜ ਜੜ ਦਿੱਤਾ। ਬੱਚੀ ਨੇ ਮਾਂ ਨੂੰ ਧੱਕਾ ਦੇ ਕੇ ਪਰ੍ਹਾਂ ਕਰ ਦਿੱਤਾ ਅਤੇ ਬੈੱਡ ’ਚੋਂ ਬਾਹਰ ਨਿਕਲ ਗਈ। ਅਸੀਂ ਹੱਕੇ ਬੱਕੇ ਰਹਿ ਗਏ ਪਰ ਮੂੰਹ ਤੋਂ ਬੋਲੇ ਕੁਝ ਨਾ ਪਰ ਸਾਡੇ ਪੁੱਤਰ ਤੋਂ ਰਿਹਾ ਨਾ ਗਿਆ; ਉਹ ਕਹਿ ਰਿਹਾ ਸੀ: ਸਮੇਂ ਨਾਲ ਤਬਦੀਲੀ ਜ਼ਰੂਰੀ ਹੈ!
ਪਹਿਲਾਂ ਤਾਂ ਨੂੰਹ ਨੇ ਕੁਝ ਕਹਿਣ ਲਈ ਮੂੰਹ ਖੋਲ੍ਹਿਆ, ਫਿਰ ਰੋਂਦੀ-ਰੋਂਦੀ ਰਸੋਈ ਵੱਲ ਹੋ ਤੁਰੀ। ਫਿਰ ਉਨ੍ਹੀਂ ਪੈਰੀਂ ਪਰਤ ਆਈ ਅਤੇ ਬੱਚੀ ਨੂੰ ਗੋਦ ਵਿੱਚ ਪਾ ਕੇ ਸਮਝਾਉਣ ਲੱਗੀ, “ਬੇਟੇ ਜੋ ਮਾਮਾ ਪਾਪਾ ਕਹਿਤੇ ਹੈਂ, ਉਹ ਔਰੋਂ ਪੇ ਲਾਗੂ ਹੋਤਾ ਹੈ। ਮਾਮਾ ਪਾਪਾ ਤੋਂ ਬੇਟੀ ਕੋ ਆਪਨੀ ਜਾਨ ਸੇ ਵੀ ਪਿਆਰਾ ਰੱਖਤੇ ਹੈਂ। ਅਗਰ ਆਪ ਮਾਮਾ ਪਾਪਾ ਸੇ ਐਸੇ ਕਰੋਗੇ ਤੋ ਆਪ ਕੋ ਚੌਕਲੇਟ ਕਹਾਂ ਸੇ ਮਿਲੇਂਗੇ।”
ਸਾਡੀਆਂ ਅੱਖਾਂ ਵਿੱਚੋਂ ਸਵਾਲ ਸਾਫ ਪੜ੍ਹੇ ਜਾ ਸਕਦੇ ਸਨ ਪਰ ਮੈਂ “ਬੇਟੇ, ਦਾਦੂ ਦਾਦੀ ਪੇ ਭੀ ‘ਮਾਈ ਬਾਡੀ ਮਾਈ ਰੂਲ’ ਲਾਗੂ ਨਹੀਂ ਹੋਤਾ” ਕਹਿੰਦਿਆਂ ਮੂੰਹ ਘੁੱਟ ਲਿਆ; ਮਤੇ ਤਬਦੀਲੀ ਸਾਡੇ ਮੂਹਰੇ ਨਾ ਆਣ ਖੜ੍ਹੇ!
ਸੰਪਰਕ: 98147-34035

Advertisement
Author Image

joginder kumar

View all posts

Advertisement
Advertisement
×