ਚੰਦੂਮਾਜਰਾ ਨੇ ਚੋਣ ਪ੍ਰਬੰਧਾਂ ’ਤੇ ਸਰਕਾਰ ਨੂੰ ਘੇਰਿਆ
ਸਰਬਜੀਤ ਸਿੰਘ ਭੰਗੂ
ਪਟਿਆਲਾ, 28 ਸਤੰਬਰ
ਸ਼੍ਰੋਮਣੀ ਅਕਾਲੀ ਸੁਧਾਰ ਲਹਿਰ ਦੇ ਪ੍ਰੀਜੀਡੀਅਮ ਮੈਂਬਰ ਅਤੇ ਹਲਕਾ ਸਨੌਰ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪੰਚਾਇਤੀ ਚੋਣਾਂ ਦੇ ਪ੍ਰਬੰਧ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਨਾਮਜ਼ਦਗੀ ਪੱਤਰ ਭਰਨ ਦਾ ਕੰਮ ਸ਼ੁਰੂ ਹੋ ਗਿਆ ਹੈ ਪਰ ਬਲਾਕਾਂ ਵਿਚ ਨਾ ਤਾਂ ਵੋਟਰ ਸੂਚੀਆਂ ਹਨ ਤੇ ਨਾ ਹੀ ਚੁੱਲ੍ਹਾ ਟੈਕਸ ਕੱਟਣ ਲਈ ਰਸੀਦ ਕਾਪੀਆਂ। ਬਲਾਕ ਅਫਸਰ ਖੁਦ ਸਟੇਸ਼ਨਰੀ ਦਾ ਪ੍ਰਬੰਧ ਕਰਨ ’ਚ ਜੁਟੇ ਹੋਏ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਪ੍ਰਬੰਧ ਸੋਮਵਾਰ ਤੱਕ ਹੋਵੇਗਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਫੇਰ ਨਾਮਜ਼ਦਗੀ ਪੱਤਰ ਕਿਸ ਤਰ੍ਹਾਂ ਭਰੇ ਜਾਣਗੇ ਜਿਸ ਦਾ ਜਵਾਬ ਸਰਕਾਰ ਦੇ ਕੋਲ ਨਹੀਂ ਹੈ। ਇਸ ਹਿਸਾਬ ਸਰਕਾਰ ਪ੍ਰਸ਼ਾਸਨਿਕ ਤੌਰ ’ਤੇ ਫੇਲ੍ਹ ਹੈ ਅਤੇ ਸਰਕਾਰ ਨੇ ਇਨ੍ਹਾਂ ਚੋਣਾਂ ਨੂੰ ਇੱਕ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਸਰਕਾਰ ਵਿਚ ਪੰਚਾਇਤੀ ਚੋਣਾਂ ਕਰਵਾਉਣ ਦੀ ਸਮਰੱਥਾ ਹੀ ਨਜ਼ਰ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਨੇ ਚੋਣਾਂ ਦਾ ਐਲਾਨ ਕਰ ਦਿੱਤਾ ਹੋਵੇ ਅਤੇ ਵੋਟਰ ਲਿਸਟਾਂ ਅਜੇ ਤੱਕ ਨਾ ਛਪੀਆਂ ਹੋਣ ਤਾਂ ਇਸ ਤੋਂ ਵੱਡੀ ਨਾਲਾਇਕੀ ਕੋੋਈ ਨਹੀਂ ਹੋ ਸਕਦੀ। ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਵੱਲੋਂ ਪੰਚਾਇਤੀ ਚੋਣਾਂ ’ਚ ਵੱਡੀਆਂ ਧਾਂਦਲੀਆਂ ਕਰਵਾਉਣ ਦੀ ਤਿਆਰੀ ਹੋ ਰਹੀ ਹੈ। ਪਹਿਲਾਂ ਰਾਖਵੇਂਕਰਨ ਦੀ ਵਾਗਡੋਰ ਸਿੱਧੇ ਤੌਰ ’ਤੇ ਵਿਧਾਇਕਾਂ ਦੇ ਹੱਥ ਵਿਚ ਸੌਂਪ ਦਿੱਤੀ ਗਈ ਅਤੇ ਹੁਣ ਵੋਟਰ ਸੂਚੀਆਂ ਨਾ ਆਉਣਾ ਵੀ ਇੱਕ ਧਾਂਦਲੀ ਵੱਲ ਇਸ਼ਾਰਾ ਕਰ ਰਿਹਾ ਹੈ। ਇਸ ਮੌਕੇ ਪ੍ਰੇਮ ਸਿੰਘ ਚੰਦੂਮਾਜਰਾ ਦੇ ਸਿਆਸੀ ਸਕੱਤਰ ਜਗਜੀਤ ਸਿੰਘ ਕੋਹਲੀ, ਰਣਧੀਰ ਸਿੰਘ ਰੱਖੜਾ, ਨੌਜਵਾਨ ਆਗੂ ਜਤਿੰਦਰ ਸਿੰਘ ਪਹਾੜੀਪੁਰ, ਸਤਨਾਮ ਸੱਤਾ ਤੇ ਵਰਿੰਦਰ ਡਕਾਲਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।