ਚੰਦਰਯਾਨ-3 ਮਿਸ਼ਨ ਦੀ ਪੁੱਠੀ ਗਿਣਤੀ ਸ਼ੁਰੂ; ਅੱਜ ਕੀਤਾ ਜਾਵੇਗਾ ਲਾਂਚ
ਸ੍ਰੀਹਰੀਕੋਟਾ: ਚੰਦਰਯਾਨ-3 ਮਿਸ਼ਨ ਦੀ ਲਾਂਚਿੰਗ ਲਈ 25.30 ਘੰਟਿਆਂ ਦੀ ਪੁੱਠੀ ਗਿਣਤੀ ਅੱਜ ਤੋਂ ਇਥੇ ਸ਼ੁਰੂ ਹੋ ਗਈ ਹੈ। ਭਾਰਤੀ ਪੁਲਾੜ ਖੋਜ ਸੰਗਠਨ ਮੁਤਾਬਕ ਭਲਕੇ ਲਾਂਚ ਕੀਤੇ ਜਾਣ ਵਾਲੇ ਚੰਦਰਯਾਨ ਰਾਹੀਂ ਵਿਗਿਆਨੀਆਂ ਨੇ ਚੰਦਰਮਾ ਦੀ ਸਤਹਿ ’ਤੇ ਕਦਮ ਰੱਖਣ ਦਾ ਟੀਚਾ ਰੱਖਿਆ ਹੈ। ਜੇਕਰ ਇਹ ਮਿਸ਼ਨ ਸਫ਼ਲ ਹੋ ਗਿਆ ਤਾਂ ਭਾਰਤ ਉਨ੍ਹਾਂ ਕੁਝ ਖਾਸ ਮੁਲਕਾਂ ਦੀ ਸ਼੍ਰੇਣੀ ’ਚ ਸ਼ਾਮਲ ਹੋ ਜਾਵੇਗਾ ਜਨਿ੍ਹਾਂ ਇਹ ਪ੍ਰਾਪਤੀ ਹਾਸਲ ਕੀਤੀ ਹੈ। ਅਮਰੀਕਾ, ਚੀਨ ਅਤੇ ਸਾਬਕਾ ਸੋਵੀਅਤ ਯੂਨੀਅਨ ਦੇ ਮਿਸ਼ਨ ਪਹਿਲਾਂ ਹੀ ਚੱਲ ਰਹੇ ਹਨ। ਪੁਲਾੜ ’ਚ ਭਾਰੀ ਵਜ਼ਨ ਲਿਜਾਣ ਦੇ ਕਾਬਿਲ ‘ਫੈਟ ਬੁਆਏ’ ਵਜੋਂ ਜਾਣਿਆ ਜਾਂਦਾ ਰਾਕੇਟ ਐੱਲਵੀਐੱਮ3-ਐੱਮ4 ਸ਼ੁੱਕਰਵਾਰ ਨੂੰ ਚੰਦਰਯਾਨ-3 ਨੂੰ ਲੈ ਕੇ ਜਾਵੇਗਾ। ਚੰਦਰਯਾਨ-2 ਮਿਸ਼ਨ ਦੌਰਾਨ ਆਖਰੀ ਪਲਾਂ ’ਚ ਲੈਂਡਰ ‘ਵਿਕਰਮ’ ਰਾਹ ਤੋਂ ਭਟਕਣ ਕਾਰਨ ਸਾਫ਼ਟ ਲੈਂਡਿੰਗ ਕਰਨ ’ਚ ਨਾਕਾਮ ਰਿਹਾ ਸੀ। ਪੁਲਾੜ ਏਜੰਸੀ ਨੇ ਕਿਹਾ ਕਿ ਚੰਦਰਯਾਨ-3 ਪ੍ਰੋਗਰਾਮ ਤਹਿਤ ਇਸਰੋ ਆਪਣੇ ਚੰਦਰਮਾ ਮਾਡਿਊਲ ਦੀ ਸਹਾਇਤਾ ਨਾਲ ਸਾਫ਼ਟ ਲੈਂਡਿੰਗ ਕਰਕੇ ਚੰਦਰਮਾ ਦੀ ਸਤਹਿ ’ਤੇ ਰੋਵਰ ਦੇ ਘੁੰਮਣ ਦਾ ਪ੍ਰਦਰਸ਼ਨ ਕਰਕੇ ਨਵੀਆਂ ਹੱਦਾਂ ਪਾਰ ਕਰਨ ਜਾ ਰਿਹਾ ਹੈ। -ਪੀਟੀਆਈ