ਚੰਦਰਯਾਨ-3: ਕੀ ਚੰਨ ਸੱਚਮੁੱਚ ਸਲੇਟੀ ਰੰਗ ਦਾ ਹੈ?
ਡਾ. ਸੁਰਿੰਦਰ ਕੁਮਾਰ ਜਿੰਦਲ
ਭਾਰਤੀ ਮਿਸ਼ਨ ਚੰਦਰਯਾਨ-3 ਦੇ ਵਿਕਰਮ ਨਾਮਕ ਲੈਂਡਰ ਅਤੇ ਪ੍ਰਗਿਆਨ ਨਾਮਕ ਰੋਵਰ ਦੁਆਰਾ ਲਈਆਂ ਬਹੁਤੀਆਂ ਫੋਟੋਆਂ ਵਿਚ ਚੰਨ ਮੱਧਮ ਅਤੇ ਸਲੇਟੀ ਦਿਖਾਈ ਦਿੱਤਾ। ਕੀ ਚੰਨ ਅਸਲ ’ਚ ਇੱਦਾਂ ਦਾ ਹੀ ਹੈ ਜਾਂ ਤਸਵੀਰਾਂ ਹੀ ਅਜਿਹੀਆਂ ਸਨ? ਜੋ ਵੀ ਹੈ, ਅਜਿਹਾ ਕਿਉਂ ਹੈ? ਆਓ ਸਮਝਣ ਦੀ ਕੋਸ਼ਿਸ਼ ਕਰੀਏ।
ਅਸਲ ਵਿਚ ਵਿਕਰਮ ਅਤੇ ਪ੍ਰਗਿਆਨ ’ਤੇ ਕਈ ਕੈਮਰੇ ਫਿੱਟ ਹਨ। ਵਿਕਰਮ ਦੇ ਕੈਮਰੇ ਸਨ- ਪ੍ਰਾਇਮਰੀ ਅਤੇ ਰਿਡੰਡੈਂਸੀ (ਮੂਲ ਅਤੇ ਮੁਸੀਬਤ ’ਚ ਕੰਮ ਆਉਣ ਲਈ ਵਾਧੂ ਪ੍ਰਬੰਧ) ਲੈਂਡਰ ਹੈਜ਼ਰਡ ਡਿਟੈਕਸ਼ਨ ਐਂਡ ਅਵੋਆਇਡੈਂਸ ਕੈਮਰੇ (LHDAC), ਲੈਂਡਰ ਪੁਜ਼ੀਸ਼ਨ ਡਿਟੈਕਸ਼ਨ ਕੈਮਰਾ (LPDC), ਲੈਂਡਰ ਹੌਰੀਜ਼ੌਂਟਲ ਵਿਲੌਸਿਟੀ ਕੈਮਰਾ (LHVC) ਅਤੇ ਚਾਰ ਲੈਂਡਰ ਇਮੇਜਿੰਗ (LI 1-4) ਕੈਮਰੇ। ਇਸ ਤੋਂ ਬਿਨਾ ਪ੍ਰਗਿਆਨ ਰੋਵਰ ਦੇ ਅਗਲੇ ਪਾਸੇ (ਗੱਡੀ ਦੀਆਂ ਲਾਈਟਾਂ ਵਾਂਗ) ਦੋ ਕੈਮਰੇ (ਨੇਵਕੈਮ) ਵੀ ਫਿੱਟ ਹਨ। ਚਾਰ ਲੈਂਡਰ ਇਮੇਜਿੰਗ ਕੈਮਰਿਆਂ ਨੂੰ ਛੱਡ ਕੇ ਬਾਕੀ ਸਾਰੇ ਮੋਨੋਕ੍ਰੋਮ (ਕਾਲੇ, ਚਿੱਟੇ ਤੇ ਸਲੇਟੀ ਰੰਗ ਵਾਲੀਆਂ) ਫੋਟੋਆਂ ਖਿੱਚਦੇ ਹਨ। ਮੁੱਖ ਤੌਰ ’ਤੇ ਇਸ ਕਾਰਨ ਫੋਟੋਆਂ ਵਿਚ ਚੰਨ ਮੱਧਮ ਅਤੇ ਸਲੇਟੀ ਜਿਹਾ ਦਿਖਾਈ ਦਿੱਤਾ।
ਹੁਣ ਗੱਲ ਕਰਦੇ ਹਾਂ ਕਿ ਇਸਰੋ ਨੇ ਨੇਵੀਗੇਸ਼ਨ ਲਈ ਮੋਨੋਕ੍ਰੋਮ ਕੈਮਰਿਆਂ ਦੀ ਚੋਣ ਹੀ ਕਿਉਂ ਕੀਤੀ?
ਇਸ ਦਾ ਕਾਰਨ ਸਮਝਣ ਲਈ ਆਉ ਦੇਖੀਏ ਕਿ ਲੈਂਡਰ ਹੈਜ਼ਰਡ ਡਿਟੈਕਸ਼ਨ ਐਂਡ ਅਵੋਆਇਡੈਂਸ ਕੈਮਰਾ (LHDAC) ਕਵਿੇਂ ਕੰਮ ਕਰਦਾ ਹੈ। ਖ਼ਤਰਨਾਕ ਟੋਇਆਂ ਤੇ ਚਟਾਨਾਂ ਅਤੇ ਤਿਲਕਣ ਭਰਪੂਰ ਢਲਾਣਾਂ ਦੀ ਪਛਾਣ ਕਰਨ ਲਈ ਇਹ ਕੈਮਰਾ ਏਆਈ ਐਲਗੋਰਿਦਮ (ਬਨਾਉਟੀ ਬੌਧਿਕਤਾ ’ਤੇ ਅਧਾਰਿਤ ਮੁਕੰਮਲ ਹਦਾਇਤਨਾਮਾ) ਦੀ ਵਰਤੋਂ ਕਰ ਕੇ ਤਸਵੀਰ ਤਿਆਰ ਕਰਦਾ ਹੈ ਅਤੇ ਉਸ ਅੰਦਰੋਂ ਜਾਣਕਾਰੀ ਕੱਢਦਾ ਹੈ। LHDAC ਦਾ ਏਆਈ ਐਲਗੋਰਿਦਮ ਮੋਬਾਈਲ ਫੋਨ ਵਾਲੀ ‘ਫੇਸ ਅਨਲਾਕ ਐਪ’ ਵਾਂਗ ਹੀ ਕੰਮ ਕਰਦਾ ਹੈ।
ਹੋਰ ਸਮਝਣ ਲਈ ਆਓ ਜਾਣੀਏ ਕਿ ਇਹ ਮੋਬਾਈਲ ਐਪ ਕਵਿੇਂ ਕੰਮ ਕਰਦੀ ਹੈ? ਜਦੋਂ ਅਸੀਂ ਪਹਿਲੀ ਵਾਰ ਐਪ ਨੂੰ ਚਲਾਉਂਦੇ ਹਾਂ ਤਾਂ ਇਹ ਸਾਡੀ ਸੈਲਫੀ ਮੰਗਦੀ ਹੈ। ਫਿਰ ਇਸ ਤਸਵੀਰ ਨੂੰ ਡਿਜੀਟਲ ਰੂਪ ਦਿੱਤਾ ਜਾਂਦਾ ਹੈ। ਇਸ ਤਸਵੀਰ ਦਾ ਹਰ ਪਿਕਸਲ ਸਾਡੇ ਚਿਹਰੇ ਦੇ ਕਿਸੇ ਖਾਸ ਬਿੰਦੂ ਨਾਲ ਮੇਲ ਖਾਂਦਾ ਹੈ। ਪਿਕਸਲਾਂ ਦੇ ਇਸ ਸਮੂਹ ਤੋਂ ਚਿਹਰੇ ਦੀਆਂ ਵੱਖ ਵੱਖ ਨਿਸ਼ਾਨੀਆਂ ਦੀ ਪਛਾਣ ਕੀਤੀ ਜਾਂਦੀ ਹੈ ਜਵਿੇਂ ਬਾਹਰ ਵੱਲ ਵਧਿਆ ਹੋਇਆ ਨੱਕ, ਅੰਦਰ ਨੂੰ ਧਸੀਆਂ ਅੱਖਾਂ ਆਦਿ। ਚਿਹਰੇ ਦੀਆਂ ਇਹਨਾਂ ਵਿਸ਼ੇਸ਼ਤਾਵਾਂ (ਉਚਾਈਆਂ ਡੂੰਘਾਈਆਂ) ਨਿਰਧਾਰਿਤ ਕਰਨ ਵਾਲੇ ਹਰ ਬਿੰਦੂ ਨੂੰ ਨੋਡਲ ਪੁਆਇੰਟ ਕਿਹਾ ਜਾਂਦਾ ਹੈ। ਐਪ ਚਿਹਰੇ ਦੇ ਇਹਨਾਂ ਖਾਸ ਬਿੰਦੂਆਂ ਦੀ ਵਰਤੋਂ ਕਰ ਕੇ ‘ਫੇਸ ਆਈਡੀ’ ਬਣਾਉਂਦੀ ਹੈ। ਅਗਲੀ ਵਾਰ ਜਦੋਂ ਅਸੀਂ ਮੋਬਾਈਲ ਕੈਮਰੇ ਨੂੰ ਆਪਣਾ ਚਿਹਰਾ ਦਿਖਾਉਂਦੇ ਹਾਂ ਤਾਂ ਐਪ ਇਸ ‘ਫੇਸ ਆਈਡੀ’ ਦੀ ਤੁਲਨਾ ਹੁਣ ਦਿਖਾਈ ਦੇਣ ਵਾਲੇ ਚਿੱਤਰ ਨਾਲ ਕਰਦੀ ਹੈ। ਜੇ ਕੋਈ ਮੇਲ ਹੁੰਦਾ ਹੈ ਤਾਂ ਹੀ ਜਿੰਦਾ (ਲਾਕ) ਖੁੱਲ੍ਹਦਾ ਹੈ। ਕੰਪਿਊਟਰ ਐਲਗੋਰਿਦਮ ਲਗਭਗ ਇੱਦਾਂ ਹੀ ਕੰਮ ਕਰਦੇ ਹਨ। ਬਸ ਇਹ ‘ਨੱਕ’ ਜਾਂ ‘ਕੰਨ’ ਬਾਰੇ ਨਹੀਂ ਜਾਣਦੇ ਹੁੰਦੇ। ਇਸ ਲਈ ਚਿਹਰੇ ਦੇ ਨਿਸ਼ਾਨਾਂ ਨੂੰ ਲੱਭਣ ਲਈ ਐਲਗੋਰਿਦਮ ਤਸਵੀਰ ਦੇ ਕਨਿਾਰਿਆਂ ਨੂੰ ਸਹੀ ਢੰਗ ਨਾਲ ਲੱਭਦੇ ਹਨ।
ਹੁਣ ਸੁਆਲ ਹੈ ਕਿ ਕਨਿਾਰੇ ਲੱਭਣ ਦਾ ਇਹ ਕੰਮ ਸਿਰੇ ਕਵਿੇਂ ਚੜ੍ਹਦਾ ਹੈ?
ਡਿਜੀਟਲ ਚਿੱਤਰਾਂ ਵਿਚ ਪਿਕਸਲ ਹੁੰਦੇ ਹਨ। ਹਰ ਪਿਕਸਲ ਕਿਸੇ ਨਾ ਕਿਸੇ ਸਲੇਟੀ ਸ਼ੇਡ (ਭਾਅ) ਵਿਚ ਹੁੰਦਾ ਹੈ। ਜੇ ਪਿਕਸਲ ਕਾਲਾ ਹੈ ਤਾਂ ਇਸ ਨੂੰ ਸਿਫ਼ਰ ਮਾਨ (ਮੁੱਲ) ਦਿੱਤਾ ਜਾਂਦਾ ਹੈ; ਜੇ ਇਹ ਚਿੱਟਾ ਹੈ ਤਾਂ ਇਸ ਨੂੰ 255 ਮਾਨ (ਮੁੱਲ) ਦਿੱਤਾ ਜਾਂਦਾ ਹੈ; ਭਾਵ 256 ਸਲੇਟੀ ਜਿਹੇ ਰੰਗਾਂ (ਤੀਬਰਤਾਵਾਂ) ਨੂੰ ਵੱਖ ਵੱਖ ਕੀਤਾ ਜਾਂਦਾ ਹੈ। ਇਨ੍ਹਾਂ ਮੁੱਲਾਂ ਵਿਚਲਾ ਅੰਤਰ ਤਸਵੀਰ ਦੇ ਕਨਿਾਰਿਆਂ ’ਤੇ ਜ਼ਿਆਦਾ ਹੁੰਦਾ ਹੈ ਜਿਸ ਕਾਰਨ ਕੰਪਿਊਟਰ ਐਲਗੋਰਿਦਮ ਇਨ੍ਹਾਂ ਕਨਿਾਰਿਆਂ ਨੂੰ ਪਛਾਣ ਲੈਂਦਾ ਹੈ।
ਵਿਕਰਮ ਨੂੰ ਸੁਰੱਖਿਅਤ ਢੰਗ ਨਾਲ ਚੰਨ ’ਤੇ ਲਾਹੁਣ ਅਤੇ ਪ੍ਰਗਿਆਨ ਨੂੰ ਚਲਾਉਣ ਲਈ ਅਤਿ ਜ਼ਰੂਰੀ ਸੀ ਕਿ ਉਤਰਨ ਵਾਲੀ ਥਾਂ ’ਤੇ ਟੋਏ (ਡੂੰਘਾਈ ਤੇ ਚੌੜਾਈ ਪੱਖੋਂ), ਵੱਟੇ ਅਤੇ ਤਿੱਖੀਆਂ ਢਲਾਨਾਂ ਸੁਰੱਖਿਅਤ ਸੀਮਾ ਦੇ ਅੰਦਰ ਅੰਦਰ ਹੋਣ। ਇਸੇ ਕਾਰਨ ਚੰਦਰਮਾ ਦੀ ਸਤ੍ਵਾ ’ਤੇ ਉਭੜ-ਖਾਬੜ ਧਰਾਤਲ ਦੀ ਪਛਾਣ ਲਈ ਵਰਤੇ ਇਹ ਸਾਰੇ ਕੈਮਰੇ ਮੋਨੋਕ੍ਰੋਮ ਸਨ। ਇਨ੍ਹਾਂ ਕੈਮਰਿਆਂ ਤੋਂ ਪ੍ਰਾਪਤ ਕੀਤੀਆਂ ਤਸਵੀਰਾਂ ਬਲੈਕ ਐਂਡ ਵ੍ਹਾਈਟ ਸਨ।
ਹੁਣ ਗੱਲ ਕਰਦੇ ਹਾਂ ਕਿ ਰੰਗਦਾਰ ਚਿੱਤਰ ਇਸ ਕੰਮ ਲਈ ਢੁਕਵੇਂ ਕਿਉਂ ਨਹੀਂ ਹੁੰਦੇ? ਅਸਲ ਵਿਚ ਮੋਨੋਕ੍ਰੋਮ ਪਿਕਸਲ ਦੇ ਸਿਫ਼ਰ (0) ਤੋਂ 255 ਤੱਕ ਦੇ 256 ਮੁੱਲਾਂ ਨੂੰ ਅਸੀਂ 8 ਬਿੱਟਾਂ ਨਾਲ ਦਰਸਾ ਸਕਦੇ ਹਾਂ। ਇਸ ਲਈ ਮੋਨੋਕ੍ਰੋਮ ਚਿੱਤਰ ਲਈ 8 ਬਿੱਟ ਪ੍ਰਤੀ ਪਿਕਸਲ ਕਾਫ਼ੀ ਹੁੰਦੇ ਹਨ। ਦੂਜੇ ਪਾਸੇ, ਰੰਗਦਾਰ ਚਿੱਤਰ ਲਈ ਸਾਨੂੰ ਹਰ ਇੱਕ RGB ਲਈ ਸਿਫ਼ਰ ਤੋਂ 255 ਦੇ ਤਿੰਨ ਸੈੱਟ ਐਨਕੋਡ ਕਰਨ ਦੀ ਲੋੜ ਪੈਂਦੀ ਹੈ (ਫੋਟੋਆਂ ਆਦਿ ’ਚ ਸਾਰੇ ਰੰਗ ਤਿੰਨ ਮੁਢਲੇ ਰੰਗਾਂ ਲਾਲ, ਹਰੇ ਤੇ ਨੀਲੇ (RGB) ਦੇ ਢੁਕਵੇਂ ਮੇਲ ਤੋਂ ਹੀ ਬਣਦੇ ਹਨ)। 0-255 ਦੇ ਤਿੰਨ ਸੈੱਟ ਐਨਕੋਡ ਕਰਨ ਲਈ ਸਾਨੂੰ 3x8 ਬਿੱਟਾਂ (24 ਬਿੱਟ ਪ੍ਰਤੀ ਪਿਕਸਲ) ਦੀ ਲੋੜ ਪਵੇਗੀ। ਇਸ ਦਾ ਮਤਲਬ ਇਹ ਹੈ ਕਿ ਰੰਗਦਾਰ ਚਿੱਤਰ ਦੀ ਗਣਨਾ ਸਾਫਟਵੇਅਰ ਲਈ ਔਖੀ ਹੋਵੇਗੀ। ਅਜਿਹੀ ਹਾਲਤ ਵਿਚ ਚੰਨ ਦੀ ਧਰਾਤਲੀ ਵਿਸ਼ੇਸ਼ਤਾ ਦਾ ਪਤਾ ਲਾਉਣ ਅਤੇ ਚਿੱਤਰ-ਪਛਾਣ ਲਈ ਕਿਸੇ ਵੀ ਪ੍ਰਾਸੈੱਸਰ ਦੁਆਰਾ ਲਾਇਆ ਜਾਣ ਵਾਲਾ ਸਮਾਂ ਬਹੁਤ ਜਿ਼ਆਦਾ ਹੋਵੇਗਾ। ਇਸ ਤੋਂ ਇਲਾਵਾ ਮੋਨੋਕ੍ਰੋਮ ਚਿੱਤਰਾਂ ਵਿਚ ਸਪਸ਼ਟ ਕੰਟਰਾਸਟ ਹੁੰਦਾ ਹੈ ਜਿਸ ਨਾਲ ਕਨਿਾਰੇ ਦਾ ਪਤਾ ਆਸਾਨੀ ਨਾਲ ਲੱਗ ਜਾਂਦਾ ਹੈ। ਜੇ ਚਿੱਤਰ ਵਿਚ ਕਨਿਾਰੇ ਧੁੰਦਲੇ ਹੋਣ ਤਾਂ ਐਲਗੋਰਿਦਮ ਲਈ ਉਸ ਵਸਤੂ ਦੀ ਪਛਾਣ ਕਰਨਾ ਔਖਾ ਹੋ ਜਾਂਦਾ ਹੈ। ਇਸੇ ਕਾਰਨ ਭਾਵੇਂ ਰੰਗਦਾਰ ਕੈਮਰੇ ਵਰਤੇ ਜਾਣ, ਤਸਵੀਰਾਂ ਦੇ ਪਿਕਸਲਾਂ ਨੂੰ ਪ੍ਰਾਸੈੱਸ ਕਰਨ ਤੋਂ ਪਹਿਲਾਂ ਜ਼ਬਰਦਸਤੀ ਗ੍ਰੇਅ-ਸਕੇਲ ਵਿਚ ਬਦਲਣਾ ਪੈਂਦਾ ਹੈ।
ਉਭੜ-ਖਾਬੜ ਧਰਾਤਲ ਦੀ ਪਛਾਣ ਕਰਨ ਵਿਚ ਰੰਗਦਾਰ ਚਿੱਤਰ ਬਹੁਤੇ ਜਿ਼ਆਦਾ ਸਹਾਈ ਨਹੀਂ ਹੁੰਦੇ ਕਿਉਂਕਿ ਹਰ ਇੱਕ ਸੈਂਸਰ ਨੂੰ ਉਪਲਬਧ ਪ੍ਰਕਾਸ਼ ਦਾ ਸਿਰਫ 1/3 ਹਿੱਸਾ ਹੀ ਮਿਲਦਾ ਹੈ। ਇਸ ਲਈ ਉਭੜ-ਖਾਬੜ ਧਰਾਤਲ ਦੀ ਪਛਾਣ ਕਰਨ ਵਾਲੇ ਕੈਮਰੇ ਆਮ ਤੌਰ ’ਤੇ ਮੋਨੋਕ੍ਰੋਮ ਹੁੰਦੇ ਹਨ। ਵਿਕਰਮ ’ਤੇ ਲੱਗੇ ਲੈਂਡਰ ਇਮੇਜਿੰਗ ਕੈਮਰੇ ਵੱਖਰੀ ਕਿਸਮ ਦੇ ਸਨ ਕਿਉਂਕਿ ਉਹ ਕੇਵਲ ਚੰਨ ਦੀ ਸਤ੍ਵਾ ਦੀਆਂ ਫੋਟੋਆਂ ਖਿੱਚਣ ਲਈ ਹੀ ਵਰਤੇ ਜਾਣੇ ਸਨ। ਇਹ ਕੈਮਰੇ ਉਹ ਰੰਗਦਾਰ ਚਿੱਤਰ ਲੈਂਦੇ ਸਨ। ਇਸੇ ਕਾਰਨ ਲੈਂਡਰ ਇਮੇਜਿੰਗ ਕੈਮਰਿਆਂ ਦੁਆਰਾ ਲਈਆਂ ਤਸਵੀਰਾਂ ਵਿਚ ਪ੍ਰਗਿਆਨ ਰੋਵਰ ਅਤੇ ਵਿਕਰਮ ਲੈਂਡਰ ਦੇ ਦ੍ਰਿਸ਼ਟੀਗੋਚਰ ਹਿੱਸੇ ਰੰਗਦਾਰ ਦਿਸੇ। ਚੰਨ ਦੀ ਸਤ੍ਵਾ ਇਨ੍ਹਾਂ ਰੰਗਦਾਰ ਚਿੱਤਰਾਂ ਵਿਚ ਵੀ ਸਲੇਟੀ ਹੀ ਦਿਸੀ।
ਅਜਿਹਾ ਕਿਉਂ?
ਇਸ ਦਾ ਕਾਰਨ ਇਹ ਹੈ ਕਿ ਚੰਦਰਮਾ ਦੀ ਮਿੱਟੀ ਵਿਚ ਰੰਗ ਨਹੀਂ ਹੈ। ਇਸ ਦੇ ਉਲਟ ਸਾਡੀ ਧਰਤੀ ਦੀ ਮਿੱਟੀ ਬਹੁਤ ਰੰਗੀਨ ਹੈ। ਭਿੰਨ ਭਿੰਨ ਥਾਵਾਂ ’ਤੇ ਇਸ ਦੇ ਰੰਗ ਕਾਫੀ ਵੱਖ ਵੱਖ (ਭੂਰਾ, ਲਾਲ, ਪੀਲਾ, ਕਾਲਾ, ਸਲੇਟੀ, ਚਿੱਟਾ, ਨੀਲਾ ਜਾਂ ਹਰਾ) ਹੋ ਸਕਦੇ ਹਨ। ਸਾਡੀ ਇੱਥੋਂ ਦੀ ਮਿੱਟੀ ਵਿਚਲੇ ਜੈਵਿਕ ਪਦਾਰਥ, ਲੋਹਾ, ਮੈਂਗਨੀਜ਼ ਅਤੇ ਹੋਰ ਖਣਿਜ ਪਾਣੀ ਅਤੇ ਵਾਯੂਮੰਡਲ ਨਾਲ ਰਸਾਇਣਿਕ ਕਿਰਿਆਵਾਂ ਕਰ ਕੇ ਕੁਝ ਯੋਗਿਕ ਬਣਾਉਂਦੇ ਹਨ। ਇਹੀ ਯੋਗਿਕ ਧਰਤੀ ਦੀ ਮਿੱਟੀ ਦੇ ਵੱਖ ਵੱਖ ਰੰਗਾਂ ਲਈ ਜ਼ਿੰਮੇਵਾਰ ਹੁੰਦੇ ਹਨ। ਉਦਾਹਰਨ ਵਜੋਂ ਮੌਸਮ ਦੇ ਅਸਰ ਕਾਰਨ ਲੋਹਾ ਅਤੇ ਮੈਂਗਨੀਜ਼ ਦੋਵੇਂ ਆਕਸੀਕ੍ਰਿਤ ਹੋ ਜਾਂਦੇ ਹਨ। ਆਕਸੀਕ੍ਰਿਤ ਲੋਹਾ ਪੀਲੇ ਜਾਂ ਲਾਲ ਕ੍ਰਿਸਟਲ ਬਣਾਉਂਦਾ ਹੈ। ਜੇ ਮਿੱਟੀ ਵਿਚ ਗਲੇ-ਸੜੇ ਜੈਵਿਕ ਪਦਾਰਥ (ਹਿਊਮਸ) ਦੀ ਬਹੁਤਾਤ ਹੋਵੇ ਤਾਂ ਇਹ ਗੂੜ੍ਹੇ ਭੂਰੇ ਤੋਂ ਕਾਲੇ ਰੰਗ ਦੀ ਦਿਖਾਈ ਦਿੰਦੀ ਹੈ। ਇਹਨਾਂ ਯੋਗਿਕਾਂ ਤੋਂ ਬਿਨਾ ਮਿੱਟੀ ਸਲੇਟੀ ਹੀ ਦਿਖਾਈ ਦੇਵੇਗੀ। ਚੰਨ ’ਤੇ ਕੋਈ ਵਾਯੂਮੰਡਲ ਜਾਂ ਵਗਦਾ ਪਾਣੀ ਨਹੀਂ ਹੈ। ਇਸ ਲਈ ਮੌਸਮ ਕਾਰਨ ਹੋਣ ਵਾਲੀਆਂ ਰਸਾਇਣਕ ਕਿਰਿਆਵਾਂ ਵੀ ਨਹੀਂ ਹੁੰਦੀਆਂ। ਇਸ ਲਈ ਚੰਨ ਦੀ ਮਿੱਟੀ (ਜਿਸ ਨੂੰ ਤਕਨੀਕੀ ਭਾਸ਼ਾ ਵਿਚ ਰੈਗੋਲਿਥ ਕਿਹਾ ਜਾਂਦਾ ਹੈ) ਦਾ ਕੁਦਰਤੀ ਰੰਗ ਮੁੱਖ ਤੌਰ ’ਤੇ ਸਲੇਟੀ ਹੀ ਹੁੰਦਾ ਹੈ। (ਵਿਗਿਆਨ ਪ੍ਰਸਾਰ, ਭਾਰਤ ਸਰਕਾਰ ਦੇ ਸੀਨੀਅਰ ਵਿਗਿਆਨੀ ਡਾ. ਟੀਵੀ ਵੈਂਕਟੇਸ਼ਵਰਨ ਦੁਆਰਾ ਦਿੱਤੀ ਜਾਣਕਾਰੀ ’ਤੇ ਆਧਾਰਿਤ)
ਸੰਪਰਕ: 98761-35823