ਚੰਦਰਬਾਬੂ ਨਾਇਡੂ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ 12 ਨੂੰ ਚੁੱਕਣਗੇ ਸਹੁੰ
ਅਮਰਾਵਤੀ, 7 ਜੂਨ
ਟੀਡੀਪੀ ਸੁਪਰੀਮੋ ਐੱਨ ਚੰਦਰਬਾਬੂ ਨਾਇਡੂ 12 ਜੂਨ ਨੂੰ ਤੀਜੀ ਵਾਰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਪਾਰਟੀ ਸੂਤਰਾਂ ਅਨੁਸਾਰ ਨਾਇਡੂ ਗੰਨਾਵਰਮ ਹਵਾਈ ਅੱਡੇ ਨੇੜੇ ਕੇਸਰਪੱਲੀ ਆਈਟੀ ਪਾਰਕ ਵਿੱਚ ਸਹੁੰ ਚੁੱਕਣਗੇ। ਸੂਤਰਾਂ ਨੇ ਦੱਸਿਆ, ‘‘12 ਜੂਨ (ਬੁੱਧਵਾਰ) ਨੂੰ ਸਵੇਰੇ 11:27 ਵਜੇ ਚੰਦਰਬਾਬੂ ਨਾਇਡੂ ਗੰਨਾਵਰਮ ਹਵਾਈ ਅੱਡੇ ਨੇੜੇ ਕੇਸਰਪੱਲੀ ਆਈਟੀ ਪਾਰਕ ਵਿੱਚ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।’’ ਨਾਇਡੂ ਲਗਭਗ 30 ਸਾਲ ਪਹਿਲਾਂ 1995 ਵਿੱਚ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ ਅਤੇ 2004 ਤੱਕ ਇਸ ਅਹੁਦੇ ’ਤੇ ਰਹੇ, ਜਦੋਂ ਮਰਹੂੁਮ ਵਾਈਐੱਸ ਰਾਜਾਸ਼ੇਖਰ ਰੈੱਡੀ ਨੇ ਉਨ੍ਹਾਂ ਦੀ ਜਗ੍ਹਾ ਲਈ। ਇੱਕ ਦਹਾਕਾ ਅਤੇ ਸੰਯੁਕਤ ਰਾਜ ਦੇ ਤਿਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਿੱਚ ਵੰਡਣ ਮਗਰੋਂ ਨਾਇਡੂ 2014 ਵਿੱਚ ਨਵੇਂ ਬਣੇ ਰਾਜ ਦੇ ਪਹਿਲੇ ਮੁੱਖ ਮੰਤਰੀ ਬਣੇ ਸਨ। ਹਾਲਾਂਕਿ, ਉਹ 2019 ਵਿੱਚ ਵਾਈਐੱਸਆਰਸੀਪੀ ਸੁਪਰੀਮੋ ਵਾਈਐੱਸ ਜਗਨ ਮੋਹਨ ਰੈੱਡੀ ਦੇ ਕਮਾਨ ਸੰਭਾਲਣ ਮਗਰੋਂ ਚੋਣਾਂ ਹਾਰ ਗਏ ਸਨ। ਉਹ ਪੰਜ ਸਾਲਾਂ ਦੇ ਵਕਫ਼ੇ ਮਗਰੋਂ ਮੁੜ ਮੁੱਖ ਮੰਤਰੀ ਬਣਨਗੇ। -ਪੀਟੀਆਈ
ਪੀਐੱਸ ਤਮਾਂਗ ਹੁਣ ਮੁੱਖ ਮੰਤਰੀ ਵਜੋਂ 10 ਨੂੰ ਲੈਣਗੇ ਹਲਫ਼
ਗੰਗਟੋਕ: ਸਿੱਕਿਮ ਦੇ ਮੁੱਖ ਮੰਤਰੀ ਵਜੋਂ ਪੀਐੱਸ ਤਮਾਂਗ ਦਾ ਸਹੁੰ ਚੁੱਕ ਸਮਾਗਮ ਇੱਕ ਦਿਨ ਲਈ ਟਾਲ ਦਿੱਤਾ ਗਿਆ ਹੈ। ਸਿੱਕਮ ਕ੍ਰਾਂਤੀਕਾਰੀ ਮੋਰਚਾ (ਐੱਸਕੇਐੱਮ) ਦੇ ਸੁਪਰੀਮੋ ਹੁਣ ਆਪਣੇ ਦੂਜੇ ਕਾਰਜਕਾਲ ਦਾ ਹਲਫ਼ 10 ਜੂਨ ਨੂੰ ਲੈਣਗੇ। ਇਹ ਜਾਣਕਾਰੀ ਪਾਰਟੀ ਆਗੂਆਂ ਨੇ ਅੱਜ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹਲਫ਼ ਸਮਾਗਮ 10 ਜੂਨ ਤੱਕ ਮੁਲਤਵੀ ਕਰਨ ਦਾ ਫ਼ੈਸਲਾ ਮੁੱਖ ਮੰਤਰੀ ਦੀ ਅਧਿਕਾਰਿਤ ਰਿਹਾਇਸ਼ ਮਿਨਟੋਕਗਾਂਗ ਵਿੱਚ ਅੱਜ ਹੋਈ ਐੱਸਕੇਐੱਮ ਵਿਧਾਇਕ ਦਲ ਦੀ ਮੀਟਿੰਗ ਵਿੱਚ ਲਿਆ ਗਿਆ ਕਿਉਂਕਿ ਤਮਾਂਗ ਨਰਿੰਦਰ ਮੋਦੀ ਦੇ ਤੀਸਰੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਵਿੱਚ ਹਿੱਸਾ ਲੈਣ ਲਈ ਐਤਵਾਰ ਨੂੰ ਦਿੱਲੀ ਜਾਣਗੇ। ਉਨ੍ਹਾਂ ਦੱਸਿਆ ਕਿ ਤਮਾਂਗ ਦੇ ਸ਼ਨਿੱਚਰਵਾਰ ਨੂੰ ਨਵੀਂ ਦਿੱਲੀ ਲਈ ਰਵਾਨਾ ਹੋਣ ਦੀ ਸੰਭਾਵਨਾ ਹੈ। ਇੱਕ ਹੋਰ ਆਗੂ ਨੇ ਕਿਹਾ, ‘‘ਤਮਾਂਗ ਤੇ ਉਸ ਦੇ ਮੰਤਰੀ ਹੁਣ 10 ਜੂਨ ਨੂੰ ਪਲਜਰ ਸਟੇਡੀਅਮ ਵਿੱਚ ਹਲਫ਼ ਲੈਣਗੇ।’’ -ਪੀਟੀਆਈ