ਸਾਲ ਭਰ ਚੰਡੀਗੜ੍ਹ ਪੁਲੀਸ ਚੋਰਾਂ ਨੂੰ ਫੜਨ ਵਿਚ ਰਹੀ ਨਾਕਾਮ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 31 ਦਸੰਬਰ
ਚੰਡੀਗੜ੍ਹ ਪੁਲੀਸ ਚੋਰਾਂ ਨੂੰ ਫੜਨ ਵਿੱਚ ਨਾਕਾਮ ਰਹਿ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਵੱਲੋਂ ਸ਼ਹਿਰ ਵਿੱਚ ਵਾਹਨ ਚੋਰੀ ਤੇ ਹੋਰਨਾਂ ਚੋਰੀ ਦੀਆਂ ਘਟਨਾਵਾਂ ਸਬੰਧੀ 1595 ਕੇਸ ਦਰਜ ਕੀਤੇ ਹਨ, ਜਦੋਂ ਕਿ ਇਨ੍ਹਾਂ ਵਿੱਚੋਂ ਸਿਰਫ਼ 300 ਮਾਮਲੇ ਹੀ ਸੁਲਝਾਏ ਦਾ ਸਕੇ ਹਨ। ਬਾਕੀ 1300 ਦੇ ਕਰੀਬ ਮਾਮਲੇ ਜਾਂਚ ਅਧੀਨ ਹਨ। ਇਸ ਵਰ੍ਹੇ ਸ਼ਹਿਰ ਵਿੱਚ ਕਤਲ ਦੇ ਮਾਮਲਿਆਂ ਵਿੱਚ ਵੀ ਵਾਧਾ ਹੋਇਆ ਹੈ, ਜਦੋਂ ਕਿ ਝਪਟਮਾਰੀ ਦੇ ਮਾਮਲਿਆਂ ਵਿੱਚ ਕਟੌਤੀ ਦਰਜ ਕੀਤੀ ਗਈ ਹੈ।
ਇਸ ਵਰ੍ਹੇ ਸ਼ਹਿਰ ਵਿੱਚ ਕਤਲ ਦੇ 21 ਮਾਮਲੇ ਦਰਜ ਕੀਤੇ ਗਏ ਹਨ, ਜਦੋਂ ਕਿ 2023 ਵਿੱਚ 17 ਤੇ 2022 ਵਿੱਚ 19 ਕੇਸ ਦਰਜ ਹੋਏ ਸਨ। ਝਪਟਮਾਰੀ ਦੇ 129 ਕੇਸ ਦਰਜ ਕੀਤੇ ਗਏ ਹਨ। ਜੋ ਕਿ 2023 ਵਿੱਚ 155 ਅਤੇ 2022 ਵਿੱਚ 138 ਸਨ। ਇਸ ਤੋਂ ਇਲਾਵਾ ਚੰਡੀਗੜ੍ਹ ਪੁਲੀਸ ਨਸ਼ਾ ਤਸਕਰਾਂ ਤੇ ਗੈਰ ਸਮਾਜਿਕ ਅਨਸਰਾਂ ਵਿਰੁੱਧ ਨੱਥ ਪਾਉਣ ਵਿੱਚ ਜ਼ਰੂਰ ਕਾਮਯਾਬ ਰਹੀ ਹੈ। ਚੰਡੀਗੜ੍ਹ ਪੁਲੀਸ ਨੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਦਿਆਂ 90 ਕੇਸ ਦਰਜ ਕੀਤੇ ਹਨ। ਇਸ ਤੋਂ ਇਲਾਵਾ ਜਬਰਜਨਾਹ ਦੇ 33, ਨਾਬਾਲਗ ਨਾਲ ਜਬਰਜਨਾਹ ਦੇ 28, ਅਗਵਾ ਕਰਨ ਦੇ 186 ਕੇਸ ਦਰਜ ਕੀਤੇ ਹਨ।
5.3 ਕਿੱਲੋ ਹੈਰੋਇਨ ਅਤੇ 2.5 ਕਿਲੋ ਅਫੀਮ ਬਰਾਮਦ
ਪੁਲੀਸ ਦੇ ਜ਼ਿਲ੍ਹਾ ਕ੍ਰਾਈਮ ਸੈੱਲ ਦੀ ਟੀਮ ਨੇ ਵੱਖਰੇ ਤੌਰ ’ਤੇ ਨਸ਼ਾਂ ਤਸਕਰਾਂ ਵਿਰੁੱਧ ਕਾਰਵਾਈ ਕਰਦਿਆਂ ਸਾਲ ਭਰ ਵਿੱਚ 68 ਕੇਸ ਦਰਜ ਕਰਕੇ 93 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਤੋਂ ਪੁਲੀਸ ਨੇ 5.353 ਕਿੱਲੋ ਹੈਰੋਇਨ, 20.36 ਗ੍ਰਾਮ ਕੋਕੀਨ, 24.82 ਗ੍ਰਾਮ ਆਈਸ, 3.164 ਕਿੱਲੋ ਚਰਸ, 7.830 ਕਿੱਲੋ ਗਾਂਜਾ, 2.567 ਕਿੱਲੋ ਅਫੀਮ ਅਤੇ ਚਾਰ ਗੱਡੀਆਂ ਤੇ ਪਿਸਤੌਨ ਬਰਾਮਦ ਕੀਤਾ ਹੈ। ਇਸੇ ਤਰ੍ਹਾਂ ਜ਼ਿਲ੍ਹਾ ਕ੍ਰਾਈਮ ਸੈੱਲ ਦੀ ਪੁਲੀਸ ਨੇ ਸ਼ਰਾਬ ਤਸਕਰਾਂ ਵਿਰੁੱਧ ਕਾਰਵਾਈ ਕਰਦਿਆਂ 107 ਕੇਸ ਦਰਜ ਕਰਕੇ 110 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਤੋਂ ਪੁਲੀਸ ਨੇ ਸ਼ਰਾਬ ਦੀਆਂ 7362 ਬੋਤਲਾਂ, 484 ਅਧੀਏ, 7313 ਪਊਏ, 5 ਗੱਡੀਆਂ, ਤਿੰਨ ਥ੍ਰੀ ਵ੍ਹੀਲਰ ਅਤੇ ਚਾਕੂ ਬਰਾਮਦ ਕੀਤਾ ਹੈ।