For the best experience, open
https://m.punjabitribuneonline.com
on your mobile browser.
Advertisement

ਲਈਅਰ ਵੈਲੀ ’ਚ ਚੰਡੀਗੜ੍ਹ ਕਾਰਨੀਵਾਲ ਸ਼ੁਰੂ

10:07 AM Nov 25, 2023 IST
ਲਈਅਰ ਵੈਲੀ ’ਚ ਚੰਡੀਗੜ੍ਹ ਕਾਰਨੀਵਾਲ ਸ਼ੁਰੂ
ਚੰਡੀਗੜ੍ਹ ਕਾਰਨੀਵਾਲ ਦੌਰਾਨ ਕੱਢੀ ਗਈ ਪਰੇਡ ਵਿੱਚ ਹਿੱਸਾ ਲੈਂਦੇ ਹੋਏ ਵਿਦਿਆਰਥੀ। -ਫੋਟੋਆਂ: ਵਿੱਕੀ ਘਾਰੂ
Advertisement

ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਤੇ ਸੰਸਦ ਮੈਂਬਰ ਕਿਰਨ ਖੇਰ ਨੇ ਕੀਤਾ ਉਦਘਾਟਨ

ਵੱਖ-ਵੱਖ ਸੂਬਿਆਂ ਦੇ ਲੋਕ ਕਲਾਕਾਰਾਂ ਸਣੇ ਖਾਣ-ਪੀਣ ਦੇ ਸਟਾਲ ਬਣੇ ਖਿੱਚ ਦਾ ਕੇਂਦਰ

ਮੁਕੇਸ਼ ਕੁਮਾਰ
ਚੰਡੀਗੜ੍ਹ, 24 ਨਵੰਬਰ
ਇੱਥੇ ਸੈਕਟਰ-10 ਸਥਿਤ ਲਈਅਰ ਵੈਲੀ ਵਿੱਚ ਅੱਜ ਤੋਂ ਤਿੰਨ ਰੋਜ਼ਾ ‘ਚੰਡੀਗੜ੍ਹ ਕਾਰਨੀਵਾਲ’ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਕਾਰਨੀਵਾਲ ਦਾ ਉਦਘਾਟਨ ਕੀਤਾ। ਉਨ੍ਹਾਂ ਇਸ ਮੌਕੇ ਕਾਰਨੀਵਾਲ ਪਰੇਡ ਅਤੇ ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸ੍ਰੀ ਪੁਰੋਹਿਤ ਨੇ ਗੁਬਾਰੇ ਛੱਡ ਕੇ ਮੇਲੇ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਮੇਲੇ ਦੌਰਾਨ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਲੋਕ ਕਲਾਕਾਰਾਂ ਦੀ ਹੌਸਲਾ-ਅਫਜ਼ਾਈ ਕੀਤੀ। ਇਸ ਸਮਾਗਮ ਦਾ ਟ੍ਰਿਬਿਊਨ ਸਮੂਹ ਮੀਡੀਆ ਸਪੌਂਸਰ ਹੈ।
ਮੇਲੇ ਦੌਰਾਨ ਵੱਖ-ਵੱਖ ਸੂਬਿਆਂ ਦੇ ਲੋਕ ਕਲਾਕਾਰ ਇੱਥੇ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਇਸ ਕਾਰਨੀਵਾਲ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਤੋਂ ਇਲਾਵਾ ਬੱਚਿਆਂ ਲਈ ਝੂਲੇ, ਸਿਟਕੋ ਦੇ ਸਟਾਲ ਅਤੇ ਦਰਸ਼ਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਚੰਡੀਗੜ੍ਹ ਪੁਲੀਸ, ਫਾਇਰ ਬ੍ਰਿਗੇਡ ਅਤੇ ਸਮਾਜਿਕ ਭਲਾਈ ਵਿਭਾਗ ਵੱਲੋਂ ਸਟਾਲ ਲਗਾਏ ਗਏ ਹਨ। ਦੂਜੇ ਪਾਸੇ, ਤਿੰਨ ਦਿਨ ਚੱਲਣ ਵਾਲੇ ਇਸ ਫੈਸਟੀਵਲ ਲਈ ਚੰਡੀਗੜ੍ਹ ਪੁਲੀਸ ਨੇ ਵਾਹਨ ਪਾਰਕਿੰਗ ਅਤੇ ਪਿਕ-ਡਰਾਪ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਪੁਲੀਸ ਨੇ ਆਵਾਜਾਈ ਦੀ ਦਿੱਕਤ ਦੇਖਦਿਆਂ ਆਮ ਲੋਕਾਂ ਨੂੰ ਸੈਕਟਰ-10 ਦੇ ਆਲੇ-ਦੁਆਲੇ ਤਿੰਨ ਦਿਨਾਂ ਤੱਕ ਨਾ ਆਉਣ ਦੀ ਸਲਾਹ ਦਿੱਤੀ ਹੈ। ਪੁਲੀਸ ਨੇ ਲੋਕਾਂ ਦੇ ਵਾਹਨ ਪਾਰਕ ਕਰਨ ਲਈ ਜਗ੍ਹਾ ਨਿਰਧਾਰਿਤ ਕੀਤੀ ਹੈ। ਟੈਕਸੀਆਂ ਅਤੇ ਆਟੋ ਲਈ ਵੀ ਪਿਕ ਐਂਡ ਡਰਾਪ ਪੁਆਇੰਟ ਬਣਾਏ ਗਏ ਹਨ। ਇਸ ਵਿੱਚ ਸੈਕਟਰ-9 ਚੰਡੀਗੜ੍ਹ ਅਤੇ ਸਲਿਪ ਰੋਡ ਬੈਕ ਸਾਈਡ ਸਕੇਟਿੰਗ ਰਿੰਗ ਸੈਕਟਰ-10 ਦੇ ਪਿੱਛੇ ਇਹ ਪੁਆਇੰਟ ਬਣਾਏ ਗਏ ਹਨ।
ਇਸ ਕਾਰਨੀਵਾਲ ਦੇ ਉਦਘਾਟਨ ਮੌਕੇ ਸਿਟੀ ਮੇਅਰ ਅਨੂਪ ਗੁਪਤਾ, ਚੰਡੀਗੜ੍ਹ ਪੁਲੀਸ ਦੇ ਡੀਜੀਪੀ ਪ੍ਰਵੀਰ ਰੰਜਨ, ਪ੍ਰਸ਼ਾਸਕ ਦੇ ਕਾਰਜਕਾਰੀ ਸਲਾਹਕਾਰ ਨਿਤਿਨ ਯਾਦਵ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

Advertisement

ਅਗਲੀ ਵਾਰ ਵੀ ਚੋਣ ਲੜਾਂਗੀ: ਖੇਰ

ਪਰੇਡ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਬਨਵਾਰੀ ਲਾਲ ਪੁਰੋਹਿਤ ਤੇ ਕਿਰਨ ਖੇਰ।

ਸੰਸਦ ਮੈਂਬਰ ਕਿਰਨ ਖੇਰ ਨੇ ਕਿਹਾ ਕਿ ਅਗਲੇ ਤਿੰਨ ਦਿਨਾਂ ਲਈ ਬੱਚਿਆਂ ਵਾਸਤੇ ਰੰਗਾਰੰਗ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਕਾਰਨੀਵਾਲ 24 ਤੋਂ 26 ਨਵੰਬਰ ਤੱਕ ਜਾਰੀ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਚੰਡੀਗੜ੍ਹ ਵਿੱਚ ਅਫ਼ਸਰਸ਼ਾਹੀ ਭਾਰੂ ਹੈ ਜਿਸ ਕਾਰਨ ਕੰਮ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਸਨ ਕਿ ਚੰਡੀਗੜ੍ਹ ਵਿੱਚ ਬਹੁਤ ਕੁਝ ਹੋਵੇ ਪਰ ਕੰਮ ਨਹੀਂ ਹੋ ਰਿਹਾ ਜਿਸ ਲਈ ਚੰਡੀਗੜ੍ਹ ਦੇ ਅਧਿਕਾਰੀ ਜ਼ਿੰਮੇਵਾਰ ਹਨ। ਉਨ੍ਹਾਂ ਲਾਲ ਡੋਰੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਇਹ ਸਮੱਸਿਆ ਖ਼ਤਮ ਹੋਵੇ। ਇਸ ਦੌਰਾਨ ਉਨ੍ਹਾਂ ਇਹ ਵੀ ਕਿਹਾ ਕਿ ਉਹ ਚੋਣਾਂ ਲਈ ਤਿਆਰ ਹਨ ਅਤੇ ਅਗਲੀ ਵਾਰ ਵੀ ਚੋਣ ਲੜਨਗੇ।

ਮਿਊਜ਼ੀਕਲ ਨਾਈਟ: ਅੱਜ ਪੁੱਜਣਗੇ ਕੈਲਾਸ਼ ਖੇਰ ਤੇ ਭਲਕੇ ਬੱਬੂ ਮਾਨ

ਚੰਡੀਗੜ੍ਹ ਕਾਰਨੀਵਾਲ ਦੇ ਤਿੰਨੇ ਦਿਨ ਸ਼ਾਮ ਵੇਲੇ ਸੰਗੀਤਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਕਾਰਨੀਵਾਲ ਦੇ ਪਹਿਲੇ ਦਿਨ ਅੱਜ ਹਿਮਾਚਲ ਪ੍ਰਦੇਸ਼ ਪੁਲੀਸ ਬੈਂਡ ਨੇ ਆਪਣੀ ਪੇਸ਼ਕਾਰੀ ਨਾਲ ਦਰਸ਼ਕ ਕੀਲੇ। ਬੈਂਡ ਦੀ ਅਗਵਾਈ ਕਰ ਰਹੇ ਹਿਮਾਚਲ ਪੁਲੀਸ ਦੇ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਬੈਂਡ ਵਿੱਚ ਵੱਖ ਵੱਖ ਰੈਂਕਾਂ ਦੇ ਕਰੀਬ 31 ਮੈਂਬਰ ਹਨ। ਭਲਕੇ ਸ਼ਨਿਚਰਵਾਰ ਨੂੰ ਬਾਲੀਵੁੱਡ ਗਾਇਕ ਕੈਲਾਸ਼ ਖੇਰ ਆਪਣੇ ਹੁਨਰ ਦਾ ਪ੍ਰਗਟਾਵਾ ਕਰਨਗੇ। ਇਸ ਤੋਂ ਬਾਅਦ ਐਤਵਾਰ ਨੂੰ ਕਾਰਨੀਵਾਲ ਦੇ ਆਖ਼ਰੀ ਦਿਨ ਪੰਜਾਬੀ ਗਾਇਕ ਬੱਬੂ ਮਾਨ ਮਿਊਜ਼ੀਕਲ ਨਾਈਟ ਵਿੱਚ ਪਰਫਾਰਮ ਕਰਨਗੇ। ਵਰਨਣਯੋਗ ਹੈ ਕਿ ਇਸ ਸਾਲਾਨਾ ਚੰਡੀਗੜ੍ਹ ਕਾਰਨੀਵਾਲ ਦਾ ਟ੍ਰਾਈਸਿਟੀ ਦੇ ਲੋਕਾਂ ਦੇ ਨਾਲ-ਨਾਲ ਨਾਲ ਲੱਗਦੇ ਹੋਰ ਸ਼ਹਿਰਾਂ ਦੇ ਲੋਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।

Advertisement
Author Image

joginder kumar

View all posts

Advertisement
Advertisement
×