ਚੰਡੀਗੜ੍ਹ: ਅੰਬਰੀਸ਼ ਨੂੰ ਭੂਸ਼ਨ ਧਿਆਨਪੁਰੀ ਯਾਦਗਾਰੀ ਵਾਰਤਕ ਐਵਾਰਡ
ਹਰਦੇਵ ਚੌਹਾਨ
ਚੰਡੀਗੜ੍ਹ, 9 ਸਤੰਬਰ
ਸੁਰ ਸਾਂਝ ਕਲਾ ਮੰਚ ਖਰੜ ਵੱਲੋਂ ਇਥੇ ਟੀਐੱਸ ਸੈਂਟਰਲ ਸਟੇਟ ਲਾਇਬ੍ਰੇਰੀ ਵਿੱਚ ਪਹਿਲਾ ਭੂਸ਼ਨ ਧਿਆਨਪੁਰੀ ਯਾਦਗਾਰੀ ਵਾਰਤਕ ਐਵਾਰਡ ਡਾ. ਅੰਬਰੀਸ਼ ਨੂੰ ਦਿੱਤਾ ਗਿਆ। ਇਸ ਮੌਕੇ ਸ਼ਾਇਰਾ ਯਤਿੰਦਰ ਮਾਹਲ, ਸ਼ਾਇਰ ਸੁਰਜੀਤ ਜੀਤ, ਸ਼ਾਇਰਾ ਸੰਦੀਪ, ਜਸ਼ਨਪ੍ਰੀਤ, ਸ਼ਾਇਰ ਜੱਗਦੀਪ, ਊਰਦੂ ਸ਼ਾਇਰ ਕਰਨ ਸਹਰ ਤੇ ਸਾਨੀ ਜਗਜੀਵਨਮੀਤ ਨੇ ਚੋਣਵੀਆਂ ਰਚਨਾਵਾਂ ਸੁਣਾਈਆਂ। ਦੂਸਰੇ ਸੈਸ਼ਨ ਵਿਚ ਡਾ. ਅੰਬਰੀਸ਼ ਨੂੰ 'ਭੂਸ਼ਨ ਧਿਆਨਪੁਰੀ ਯਾਦਗਾਰੀ ਵਾਰਤਕ ਐਵਾਰਡ' ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਗੁਰਪ੍ਰੀਤ ਨੇ ਕਿਹਾ ਕਿ ਡਾ. ਅੰਬਰੀਸ਼ ਬਹੁਤ ਸੂਖਮ ਸੋਚ ਦਾ ਮਾਲਕ ਹੈ। ਇਸ ਨੂੰ ਸਨਮਾਨਿਤ ਕਰਨਾ ਖੁਦ ਸਨਮਾਨਿਤ ਹੋਣਾ ਹੈ। ਡਾ. ਮਨਮੋਹਨ ਨੇ ਕਿਹਾ ਕਿ ਵਾਰਤਕ ਸਭ ਤੋਂ ਔਖੀ ਵਿਧਾ ਹੈ ਪਰ ਅੰਬਰੀਸ਼ ਨੂੰ ਆਪਣੇ ਸ਼ਬਦ ਥਾਂ ਸਿਰ ਰੱਖਣੇ ਆਉਂਦੇ ਹਨ। ਮੁੱਖ ਮਹਿਮਾਨ ਡਾ. ਲਖਵਿੰਦਰ ਜੌਹਲ ਨੇ ਕਿਹਾ ਕਿ ਡਾ. ਅੰਬਰੀਸ਼ ਛੋਟੀਆਂ-ਛੋਟੀਆਂ ਘਟਨਾਵਾਂ ’ਤੇ ਆਪਣੇ ਬਿਰਤਾਂਤ ਸਿਰਜਦਾ ਹੈ। ਮੰਚ ਪ੍ਰਧਾਨ ਸੁਰਜੀਤ ਸੁਮਨ ਤੇ ਮੰਚ ਸੰਚਾਲਕ ਜਗਦੀਪ ਸਿੱਧੂ ਨੇ ਹਾਜ਼ਰੀਨਾਂ ਦਾ ਧੰਨਵਾਦ ਕੀਤਾ।