ਗੁਲਮਰਗ ’ਚ ਬਰਫਬਾਰੀ ਮਗਰੋਂ ਮੈਦਾਨੀ ਇਲਾਕਿਆਂ ’ਚ ਮੀਂਹ ਦੀ ਸੰਭਾਵਨਾ
ਸ੍ਰੀਨਗਰ, 24 ਨਵੰਬਰ
ਕਸ਼ਮੀਰ ਦੇ ਗੁਲਮਰਗ ਸਣੇ ਹੋਰ ਉੱਚੇ ਇਲਾਕਿਆਂ ਵਿੱਚ ਅੱਜ ਹੋਈ ਤਾਜ਼ਾ ਬਰਫ਼ਬਾਰੀ ਕਾਰਨ ਵਾਦੀ ਦੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਵਧ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗੁਲਮਰਗ ਵਿੱਚ ਸ਼ਨਿਚਰਵਾਰ ਸ਼ਾਮ ਤੋਂ ਅੱਜ ਤੜਕੇ ਤੱਕ ਦਰਮਿਆਨੀ ਬਰਫਬਾਰੀ ਹੋਈ। ਇਸ ਦੌਰਾਨ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ’ਚ ਭੱਦਰਵਾਹ ਨੇੜਲੀਆਂ ਪਹਾੜੀਆਂ ’ਤੇ ਰਾਤ ਭਰ ਮੌਸਮ ਦੀ ਪਹਿਲੀ ਬਰਫਬਾਰੀ ਹੋਈ। ਉਨ੍ਹਾਂ ਦੱਸਿਆ ਕਿ ਕੁਪਵਾੜਾ ਜ਼ਿਲ੍ਹੇ ਦੇ ਕਰਨਾਹ ਅਤੇ ਬਾਂਦੀਪੋਰਾ ਜ਼ਿਲ੍ਹੇ ਦੇ ਤੁਲੈਲ ’ਚ ਵੀ ਦਰਮਿਆਨੀ ਬਰਫਬਾਰੀ ਹੋਈ ਹੈ। ਰਾਤ ਸਮੇਂ ਸ੍ਰੀਨਗਰ ਅਤੇ ਬਡਗਾਮ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਸਮੇਤ ਕਸ਼ਮੀਰ ਦੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਪਿਆ ਜਿਸ ਕਰਕੇ ਦਿਨ ਦਾ ਤਾਪਮਾਨ ਡਿੱਗ ਗਿਆ। ਸ੍ਰੀਨਗਰ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 4.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਸਾਲ ਦੇ ਇਸ ਸਮੇਂ ਲਈ ਆਮ ਵਾਂਗ ਹੈ। ਪਹਿਲਗਾਮ ਅਤੇ ਗੁਲਮਰਗ ਦਾ ਤਾਪਮਾਨ ਮਨਫੀ ਤੋਂ ਹੇਠਾਂ ਦਰਜ ਕੀਤਾ ਗਿਆ। ਦੋਵਾਂ ਥਾਵਾਂ ’ਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਥੋੜ੍ਹਾ ਵੱਧ ਸੀ। ਮੌਸਮ ਵਿਭਾਗ ਅਨੁਸਾਰ ਅਗਲੇ ਹਫ਼ਤੇ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ, ‘5 ਦਸੰਬਰ ਤੱਕ ਮੌਸਮ ਖੁਸ਼ਕ ਅਤੇ ਠੰਢਾ ਰਹੇਗਾ। 30 ਨਵੰਬਰ ਦੀ ਰਾਤ ਤੋਂ ਪਹਿਲੀ ਦਸੰਬਰ ਦੁਪਹਿਰ ਤੱਕ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ।’ -ਪੀਟੀਆਈ