ਚੈਂਪੀਅਨਜ਼ ਟਰਾਫੀ: ਭਾਰਤ ਨਿਰਪੱਖ ਸਥਾਨਾਂ ’ਤੇ ਖੇਡੇਗਾ ਆਪਣੇ ਮੈਚ
ਦੁਬਈ, 19 ਦਸੰਬਰ
ਚੈਂਪੀਅਨਜ਼ ਟਰਾਫੀ ਦੀ ਮੇਜ਼ਬਾਨੀ ਨੂੰ ਲੈ ਕੇ ਬਣਿਆ ਜਮੂਦ ਅੱਜ ਖਤਮ ਹੋ ਗਿਆ, ਜਦੋਂ ਆਈਸੀਸੀ ਨੇ ਐਲਾਨ ਕੀਤਾ ਕਿ 50 ਓਵਰਾਂ ਦੇ ਇਸ ਟੂਰਨਾਮੈਂਟ ’ਚ ਭਾਰਤ ਆਪਣੇ ਮੈਚ ਮੇਜ਼ਬਾਨ ਦੇਸ਼ ਪਾਕਿਸਤਾਨ ਦੀ ਬਜਾਏ ਕਿਸੇ ਨਿਰਪੱਖ ਸਥਾਨ ’ਤੇ ਖੇਡੇਗਾ। ਦੂਜੇ ਪਾਸੇ ਪਾਕਿਸਤਾਨ ਲਈ ਵੀ ਇਹੀ ਪ੍ਰਬੰਧ ਲਾਗੂ ਹੋਵੇਗਾ ਅਤੇ ਉਹ ਭਾਰਤ ਵਿੱਚ ਹੋਣ ਵਾਲੇ ਟੂਰਨਾਮੈਂਟਾਂ ਦੇ ਮੁਕਾਬਲੇ ਨਿਰਪੱਖ ਥਾਵਾਂ ’ਤੇ ਖੇਡੇਗਾ।
ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਬਿਆਨ ’ਚ ਕਿਹਾ, ‘‘ਆਈਸੀਸੀ ਬੋਰਡ ਨੇ ਮਨਜ਼ੂਰੀ ਦੇ ਦਿੱਤੀ ਹੈ ਕਿ 2024 ਤੋਂ 2027 ਤੱਕ ਮੌਜੂਦਾ ਗੇੜ (ਜਿਸ ਦੀ ਮੇਜ਼ਬਾਨੀ ਭਾਰਤ ਤੇ ਪਾਕਿਸਤਾਨ ਨੇ ਕਰਨੀ ਹੈ) ਦੌਰਾਨ ਆਈਸੀਸੀ ਟੂਰਨਾਮੈਂਟਾਂ ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਸਾਰੇ ਮੁਕਾਬਲੇ ਟੂਰਨਾਮੈਂਟ ਦੇ ਮੇਜ਼ਬਾਨ ਵੱਲੋਂ ਤਜਵੀਜ਼ਤ ਨਿਰਪੱਖ ਸਥਾਨਾਂ ’ਤੇ ਖੇਡੇ ਜਾਣਗੇ।’’ ਇਹ ਪ੍ਰਬੰਧ ਚੈਂਪੀਅਨਜ਼ ਟਰਾਫੀ-2025 (ਪਾਕਿਸਤਾਨ), ਸਾਲ 2026 ’ਚ ਭਾਰਤ ਹੋੋਣ ਵਾਲੇ ਮਹਿਲਾ ਕ੍ਰਿਕਟ ਵਿਸ਼ਵ ਕੱਪ ਅਤੇ ਸ੍ਰੀਲੰਕਾ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ’ਚ ਲਾਗੂ ਹੋਵੇਗਾ। ਇਸ ਦੇ ਨਾਲ ਹੀ ਆਈਸੀਸੀ ਨੇ ਕਿਹਾ ਕਿ ਚੈਂਪੀਅਨਸ ਟਰਾਫ਼ੀ-2025 ਦੇ ਪ੍ਰੋਗਰਾਮ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਦੱਸਣਯੋਗ ਹੈ ਭਾਰਤ ਨੇ ਸੁਰੱਖਿਆ ਫਿਕਰਾਂ ਦੇ ਮੱਦੇਨਜ਼ਰ ਫਰਵਰੀ-ਮਾਰਚ ’ਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਲਈ ਪਾਕਿਸਤਾਨ ਦਾ ਦੌਰਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਭਾਰਤ ਨੇ 2008 ਦੇ ਮੁੰਬਈ ਦਹਿਸ਼ਤੀ ਹਮਲੇ ਤੋਂ ਮਗਰੋਂ ਪਾਕਿਸਤਾਨ ’ਚ ਕੋਈ ਵੀ ਮੈਚ ਨਹੀਂ ਖੇਡਿਆ। -ਪੀਟੀਆਈ