ਅਧਿਆਪਕਾਂ ਵੱਲੋਂ ਮੁਹਾਲੀ ’ਚ ਚੱਕਾ ਜਾਮ
ਪੱਤਰ ਪ੍ਰੇਰਕ
ਐੱਸਏਐੱਸ ਨਗਰ (ਮੁਹਾਲੀ), 26 ਨਵੰਬਰ
ਪਿਛਲੇ ਦੋ ਦਹਾਕਿਆਂ ਤੋਂ ਸਮੱਗਰਾ ਸਿੱਖਿਆ ਅਭਿਆਨ ਅਥਾਰਟੀ ਅਧੀਨ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਦਿਵਿਆਂਗ ਬੱਚਿਆਂ ਨੂੰ ਪੜ੍ਹਾਉਣ ਵਾਲੇ ਕੱਚੇ ਅਧਿਆਪਕਾਂ ਨੇ ਵਿਸ਼ੇਸ਼ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਅੱਜ ਮੁਹਾਲੀ ਦੇ ਫੇਜ਼-7 ਸਥਿਤ ਲਾਲ ਬੱਤੀ ਚੌਕ ’ਤੇ ਚੱਕਾ ਜਾਮ ਕਰ ਕੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਉਹ ਕਈ ਦਿਨਾਂ ਤੋਂ ਡੀਜੀਐੱਸਈ ਦਫ਼ਤਰ ਦੇ ਬਾਹਰ ਲੜੀਵਾਰ ਧਰਨੇ ’ਤੇ ਬੈਠੇ ਹਨ। ਅੱਜ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਅਚਾਨਕ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਅਧਿਆਪਕ ਸੜਕ ’ਤੇ ਧਰਨਾ ਲਗਾ ਕੇ ਬੈਠ ਗਏ। ਇਸ ਦੌਰਾਨ ਚੰਡੀਗੜ੍ਹ ਤੋਂ ਮੁਹਾਲੀ, ਮੁਹਾਲੀ ਤੋਂ ਲਾਂਡਰਾਂ ਅਤੇ ਅੰਦਰਲੀ ਮੁੱਖ ਸੜਕ ’ਤੇ ਕਾਫ਼ੀ ਸਮਾਂ ਆਵਾਜਾਈ ਪ੍ਰਭਾਵਿਤ ਰਹੀ।
ਇਸ ਮੌਕੇ ਸੂਬਾ ਪ੍ਰਧਾਨ ਰਮੇਸ਼ ਸਹਾਰਨ, ਨਰਿੰਦਰ ਕੁਮਾਰ, ਸੁਖਰਾਜ ਸਿੰਘ ਆਦਿ ਨੇ ਕਿਹਾ ਕਿ ਉਨ੍ਹਾਂ ਦੀ ਭਰਤੀ 2005 ਵਿੱਚ ਨਿਯਮਾਂ ਅਨੁਸਾਰ ਹੋਈ ਸੀ ਪਰ 19 ਸਾਲ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ। ਉਧਰ, ਸੂਚਨਾ ਮਿਲਦੇ ਹੀ ਮੁਹਾਲੀ ਦੇ ਤਹਿਸੀਲਦਾਰ ਅਰਜੁਨ ਸਿੰਘ ਗਰੇਵਾਲ ਅਤੇ ਐਸਪੀ ਸਿਟੀ ਹਰਬੀਰ ਸਿੰਘ ਅਟਵਾਲ ਵੀ ਮੌਕੇ ਤੇ ਜਥੇਬੰਦੀ ਨੂੰ 28 ਨਵੰਬਰ ਨੂੰ ਕੈਬਨਿਟ ਮੰਤਰੀ ਅਮਨ ਅਰੋੜਾ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਬਾਅਦ ਸ਼ਾਮ ਨੂੰ ਅਧਿਆਪਕਾਂ ਨੇ ਧਰਨਾ ਖ਼ਤਮ ਕਰਕੇ ਜਾਮ ਖੋਲ੍ਹ ਦਿੱਤਾ ਅਤੇ ਵਾਪਸ ਪੱਕੇ ਮੋਰਚੇ ਵਾਲੀ ਥਾਂ ’ਤੇ ਚਲੇ ਗਏ।