ਚੇਅਰਮੈਨ ਨਵਦੀਪ ਜੀਦਾ ਵੱਲੋਂ ਖੰਡ ਮਿੱਲ ਦੀ ਚੈਕਿੰਗ
ਸ਼ਗਨ ਕਟਾਰੀਆ
ਬਠਿੰਡਾ, 20 ਮਾਰਚ
ਸ਼ੂਗਰਫ਼ੈੱਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ ਵੱਲੋਂ ਅਚਨਚੇਤ ਬਟਾਲਾ ਸਹਿਕਾਰੀ ਖੰਡ ਮਿੱਲ ਦੀ ਚੈਕਿੰਗ ਕੀਤੀ ਗਈ। ਸ੍ਰੀ ਜੀਦਾ ਖੰਡ ਮਿੱਲ ਅੰਦਰ ਪਿੜਾਈ ਲਈ ਗੰਨਾ ਲੈ ਕੇ ਆਏ ਕਿਸਾਨਾਂ ਨੂੰ ਵੀ ਮਿਲੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕਿਸਾਨ ਆਰਾਮ ਘਰ ਅਤੇ ਕਿਸਾਨ ਕੰਟੀਨ ਦੀ ਚੈਕਿੰਗ ਵੀ ਕੀਤੀ।
ਚੇਅਰਮੈਨ ਨੇ ਮਿੱਲ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਿਸਾਨ ਆਰਾਮ ਘਰ ਅਤੇ ਕਿਸਾਨ ਕੰਟੀਨ ਅੰਦਰ ਕਿਸਾਨ ਭਰਾਵਾਂ ਨੂੰ ਸਾਫ਼ ਸੁਥਰੇ ਬਿਸਤਰੇ ਅਤੇ ਵਧੀਆ ਖਾਣਾ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਮਿੱਲ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਉਹ ਹਮੇਸ਼ਾ ਹੀ ਲੋਕ ਹਿੱਤ ਵਿੱਚ ਕੰਮ ਕਰਨ ਲਈ ਵੱਚਨਬੱਧ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ ’ਤੇ ਮਿੱਲ ਅੰਦਰ ਭ੍ਰਿਸ਼ਟਾਚਾਰ ਜਾਂ ਕਿਸਾਨਾਂ ਦੀ ਖੱਜਲ ਖ਼ੁਆਰੀ ਬਰਦਾਸ਼ਤ ਨਹੀਂ ਹੋਵੇਗੀ। ਉਨ੍ਹਾਂ ਮਿੱਲ ਨੂੰ ਤਰੱਕੀ ਦੇ ਖੇਤਰ ’ਚ ਅੱਗੇ ਲਿਆਉਣ ਲਈ ਖੰਡ ਮਿੱਲ ਦੇ ਅਧਿਕਾਰੀਆਂ ਨੂੰ ਵੀ ਪ੍ਰੇਰਿਆ।
ਸ੍ਰੀ ਜੀਦਾ ਨੇ ਰਵਾਇਤੀ ਪਾਰਟੀਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਸਮੇਂ ਨਾ ਤਾਂ ਕਿਸਾਨਾਂ ਦੇ ਗੰਨੇ ਦੀ ਅਦਾਇਗੀ ਸਮੇਂ ਸਿਰ ਹੁੰਦੀ ਸੀ ਅਤੇ ਨਾ ਕਿ ਸਹਿਕਾਰੀ ਖੰਡ ਮਿੱਲ ਦੇ ਅਧਿਕਾਰੀਆਂ ਨੂੰ ਤਨਖ਼ਾਹ ਵਕਤ ’ਤੇ ਮਿਲਦੀ ਸੀ, ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਵਾਲੀ ਸਰਕਾਰ ਵਿੱਚ ਇਹ ਦੋਵੇਂ ਗੱਲਾਂ ਸਮੇਂ ਸਿਰ ਹੋ ਰਹੀਆਂ ਹਨ।
ਚੇਅਰਮੈਨ ਨਵਦੀਪ ਜੀਦਾ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਹੀ ਸਹਿਕਾਰੀ ਖੰਡ ਮਿੱਲਾਂ ਹੁਣ ਤੱਕ ਅੱਧਿਓਂ ਵੱਧ ਕਿਸਾਨਾਂ ਦੀ ਅਦਾਇਗੀ ਕਰ ਚੁੱਕੀਆਂ ਹਨ ਅਤੇ ਬਾਕੀ ਰਹਿੰਦੀ ਅਦਾਇਗੀ ਵੀ ਸੀਜ਼ਨ ਸਮਾਪਤ ਹੋਣ ਤੋਂ ਪਹਿਲਾਂ ਕਰ ਦਿੱਤੀ ਜਾਵੇਗੀ।