ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚਾਚੀ ਅਤਰੋ ਨੂੰ ਅਮਰ ਕਰ ਗਿਆ ਸਰੂਪ ਪਰਿੰਦਾ

08:04 AM Aug 03, 2024 IST
ਸਰੂਪ ਪਰਿੰਦਾ ਅਤੇ ਉਸ ਵੱਲੋਂ ਨਿਭਾਇਆ ਕਿਰਦਾਰ ਅਤਰੋ

ਰਜਵਿੰਦਰ ਪਾਲ ਸ਼ਰਮਾ

ਪੰਜਾਬੀ ਰੰਗਮੰਚ ਤੋਂ ਲੈ ਕੇ ਪੰਜਾਬੀ ਫਿਲਮਾਂ ਵਿੱਚ ਚਾਚੀ ਅਤਰੋ ਦੇ ਕਿਰਦਾਰ ਨੂੰ ਅਮਰ ਕਰਨ ਵਾਲੇ ਸਰੂਪ ਪਰਿੰਦਾ ਨੇ ਆਪਣੇ ਹੁਨਰ ਸਦਕਾ ਪੰਜਾਬੀਆਂ ਦੇ ਦਿਲਾਂ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਅਦਾਕਾਰੀ ਪ੍ਰਤੀ ਚੇਟਕ ਉਸ ਨੂੰ ਬਚਪਨ ਤੋਂ ਹੀ ਲੱਗ ਗਈ ਸੀ। ਪਿੰਡ ਵਿੱਚ ਹੋਣ ਵਾਲੀ ਰਾਮਲੀਲਾ ਵਿੱਚ ਉਹ ਲਗਾਤਾਰ ਭਾਗ ਲੈਂਦਾ ਸੀ। ਇਸ ਤਰ੍ਹਾਂ ਹੌਲੀ ਹੌਲੀ ਅਦਾਕਾਰੀ ਦਾ ਸ਼ੌਕ ਉਸ ਦਾ ਜਨੂੰਨ ਬਣ ਗਿਆ।
ਬਠਿੰਡਾ ਵਿਖੇ 1938 ਵਿੱਚ ਉਸ ਦਾ ਜਨਮ ਹੋਇਆ ਤਾਂ ਮਾਪਿਆਂ ਨੇ ਉਸ ਦਾ ਨਾਂ ਸਰੂਪ ਸਿੰਘ ਰੱਖਿਆ। ਬਚਪਨ ਤੋਂ ਹੀ ਰੰਗਮੰਚ ਨਾਲ ਜੁੜਿਆ ਸਰੂਪ ਸਿੰਘ ਜਦੋਂ ਮਹਿੰਦਰ ਸਿੰਘ ਬਾਵਰਾ ਦੇ ਥੀਏਟਰ ਕਲੱਬ ਨਾਲ ਜੁੜਿਆ ਤਾਂ ਉੱਥੇ ਪਹਿਲਾਂ ਤੋਂ ਹੀ ਸਰੂਪ ਸਿੰਘ ਪੰਛੀ ਨਾਂ ਦਾ ਅਦਾਕਾਰ ਕੰਮ ਕਰ ਰਿਹਾ ਸੀ। ਇਸ ’ਤੇ ਉਸ ਦੇ ਅਦਾਕਾਰ ਸਾਥੀ ਉਸ ਨੂੰ ਸਰੂਪ ਪਰਿੰਦਾ ਕਹਿਣ ਲੱਗ ਪਏ। ਸਰੂਪ ਪਰਿੰਦਾ ਦੀ ਕਾਮੇਡੀ ਦੇਖ ਕੇ ਇੱਕ ਵਾਰ ਇੱਕ ਮੰਤਰੀ ਨੇ ਉਸ ਨੂੰ ਪੰਜ ਰੁਪਏ ਇਨਾਮ ਦੇ ਨਾਲ ਨਾਲ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਵਿੱਚ ਨੌਕਰੀ ਦੇ ਦਿੱਤੀ। ਨੌਕਰੀ ਦੌਰਾਨ ਵੀ ਉਹ ਆਪਣੀ ਅਦਾਕਾਰੀ ਨੂੰ ਪੂਰਾ ਸਮਾਂ ਦਿੰਦਾ ਰਿਹਾ। ਇਸ ਦਾ ਹੀ ਨਤੀਜਾ ਹੈ ਕਿ ਪੰਜਾਬੀ ਹੁਣ ਸਰੂਪ ਪਰਿੰਦਾ ਨੂੰ ਭੁਲਾ ਕੇ ਚਾਚੀ ਅਤਰੋ ਨੂੰ ਆਪਣੇ ਦਿਲਾਂ ਵਿੱਚ ਵਸਾ ਚੁੱਕੇ ਹਨ।
ਸਰੂਪ ਪਰਿੰਦਾ ਚਾਚੀ ਅਤਰੋ ਬਣ ਕੇ ਪੰਜ ਦਹਾਕੇ ਪੰਜਾਬੀ ਰੰਗਮੰਚ ਤੇ ਫਿਲਮਾਂ ਦੀ ਸੇਵਾ ਕਰਦਾ ਰਿਹਾ। ਘੱਟ ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਉਸ ਦੀ ਪੰਜਾਬੀ ਬੋਲੀ ’ਤੇ ਪਕੜ ਬਹੁਤ ਵਧੀਆ ਸੀ। ਉਹ ਪੇਂਡੂ ਔਰਤਾਂ ਦੀ ਤਰ੍ਹਾਂ ਗੱਲਬਾਤ ਕਰਦਾ ਸੀ। ਉਸ ਦੀ ਬੋਲ-ਬਾਣੀ ਅਤੇ ਰਹਿਣ-ਸਹਿਣ ਵਿੱਚੋਂ ਪਿੰਡਾਂ ਦੀ ਨੁਹਾਰ ਬਾਖ਼ੂਬੀ ਝਲਕਦੀ ਸੀ। ਇਸ ਦੌਰਾਨ ਹੀ ਉਹ ਪੰਜਾਬੀ ਰੰਗਮੰਚ ਅਤੇ ਫਿਲਮਾਂ ਦੇ ਬਿਹਤਰੀਨ ਕਲਾਕਾਰਾਂ ਦੇ ਸੰਪਰਕ ਵਿੱਚ ਆਇਆ। ਉਸ ਨੇ ਜਸਵਿੰਦਰ ਭੱਲਾ, ਮੇਹਰ ਮਿੱਤਲ, ਰਾਣਾ ਰਣਵੀਰ, ਭਗਵੰਤ ਮਾਨ, ਗੁਰਪ੍ਰੀਤ ਘੁੱਗੀ, ਯੋਗਰਾਜ ਅਤੇ ਗੁੱਗੂ ਗਿੱਲ ਵਰਗੇ ਸੁਪਰਹਿੱਟ ਕਲਾਕਾਰਾਂ ਨਾਲ ਕੰਮ ਕਰਕੇ ਪੰਜਾਬੀ ਸਿਨੇਮਾ ਨੂੰ ਚਾਰ ਚੰਨ ਲਾਉਂਦੇ ਹੋਏ ਇੱਕ ਨਵੀਂ ਪਛਾਣ ਦਿੱਤੀ। 1980 ਵਿੱਚ ਸਰੂਪ ਪਰਿੰਦਾ ਜਦੋਂ ਜਸਵਿੰਦਰ ਭੱਲਾ ਨਾਲ ਹਿੰਦੀ ਫਿਲਮ ‘ਸਾਸੋਂ ਕੀ ਸਰਗਮ’ ਕਰ ਰਿਹਾ ਸੀ ਤਾਂ ਜਸਵਿੰਦਰ ਭੱਲਾ ਨੇ ਕਿਹਾ ਕਿ ਉਹ ਜਲੰਧਰ ਦੂਰਦਰਸ਼ਨ ’ਤੇ ਇੱਕ ਲੜੀਵਾਰ ਸ਼ੁਰੂ ਕਰਨਾ ਚਾਹੁੰਦੇ ਹਨ। ਇਸ ਲਈ ਤੁਸੀਂ ਆਪਣਾ ਨਾਂ ਸੰਤੋ, ਬੰਤੋ ਜਾਂ ਕੋਈ ਹੋਰ ਰੱਖੋ। ਇਸ ’ਤੇ ਸਰੂਪ ਪਰਿੰਦਾ ਨੂੰ ਯਾਦ ਆਇਆ ਕਿ ਉਨ੍ਹਾਂ ਦੇ ਗੁਆਂਢ ਵਿੱਚ ਦੋ ਸਕੀਆਂ ਭੈਣਾਂ ਰਹਿੰਦੀਆਂ ਹਨ ਜਿਨ੍ਹਾਂ ਦਾ ਨਾਂ ਅਤਰੋ-ਚਤਰੋ ਸੀ। ਉਨ੍ਹਾਂ ਨੂੰ ਦੇਖ ਕੇ ਹੀ ਸਰੂਪ ਪਰਿੰਦਾ ਨੇ ਆਪਣਾ ਨਾਮ ਅਤਰੋ ਅਤੇ ਆਪਣੇ ਗੁਆਂਢੀ ਦੇਸ ਰਾਜ ਸ਼ਰਮਾ ਦਾ ਨਾਂ ਚਤਰੋ ਰੱਖਿਆ। ਅੱਸੀ ਦੇ ਦਹਾਕੇ ਵਿੱਚ ਪੰਜਾਬੀ ਸਿਨੇਮਾ ਵਿੱਚ ਅਤਰੋ-ਚਤਰੋ ਦੀ ਜੋੜੀ ਨੇ ਖ਼ੂਬ ਨਾਮ ਕਮਾਇਆ। ਇੱਕ ਵਾਰ ਉਨ੍ਹਾਂ ਦੀ ਅਦਾਕਾਰੀ ਤੋਂ ਖ਼ੁਸ਼ ਹੋ ਕੇ ਤਤਕਾਲੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਚਿੱਠੀ ਲਿਖ ਕੇ ਉਨ੍ਹਾਂ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਸੀ। ਇਨ੍ਹਾਂ ਦੇ ਨਾਂ ’ਤੇ ਅੰਮ੍ਰਿਤਸਰ ਵਿੱਚ ਕੱਪੜੇ ਵੀ ਆਏ ਜੋ ਪੂਰੇ ਪੰਜਾਬ ਵਿੱਚ ਪ੍ਰਸਿੱਧ ਹੋਏ।
ਆਪਣੇ ਜੀਵਨ ਦੌਰਾਨ ਉਸ ਨੇ ਤੀਹ ਫਿਲਮਾਂ ਅਤੇ ਪੰਜਾਹ ਟੈਲੀਫਿਲਮਾਂ ਦੇ ਕੇ ਪੂਰੀ ਦੁਨੀਆ ਵਿੱਚ ਆਪਣੀ ਬਿਹਤਰੀਨ ਅਦਾਕਾਰੀ ਦਾ ਲੋਹਾ ਮਨਵਾਇਆ। ਉਸ ਨੇ ਆਪਣੀਆਂ ਪ੍ਰਸਿੱਧ ਫਿਲਮਾਂ ‘ਪੁੱਤ ਜੱਟਾਂ ਦੇ’, ‘ਜੱਟ ਤੇ ਜ਼ਮੀਨ’, ‘ਯਾਰੀ ਜੱਟ ਦੀ’, ‘ਪਟੋਲਾ’ ਦੇ ਨਾਲ ਨਾਲ ‘ਅਤਰੋ ਡਾਰਲਿੰਗ ਆਈ ਲਵ ਯੂ’, ‘ਗੂੰਗੇ ਦਾ ਵਿਆਹ’, ‘ਬਾਪੂ ਦਾ ਵਿਆਹ’, ‘ਮੋਮੋਠਗਣੀਆਂ’, ‘ਛੜਾ ਜੇਠ’, ‘ਅਤਰੋ ਚੱਕ ਦੇ ਫੱਟੇ’ ਅਤੇ ‘ਅਤਰੋ ਦਾ ਕਾਕਾ’ ਨਾਲ ਪੰਜਾਬੀ ਸਿਨੇਮਾ ਨੂੰ ਬੁਲੰਦੀਆਂ ’ਤੇ ਪਹੁੰਚਾਇਆ। ਸਰੂਪ ਪਰਿੰਦੇ ਦਾ ਵਿਆਹ 1962 ਵਿੱਚ ਦਲੀਪ ਕੌਰ ਨਾਲ ਹੋਇਆ ਅਤੇ ਇਨ੍ਹਾਂ ਦੇ ਘਰ ਦੋ ਪੁੱਤਰਾਂ ਗੁਰਪ੍ਰੀਤ ਸਿੰਘ ਹੈਪੀ ਅਤੇ ਰਜਿੰਦਰ ਸਿੰਘ ਨੇ ਜਨਮ ਲਿਆ। ਕਾਮੇਡੀ ਦੇ ਨਾਲ ਨਾਲ ਸਰੂਪ ਪਰਿੰਦੇ ਨੇ ਪੰਜਾਬੀ ਟੀਵੀ ਨਾਟਕ ‘ਘਰ ਜਵਾਈ’, ‘ਨਸੀਹਤ’, ‘ਫਲਾਤੋ’, ‘ਕੁੱਲੀ ਯਾਰ ਦੀ’ ਅਤੇ ਇੱਕ ਕਿਤਾਬ ‘ਮੇਰਾ ਜੀਵਨ ਮੇਰੇ ਹਾਸੇ’ ਵੀ ਮਾਂ ਬੋਲੀ ਦੀ ਝੋਲੀ ਪਾਈਆਂ।
ਸਰੂਪ ਪਰਿੰਦਾ ਸਾਰੀ ਉਮਰ ਲੋਕਾਂ ਦਾ ਮਨੋਰੰਜਨ ਕਰਦਾ ਰਿਹਾ। ਉਸ ਦੀ ਕਾਮੇਡੀ ਵਿੱਚ ਵਿਅੰਗ ਦੇ ਨਾਲ ਨਾਲ ਸਾਰਥਿਕ ਸੁਨੇਹਾ ਵੀ ਹੁੰਦਾ ਸੀ। ਸਮਾਜ ਦੀ ਦਸ਼ਾ ਨੂੰ ਉਹ ਬਾਖ਼ੂਬੀ ਆਪਣੀ ਅਦਾਕਾਰੀ ਰਾਹੀਂ ਲੋਕਾਂ ਸਾਹਮਣੇ ਪੇਸ਼ ਕਰਦਾ ਸੀ। ਲੋਕਾਂ ਨੂੰ ਹਸਾਉਣ ਅਤੇ ਚਾਚੀ ਅਤਰੋ ਨੂੰ ਅਮਰ ਕਰਨ ਵਾਲਾ ਸਰੂਪ ਪਰਿੰਦਾ 04 ਮਾਰਚ 2016 ਨੂੰ ਰੁਖ਼ਸਤ ਹੋ ਗਿਆ। ਸਰੂਪ ਪਰਿੰਦਾ ਹੁਣ ਸਰੀਰਕ ਰੂਪ ਵਿੱਚ ਭਾਵੇਂ ਸਾਡੇ ਕੋਲ ਨਹੀਂ ਪ੍ਰੰਤੂ ਚਾਚੀ ਅਤਰੋ ਦੇ ਕਿਰਦਾਰ ਦੇ ਰੂਪ ਵਿੱਚ ਹਮੇਸ਼ਾ ਸਾਡੇ ਸਾਰਿਆਂ ਦੇ ਦਿਲਾਂ ਵਿੱਚ ਜਿਊਂਦਾ ਰਹੇਗਾ।

Advertisement

ਸੰਪਰਕ: 70873-67969

Advertisement
Advertisement
Advertisement