ਭਾਈ ਜੈਤਾ ਜੀ ਦੇ ਜਨਮ ਦਿਹਾੜੇ ਮੌਕੇ ਤਖ਼ਤ ਕੇਸਗੜ੍ਹ ਸਾਹਿਬ ’ਚ ਸਮਾਗਮ
ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 5 ਸਤੰਬਰ
ਪੰਥ ਦੇ ਮਹਾਨ ਜਰਨੈਲ ਤੇ ਰੰਘਰੇਟੇ ਗੁਰੂ ਕੇ ਬੇਟੇ ਦੇ ਨਾਮ ਨਾਲ ਜਾਣੇ ਜਾਂਦੇ ਭਾਈ ਜੈਤਾ ਜੀ ਭਾਈ ਜੀਵਨ ਸਿੰਘ ਦੇ ਜਨਮ ਦਿਹਾੜੇ ਮੌਕੇ ਤਖ਼ਤ ਕੇਸਗੜ੍ਹ ਸਾਹਿਬ ਦੇ ਦਸਮੇਸ਼ ਦੀਵਾਨ ਹਾਲ ਵਿੱਚ ਸਮਾਗਮ ਹੋਇਆ। ਇਸ ਮੌਕੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬਾਬਾ ਜੀਵਨ ਸਿੰਘ ਦੇ ਜੀਵਨ ਦੀ ਵੱਡੀ ਕੁਰਬਾਨੀ ਹੈ ਤੇ ਉਨ੍ਹਾਂ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਨਾਲ ਲੋਹਾ ਲੈਂਦਿਆਂ ਸ਼ਹੀਦੀ ਪ੍ਰਾਪਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਦਾ ਸਤਿਕਾਰ ਕਰਦੀਆਂ ਹਨ ਉਨ੍ਹਾਂ ਕੌਮਾਂ ਵਿੱਚ ਯੋਧੇ ਸੂਰਬੀਰ ਪੈਦਾ ਹੁੰਦੇ ਹਨ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਭਾਜਪਾ ਵੱਲੋਂ ਹਰਿਆਣਾ ਵਿੱਚ ਰਾਮ ਰਹੀਮ ਨੂੰ ਪੈਰੋਲ ਦੇਣ ਵਾਲੇ ਜੇਲ੍ਹਰ ਨੂੰ ਦਾਦਰੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਾਉਣ ਲਈ ਮੈਦਾਨ ਵਿੱਚ ਉਤਾਰੇ ਜਾਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਹੁਣ ਬਿੱਲੀ ਥੈਲੇ ਵਿੱਚੋਂ ਬਾਹਰ ਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਰਾਜਨੀਤੀ ਦਾ ਹਿੱਸਾ ਸੀ ਪਰ ਹੁਣ ਸੱਚ ਲੋਕਾਂ ਸਾਹਮਣੇ ਆ ਚੁੱਕਿਆ ਹੈ। ਉੁਨ੍ਹਾਂ ਕਿਹਾ ਕਿ ਕੰਗਨਾ ਰਣੌਤ ਦੀ ਫ਼ਿਲਮ ਐਮਰਜੈਂਸੀ ’ਤੇ ਦੇਸ਼ ਭਰ ਵਿੱਚ ਰੋਕ ਲੱਗਣੀ ਚਾਹੀਦੀ ਹੈ। ਇਸ ਮੌਕੇ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਦਸ਼ਮੇਸ਼ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ ਹਾਜ਼ਰ ਸਨ।