ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
ਇਕਬਾਲ ਸਿੰਘ ਸ਼ਾਂਤ
ਲੰਬੀ, 23 ਦਸੰਬਰ
ਇੱਥੋਂ ਦੇ ਪਿੰਡ ਕਿੱਲਿਆਂਵਾਲੀ ’ਚ ਨਸ਼ੇ ਦੀ ਓਵਰਡੋਜ਼ ਕਾਰਨ 19 ਸਾਲਾ ਨੌਜਵਾਨ ਦੀ ਮੌਤ ਹੋ ਗਈ। ਖੇਤ ਮਜ਼ਦੂਰ ਪਰਿਵਾਰ ਨਾਲ ਸਬੰਧਤ ਨੌਜਵਾਨ ਜੱਸਾ ਸਿੰਘ ਦੀ ਲਾਸ਼ ਘਰ ਦੇ ਪਖਾਨੇ ਵਿੱਚੋਂ ਮਿਲੀ ਹੈ। ਉਸਦੀ ਬਾਂਹ ’ਤੇ ਨਸ਼ੇ ਦੀ ਟੀਕਾ ਲੱਗਿਆ ਹੋਇਆ ਸੀ। ਇਸ ਨੌਜਵਾਨ ਦਾ ਨਾਂ ਪੁਲੀਸ ਨੂੰ ਕਾਰਵਾਈ ਲਈ ਸੌਂਪੀ ਕਥਿਤ ਨਸ਼ਾ ਵੇਚਣ ਅਤੇ ਨਸ਼ਾ ਕਰਨ ਵਾਲਿਆਂ ਦੀ ਕਰੀਬ 34 ਜਣਿਆਂ ਦੀ ਸੂਚੀ ਵਿੱਚ ਸ਼ਾਮਲ ਸੀ। ਇਹ ਸੂਚੀ ਪਿੰਡ ਵੱਲੋਂ ਸਾਂਝੇ ਤੌਰ ’ਤੇ ਬੀਤੀ 6 ਦਸੰਬਰ ਨੂੰ ਵਾਪਰੇ ਵਿਕਰਮ ਕਤਲ ਕਾਂਡ ਮਗਰੋਂ ਪੁਲੀਸ ਨੂੰ ਦਿੱਤੀ ਗਈ ਸੀ।
ਪਿੰਡ ਵਾਸੀਆਂ ਮੁਤਾਬਕ ਜੱਸਾ ਸਿੰਘ ਤਿੰਨ-ਚਾਰ ਸਾਲ ਪਹਿਲਾਂ ਨਸ਼ਾ ਤਸਕਰਾਂ ਦੇ ਹੱਥੇ ਚੜ੍ਹਿਆ ਸੀ ਜਿਸ ਦੇ ਬਾਅਦ ਉਹ ਕਥਿਤ ਨਸ਼ਾ ਵੇਚਣ ਅਤੇ ਨਸ਼ੇ ਕਰਨ ਦਾ ਆਦੀ ਹੋ ਗਿਆ ਸੀ। ਜੱਸਾ ਸਿੰਘ ਦੇ ਘਰ ਹੁਣ ਗਰੀਬ ਮਾਪੇ ਅਤੇ ਕੁਆਰੀ ਭੈਣ ਹੈ। ਇਸ ਘਟਨਾ ਮਗਰੋਂ ਪਿੰਡ ਕਿੱਲਿਆਂਵਾਲੀ ਵਿੱਚ ਪ੍ਰਸ਼ਾਸਨ ਦੀ ਮੱਠੀ ਕਾਰਵਾਈ ਖ਼ਿਲਾਫ਼ ਰੋਸ ਹੈ। ਭਾਕਿਯੂ ਏਕਤਾ ਉਗਰਾਹਾਂ ਦੇ ਬਲਾਕ ਮੀਤ ਪ੍ਰਧਾਨ ਡਾ. ਪਾਲਾ ਸਿੰਘ ਕਿੱਲਿਆਂਵਾਲੀ ਨੇ ਦੋਸ਼ ਲਾਇਆ ਕਿ ਨਸ਼ਾ ਤਸਕਰਾਂ ਵੱਲੋਂ ਪੀੜਤ ਮਾਪਿਆਂ ’ਤੇ ਲੜਕੇ ਦੇ ਪੋਸਟਮਾਰਟਮ ਦੀ ਬਜਾਏ ਅੰਤਿਮ ਸੰਸਕਾਰ ਲਈ ਦਬਾਅ ਬਣਾਇਆ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਪੀੜਤ ਪਿਤਾ ਮੁਖਤਿਆਰ ਸਿੰਘ ਨੂੰ ਬਿਨਾਂ ਪੋਸਟਮਾਰਟਮ ਦੇ ਅੰਤਿਮ ਸੰਸਕਾਰ ਨਾ ਕਰਵਾਉਣ ਲਈ ਰਾਜ਼ੀ ਕਰ ਲਿਆ ਹੈ। ਖਬਰ ਲਿਖੇ ਜਾਣ ਤੱਕ ਲਾਸ਼ ਨੌਜਵਾਨ ਦੇ ਘਰ ਵਿੱਚ ਹੀ ਰੱਖੀ ਹੋਈ ਸੀ ਅਤੇ ਨਸ਼ਾ ਤਸਕਰ ਧਿਰ ਵੱਲੋਂ ਅੰਤਿਮ ਸੰਸਕਾਰ ਬਿਨਾਂ ਪੋਸਟਮਾਰਟਮ ਦੇ ਕਰਵਾਉਣ ਦੀਆਂ ਕੋਸ਼ਿਸ਼ਾਂ ਜਾਰੀ ਸਨ। ਥਾਣਾ ਕਿੱਲਿਆਂਵਾਲੀ (ਆਰਜ਼ੀ) ਦੇ ਮੁਖੀ ਗੁਰਦੀਪ ਸਿੰਘ ਦਾ ਕਹਿਣਾ ਸੀ ਕਿ ਪਿੰਡ ਕਿੱਲਿਆਂਵਾਲੀ ਵਿੱਚ ਨਸ਼ੇ ਨਾਲ ਮੌਤ ਬਾਰੇ ਪੁਲੀਸ ਕੋਲ ਇਤਲਾਹ ਨਹੀਂ ਆਈ ਹੈ।
ਨਸ਼ੇ ਦਾ ਟੀਕਾ ਲਗਾਉਣ ਨਾਲ ਇੱਕ ਹੋਰ ਨੌਜਵਾਨ ਦੀ ਹਾਲਤ ਵਿਗੜੀ
ਮੰਡੀ ਕਿੱਲਿਆਂਵਾਲੀ ਦੇ ਮਹਾਸ਼ਾ ਮੁਹੱਲੇ ’ਚ ਬੀਤੀ ਦੇਰ ਸ਼ਾਮ ਨਸ਼ੇ ਦਾ ਟੀਕਾ ਲਗਾਉਣ ਕਰਕੇ ਕੈਪਟਨ ਨਾਂ ਦੇ ਨੌਜਵਾਨ ਦੀ ਹਾਲਤ ਵਿਗੜ ਗਈ ਸੀ। ਜਿਸ ਮਗਰੋਂ ਭੜਕੇ ਲੋਕਾਂ ਨੇ ਪੁਲੀਸ ਖ਼ਿਲਾਫ਼਼ ਰੋਸ ਜਤਾਇਆ ਸੀ। ਲੋਕਾਂ ਨੇ ਦੋਸ਼ ਲਗਾਇਆ ਸੀ ਕਿ ਸੂਚਨਾ ਦੇਣ ਦੇ ਕਰੀਬ ਡੇਢ ਘੰਟੇ ਤੱਕ ਕਿੱਲਿਆਂਵਾਲੀ ਪੁਲੀਸ ਨਹੀਂ ਪੁੱਜੀ। ਸਰਪੰਚ ਗੁਰਮੇਲ ਸਿੰਘ ਟੋਨੀ ਦਾ ਕਹਿਣਾ ਸੀ ਕਿ ਜ਼ਿਲ੍ਹਾ ਪੁਲੀਸ ਮੁਖੀ ਨੂੰ ਫੋਨ ਕਰਨ ਮਗਰੋਂ ਪੁਲੀਸ ਆਈ। ਦੂਜੇ ਪਾਸੇ ਥਾਣਾ ਗੁਰਦੀਪ ਸਿੰਘ ਦਾ ਕਹਿਣਾ ਸੀ ਕਿ ਲੋਕਾਂ ਦੇ ਦੋਸ਼ਾਂ ਮੁਤਾਬਕ ਇੱਕ ਘਰ ’ਚ ਤਲਾਸ਼ੀ ਲਈ ਸੀ, ਉੱਥੋਂ ਕੁਝ ਨਹੀਂ ਬਰਾਮਦ ਹੋਇਆ ਹੈ।