ਚਾਰ ਸਾਲਾ ਪੁੱਤਰ ਦੇ ਕਤਲ ਦੇ ਦੋਸ਼ ਹੇਠ ਸੀਈਓ ਗ੍ਰਿਫ਼ਤਾਰ
* ਲਾਸ਼ ਨੂੰ ਅਟੈਚੀ ਵਿੱਚ ਬੰਦ ਕਰਕੇ ਕਰਨਾਟਕ ਲੈ ਗਈ ਮਹਿਲਾ
* ਪੁਲੀਸ ਨੇ ਜਾਂਚ ਆਰੰਭੀ
ਪਣਜੀ, 9 ਜਨਵਰੀ
ਸਟਾਰਟ-ਅੱਪ ਕੰਪਨੀ ਦੀ ਚੀਫ ਐਗਜ਼ੀਕਿਊਟਿਵ ਅਫ਼ਸਰ (ਸੀਈਓ) ਨੂੰ ਚਾਰ ਸਾਲਾ ਪੁੱਤਰ ਦੇ ਕਤਲ ਦੇ ਦੋਸ਼ ਹੇਠ ਕਰਨਾਟਕ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਅਨੁਸਾਰ ਮਹਿਲਾ ਦਾ ਆਪਣੇ ਪਤੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ 39 ਸਾਲਾ ਸੀਈਓ ਸੁਚਾਨਾ ਸੇਠ ਨੂੰ ਪੁਲੀਸ ਨੇ ਕਰਨਾਟਕ ਤੋਂ ਗ੍ਰਿਫ਼ਤਾਰ ਕੀਤਾ ਹੈ। ਉਸ ’ਤੇ ਦੋਸ਼ ਹੈ ਕਿ ਉਸ ਨੇ ਆਪਣੇ ਗੋਆ ਦੌਰੇ ਦੌਰਾਨ ਆਪਣੇ ਪੁੱਤਰ ਦਾ ਕਤਲ ਕੀਤਾ ਹੈ। ਉਹ 6 ਜਨਵਰੀ ਨੂੰ ਦੋ ਦਿਨਾ ਦੌਰੇ ’ਤੇ ਆਪਣੇ ਪੁੱਤਰ ਨਾਲ (ਕੰਡੋਲੀਅਮ) ਗੋਆ ਆਈ ਸੀ। 8 ਜਨਵਰੀ ਨੂੰ ਉਸ ਨੇ ਅਪਾਰਟਮੈਂਟ ਦੇ ਸਟਾਫ਼ ਨੂੰ ਟੈਕਸੀ ਬੁੱਕ ਕਰਨ ਲਈ ਕਿਹਾ। ਅੱਠ ਜਨਵਰੀ ਨੂੰ ਉਹ ਸੁਵੱਖਤੇ ਹੀ ਟੈਕਸੀ ਲੈ ਕੇ ਅਪਾਰਟਮੈਂਟ ’ਚੋਂ ਨਿਕਲ ਗਈ। ਉਸ ਦੇ ਜਾਣ ਤੋਂ ਬਾਅਦ ਸਟਾਫ਼ ਨੇ ਜਦੋਂ ਅਪਾਰਟਮੈਂਟ ਦੀ ਸਫਾਈ ਕੀਤੀ ਤਾਂ ਉਨ੍ਹਾਂ ਨੂੰ ਉਥੋਂ ਖੂਨ ਦੇ ਛਿੱਟੇ ਨਜ਼ਰ ਆਏ ਇਸ ਦੀ ਸੂਚਨਾ ਉਨ੍ਹਾਂ ਪੁਲੀਸ ਨੂੰ ਦਿੱਤੀ। ਇਹ ਵੀ ਪਤਾ ਲੱਗਿਆ ਹੈ ਜਦੋਂ ਇਹ ਔਰਤ ਅਪਾਰਟਮੈਂਟ ਛੱਡ ਕੇ ਗਈ ਤਾਂ ਉਸ ਦਾ ਬੱਚਾ ਉਸ ਦੇ ਨਾਲ ਨਹੀਂ ਸੀ ਅਤੇ ਉਸ ਕੋਲ ਇਕ ਭਾਰੀ ਅਟੈਚੀ ਮੌਜੂਦ ਸੀ। ਪੁਲੀਸ ਨੇ ਚਿਤਰਦੁਰਗਾ (ਕਰਨਾਟਕ) ’ਚ ਜਦੋਂ ਮਹਿਲਾ ਦਾ ਅਟੈਚੀ ਚੈੱਕ ਕੀਤਾ ਤਾਂ ਉਸ ’ਚੋਂ ਬੱਚੇ ਦੀ ਲਾਸ਼ ਮਿਲੀ। -ਪੀਟੀਆਈ