ਚੀਨ ਤੇ ਪਾਕਿਸਤਾਨ ਤੋਂ ਸੁਰੱਖਿਆ ਚੁਣੌਤੀਆਂ ਬਾਰੇ ਸੰਸਦ ਨੂੰ ਭਰੋਸੇ ’ਚ ਲਵੇ ਕੇਂਦਰ: ਖੜਗੇ
ਨਵੀਂ ਦਿੱਲੀ, 30 ਜੁਲਾਈ
ਚੀਨ ਤੇ ਪਾਕਿਸਤਾਨ ਤੋਂ ਸੁੁਰੱਖਿਆ ਚੁਣੌਤੀਆਂ ਦਾ ਹਵਾਲਾ ਦਿੰਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਕੇਂਦਰ ਨੂੰ ਸੰਸਦ ਨੂੰ ਭਰੋਸੇ ’ਚ ਲੈਣ ਦੀ ਅਪੀਲ ਕੀਤੀ ਅਤੇ ਦੋਸ਼ ਲਾਇਆ ਕਿ ਸਰਕਾਰ ਆਪਣੀ ‘ਫੋਕੀ ਵਾਹ-ਵਾਹ ਵਾਲੇ ਅਤੇ ਖੋਖਲੇ ਪ੍ਰਾਪੇਗੰਡੇ’ ਵਿੱਚ ਭਾਰਤ ਦੇ ਰਣਨੀਤਕ ਹਿੱਤਾਂ ਦੀ ਰੱਖਿਆ ਦੀ ਜ਼ਿੰਮੇਵਾਰੀ ਵੀ ਭੁੱਲ ਚੁੱਕੀ ਹੈ।
ਖੜਗੇ ਨੇ ਆਖਿਆ ਕਿ ਭਾਰਤ ਦੇ ਦੋਵੇਂ ਮੁਹਾਜ਼ਾਂ ’ਤੇ ਸੁਰੱਖਿਆ ਸਥਿਤੀ ਦੇ ਨਵੇਂ ਘਟਨਾਕ੍ਰਮਾਂ ਨੇ ਨਰਿੰਦਰ ਮੋਦੀ ਸਰਕਾਰ ਦੀ ਉਦਾਸੀਨਤਾ ਨੂੰ ਇੱਕ ਵਾਰ ਫਿਰ ਨਸ਼ਰ ਕਰ ਦਿੱਤਾ ਹੈ। ਕਾਂਗਰਸ ਪ੍ਰਧਾਨ ਨੇ ਐਕਸ ’ਤੇ ਪੋਸਟ ’ਚ ਪੁੱਛਿਆ, ‘‘ਕੀ ਇਹ ਸੱਚ ਨਹੀਂ ਹੈ ਕਿ ਚੀਨ ਨੇ ਪੈਂਗੌਂਗ ਨਦੀ ਦੇ ਉੱਤਰੀ ਅਤੇ ਦੱਖਣੀ ਕਿਨਾਰਿਆਂ ਨੂੰ ਜੋੜਨ ਲਈ ਇੱਕ ਪੁਲ ਬਣਾਇਆ ਜਿਹੜਾ ਉਸ ਨੂੰ ਸਾਡੀ ਅਸਲ ਐੱਲਏਸੀ ਦੇ ਇਸ ਖੇਤਰ ’ਚ ਦਬਦਬਾ ਵਧਾਉਣ ਦੀ ਖੁੱਲ੍ਹ ਦਿੰਦਾ ਹੈ? ਕੀ ਇਹ ਸੱਚ ਨਹੀਂ ਹੈ ਕਿ ਚੀਨ ਵੱਲੋਂ ਦਾਮਚੋਕ ਸੈਕਟਰ ’ਚ ਐੱਲਏਸੀ ਨੇੜੇ ਦੇਪਸਾਂਗ ’ਚ ਇੱਕ ਨਵਾਂ ਪਿੰਡ ਵਸਾਇਆ ਜਾ ਰਿਹਾ ਹੈ।’’ ਪਾਕਿਸਤਾਨ ਦੇ ਮੁੱਦੇ ’ਤੇ ਖੜਗੇ ਨੇ ਸਵਾਲ ਕੀਤਾ ਕਿ ਕੀ ਇਹ ਸੱਚ ਨਹੀਂ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ ਚੁੱਕਣ ਤੋਂ ਲੈ ਕੇ ਜੰਮੂ-ਕਸ਼ਮੀਰ ਵਿੱਚ 25 ਤੋਂ ਵੱਧ ਦਹਿਸ਼ਤੀ ਹਮਲੇ ਹੋਏ ਹਨ, ਜਿਨ੍ਹਾਂ ’ਚ 15 ਸੁਰੱਖਿਆ ਜਵਾਨ ਸ਼ਹੀਦ ਅਤੇ 27 ਜ਼ਖ਼ਮੀ ਹੋਏ ਹਨ। -ਪੀਟੀਆਈ