ਕੇਂਦਰ ਵੱਲੋਂ ਕੁਦਰਤੀ ਖੇਤੀ ਮਿਸ਼ਨ ਲਈ 2,481 ਕਰੋੜ ਰੁਪਏ ਪ੍ਰਵਾਨ
ਨਵੀਂ ਦਿੱਲੀ:
ਕੇਂਦਰ ਸਰਕਾਰ ਨੇ ਦੇਸ਼ ਦੇ ਕਰੀਬ ਇਕ ਕਰੋੜ ਕਿਸਾਨਾਂ ’ਚ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਦੇ ਇਰਾਦੇ ਨਾਲ 2,481 ਕਰੋੜ ਰੁਪਏ ਦੇ ਕੌਮੀ ਮਿਸ਼ਨ ਦਾ ਐਲਾਨ ਕੀਤਾ ਹੈ। ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਸੋਮਵਾਰ ਨੂੰ ਅਰੁਣਾਚਲ ਪ੍ਰਦੇਸ਼ ’ਚ 3,689 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਦੋ ਪਣਬਿਜਲੀ ਪ੍ਰਾਜੈਕਟਾਂ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੈਬਨਿਟ ਮੀਟਿੰਗ ਮਗਰੋਂ ਮੀਡੀਆ ਨੂੰ ਦੱਸਿਆ ਕਿ ਲੋਕਾਂ ਨੂੰ ਸਿਹਤਮੰਦ ਰੱਖਣ ਅਤੇ ਧਰਤੀ ਦੀ ਗੁਣਵੱਤਾ ’ਚ ਸੁਧਾਰ ਲਈ ਰਸਾਇਣ ਮੁਕਤ ਭੋਜਨ ਦੀ ਲੋੜ ਹੈ ਅਤੇ ਕੁਦਰਤੀ ਖੇਤੀ ਬਾਰੇ ਕੌਮੀ ਮਿਸ਼ਨ ਇਤਿਹਾਸਕ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਅਰੁਣਾਚਲ ਪ੍ਰਦੇਸ਼ ਦੇ ਸ਼ੀ ਯੋਮੀ ਜ਼ਿਲ੍ਹੇ ’ਚ 1,750 ਕਰੋੜ ਰੁਪਏ ਦੀ ਲਾਗਤ ਨਾਲ 186 ਮੈਗਾਵਾਟ ਅਤੇ 1,939 ਕਰੋੜ ਰੁਪਏ ਦੀ ਲਾਗਤ ਨਾਲ 240 ਮੈਗਾਵਾਟ ਦੇ ਪਣਬਿਜਲੀ ਪ੍ਰਾਜੈਕਟ ਉਸਾਰੇ ਜਾਣਗੇ। ਕੈਬਨਿਟ ਨੇ ਨੀਤੀ ਆਯੋਗ ਦੇ ਅਟਲ ਇਨੋਵੇਸ਼ਨ ਮਿਸ਼ਨ ਨੂੰ 31 ਮਾਰਚ, 2028 ਤੱਕ ਵਧਾ ਦਿੱਤਾ ਹੈ ਜਿਸ ਲਈ 2,750 ਕਰੋੜ ਰੁਪਏ ਰੱਖੇ ਗਏ ਹਨ। ਆਰਥਿਕ ਮਾਮਲਿਆਂ ਬਾਰੇ ਕਮੇਟੀ ਨੇ ਰੇਲਵੇ ਦੇ ਕੁੱਲ 7,927 ਕਰੋੜ ਰੁਪਏ ਦੇ ਤਿੰਨ ਰੇਲ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ। -ਪੀਟੀਆਈ