ਕਿਸਾਨਾਂ ਦੇ ਮੁੱਦੇ ’ਤੇ ਕੇਂਦਰ ਅਤੇ ਦਿੱਲੀ ਸਰਕਾਰ ਆਹਮੋ-ਸਾਹਮਣੇ
ਨਵੀਂ ਦਿੱਲੀ, 2 ਜਨਵਰੀ
ਕੇਂਦਰ ਅਤੇ ਦਿੱਲੀ ਸਰਕਾਰ ਕਿਸਾਨਾਂ ਦੇ ਮੁੱਦੇ ’ਤੇ ਆਹਮੋ-ਸਾਹਮਣੇ ਆ ਗਏ ਹਨ। ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦਿੱਲੀ ਸਰਕਾਰ ’ਤੇ ਕੇਂਦਰੀ ਯੋਜਨਾਵਾਂ ਦੇ ਲਾਹੇ ਤੋਂ ਕਿਸਾਨਾਂ ਨੂੰ ਮਹਿਰੂਮ ਕਰਨ ਦਾ ਦੋਸ਼ ਲਾਉਂਦਿਆਂ ਮੁੱਖ ਮੰਤਰੀ ਆਤਿਸ਼ੀ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨਾਂ ਦੀ ਭਲਾਈ ਦੇ ਮਾਮਲੇ ’ਚ ਸਾਰੇ ਸਿਆਸੀ ਮਤਭੇਦ ਵੱਖ ਰੱਖੇ। ਉਧਰ ਦਿੱਲੀ ਦੀ ਮੁੱਖ ਮੰਤਰੀ ਨੇ ਭਾਜਪਾ ਨੂੰ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਉਹ ਉਪਦੇਸ਼ ਝਾੜਨ ਦੀ ਬਜਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬ ’ਚ ਮਰਨ ਵਰਤ ’ਤੇ ਬੈਠੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਆਖਣ। ਆਤਿਸ਼ੀ ਨੂੰ ਲਿਖੀ ਚਿੱਠੀ ’ਚ ਚੌਹਾਨ ਨੇ ਕਿਹਾ ਕਿ ‘ਆਪ’ ਸਰਕਾਰ ਸੰਗਠਤ ਬਾਗਬਾਨੀ ਵਿਕਾਸ ਮਿਸ਼ਨ, ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਤੇ ਬੀਜ ਗ੍ਰਾਮ ਪ੍ਰੋਗਰਾਮ ਸਮੇਤ ਹੋਰ ਕੇਂਦਰੀ ਯੋਜਨਾਵਾਂ ਲਾਗੂ ਕਰਨ ’ਚ ਨਾਕਾਮ ਰਹੀ ਹੈ। ਪਹਿਲੀ ਜਨਵਰੀ ਨੂੰ ਲਿਖੇ ਪੱਤਰ ’ਚ ਚੌਹਾਨ ਨੇ ਕਿਹਾ, ‘‘ਦਿੱਲੀ ਸਰਕਾਰ ਕਿਸਾਨਾਂ ਪ੍ਰਤੀ ਹਮਦਰਦ ਨਹੀਂ ਹੈ। ਅੱਜ ਦਿੱਲੀ ਦੇ ਕਿਸਾਨ ਨਿਰਾਸ਼ ਹਨ ਕਿਉਂਕਿ ਤੁਹਾਡੀ ਸਰਕਾਰ ਨੇ ਕਿਸਾਨ ਪੱਖੀ ਕੇਂਦਰੀ ਯੋਜਨਾਵਾਂ ਲਾਗੂ ਨਹੀਂ ਕੀਤੀਆਂ ਹਨ।’’ ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਪਰ ਕਿਸਾਨਾਂ ਤੋਂ ਵਪਾਰਕ ਦਰਾਂ ਵਸੂਲੀਆਂ ਜਾ ਰਹੀਆਂ ਹਨ। ਇਸ ਦੌਰਾਨ ਦਿੱਲੀ ਦੀ ਮੁੱਖ ਮੰਤਰੀ ਨੇ ਖੇਤੀ ਮੰਤਰੀ ਵੱਲੋਂ ਲਿਖੇ ਪੱਤਰ ਦਾ ਜਵਾਬ ਦਿੰਦਿਆਂ ਕਿਹਾ ਕਿ ਭਾਜਪਾ ਹਕੂਮਤ ਦੌਰਾਨ ਕਿਸਾਨਾਂ ਦੀ ਹਾਲਤ ਪਹਿਲਾਂ ਨਾਲੋਂ ਜ਼ਿਆਦਾ ਮਾੜੀ ਹੋ ਗਈ ਹੈ। ਆਤਿਸ਼ੀ ਨੇ ਕਿਸਾਨਾਂ ਦੇ ਮੁੱਦੇ ’ਤੇ ਭਾਜਪਾ ਨੂੰ ਸਿਆਸਤ ਕਰਨ ਤੋਂ ਬਾਜ਼ ਆਉਣ ਲਈ ਪੱਤਰ ਲਿਖ ਕੇ ਕਿਹਾ, ‘‘ਭਾਜਪਾ ਕਿਸਾਨਾਂ ਬਾਰੇ ਇੰਜ ਗੱਲ ਕਰ ਰਹੀ ਹੈ ਜਿਵੇਂ ਦਾਊਦ ਇਬਰਾਹਿਮ ਅਹਿੰਸਾ ਬਾਰੇ ਉਪਦੇਸ਼ ਝਾੜ ਰਿਹਾ ਹੋਵੇ।’’ ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਖੁਦ ਪ੍ਰਧਾਨ ਮੰਤਰੀ ਨੂੰ ਆਖਣ ਕਿ ਉਹ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਦੇਣ ਤਾਂ ਜੋ ਉਨ੍ਹਾਂ ਦੀਆਂ ਮੰਗਾਂ ਮਨਵਾਈਆਂ ਜਾ ਸਕਣ। -ਪੀਟੀਆਈ