ਪੰਜਾਬ ਦੇ ਬਾਬਾ ਬੋਹੜ ਦੀ ਸੌ ਸਾਲਾ ਬਰਸੀ
ਪ੍ਰੋ. ਬਲਕਾਰ ਸਿੰਘ
ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸੌ ਸਾਲਾ ਬਰਸੀ ਉਨ੍ਹਾਂ ਦੇ ਪਿੰਡ ਟੌਹੜਾ ਵਿਖੇ ਅੱਜ 24 ਸਤੰਬਰ 2024 ਨੂੰ ਉਸੇ ਥਾਂ ’ਤੇ ਮਨਾਈ ਜਾ ਰਹੀ ਹੈ ਜਿੱਥੇ ਵੀਹ ਸਾਲ ਪਹਿਲਾਂ ਉਨ੍ਹਾਂ ਦਾ ਸਸਕਾਰ ਹੋਇਆ ਸੀ। ਗ਼ੌਰਤਲਬ ਹੈ ਕਿ ਅਕਾਲੀ ਦਲ ਦੇ ਵਰਤਮਾਨ ਸੰਕਟ ਵਿੱਚੋਂ ਟੌਹੜਾ ਸ਼ੈਲੀ ਨੂੰ ਅਪਣਾ ਕੇ ਹੀ ਨਿਕਲਿਆ ਜਾ ਸਕਦਾ ਹੈ। ਟੌਹੜਾ ਸ਼ੈਲੀ, ਉਨ੍ਹਾਂ ਦੇ ਜਿਊਂਦੇ ਜੀਅ ਰੁੱਖ ਦੀ ਉਸ ਟਹਿਣੀ ਵਰਗੀ ਸੀ, ਜਿਸ ਨੂੰ ਆਪਣੇ ਫਲ ਦੀ ਮਿਠਾਸ ਦਾ ਬਿਲਕੁਲ ਪਤਾ ਨਹੀਂ ਹੁੰਦਾ। ਸਰ ਮੁਹੰਮਦ ਇਕਬਾਲ ਦੀ ਇਹ ਰਾਏ ਧਰਮ ਦੇ ਨਸ਼ੇ ਵਿੱਚ ਮਦਹੋਸ਼ਾਂ ਲਈ ਸੀ। ਜਥੇਦਾਰ ਟੌਹੜਾ ਨੂੰ ਇਹੋ ਜਿਹਾ ਚੇਤਾ ਕਰਵਾਉਣ ’ਤੇ ਉਹ ਇਸ ਤਰ੍ਹਾਂ ਮੁਸਕਰਾ ਦਿੰਦੇ ਸਨ, ਜਿਵੇਂ ਉਹ ਪਾਸਾ ਵੱਟ ਰਹੇ ਹੋਣ। ਉਨ੍ਹਾਂ ਦੀ ਜੀਵਨੀ ਲਿਖਣ ਦੇ ਪ੍ਰਾਜੈਕਟ ਨੇ ਮੈਨੂੰ ਉਨ੍ਹਾਂ ਦੇ ਬਹੁਤ ਨੇੜੇ ਕਰ ਦਿੱਤਾ ਸੀ। ਇਸੇ ਨਾਲ ਜੁੜੀਆਂ ਉਨ੍ਹਾਂ ਦੀਆਂ ਸਮਕਾਲੀ ਸਿਆਸਤਦਾਨਾਂ ਬਾਰੇ ਟਿੱਪਣੀਆਂ ਸਹਿਜ, ਬੇਬਾਕ ਅਤੇ ਤਿੱਖੀਆਂ ਹੁੰਦੀਆਂ ਸਨ। ਮੁਹੱਬਤੀ ਚੂਲ ਦੁਆਲੇ ਘੁੰਮਦੀ ਉਨ੍ਹਾਂ ਦੇ ਹਿੱਸੇ ਦੀ ਸਿਆਸਤ ‘ਪੰਥ ਵੱਸੇ ਮੈਂ ਉੱਜੜਾਂ ਮਨ ਚਾਉ ਘਨੇਰਾ’ ਵਾਲੀ ਸੀ। ਇਖ਼ਲਾਕ ਵਿੱਚ ਗੁੰਨ੍ਹੇ ਹੋਏ ਵਰਤਾਰੇ ਨਾਲ ਉਹ ਇਕੱਲੇ ਹੀ ਨਿਭਦੇ ਰਹੇ ਸਨ। ਉਨ੍ਹਾਂ ਨੂੰ ਸਿੱਖੀ ਦੀ ਗੁੜ੍ਹਤੀ ਮਾਂ ਦੀ ਉਂਗਲ ਫੜ ਕੇ ਗੁਰਦੁਆਰੇ ਜਾਂਦਿਆਂ ਬਚਪਨ ਵਿੱਚ ਹੀ ਮਿਲੀ। ਉਹ ਬਾਣੀ ਅਤੇ ਸੰਗਤ ਨਾਲ ਜੁੜੇ ਰਹਿੰਦੇ ਸਨ। ਟੌਹੜਾ ਸ਼ੈਲੀ ਦਾ ਆਧਾਰ ਬਾਣੀ ਅਤੇ ਗੁਰ ਸੰਗਤ ਸੀ ਜਿਹੜੀ ਆਪਣੇ ਵਰਗੀ ਆਪ ਹੋ ਗਈ ਸੀ। ਜਥੇਦਾਰ ਟੌਹੜਾ ਚਾਹੁਣ ਦੇ ਬਾਵਜੂਦ ਸਿੱਖ ਸੰਸਥਾਵਾਂ ਨੂੰ ਅਕਾਲੀ-ਅਪਹਰਣ ਤੋਂ ਨਹੀਂ ਬਚਾ ਸਕੇ ਸਨ ਕਿਉਂਕਿ ਉਨ੍ਹਾਂ ਦੇ ਸਾਹਮਣੇ ਸੰਗਤ, ਵੋਟ ਬੈਂਕ ਹੋ ਜਾਣ ਵੱਲ ਸਰਪਟ ਦੌੜੀ ਜਾ ਰਹੀ ਸੀ। ਉਹ ਅਭਿਮੰਨਿਊ ਵਾਂਗ ਖਾਲੀ ਹੱਥ ਸਿਆਸਤ ਵਿੱਚ ਘਿਰੇ ਹੋਏ ਮਹਿਸੂਸ ਕਰਦੇ ਅਤੇ ਭੀਸ਼ਮ ਪਿਤਾਮਾ ਵਾਂਗ ਕੁਝ ਨਾ ਕਰ ਸਕਣ ਦੀ ਮਜਬੂਰੀ ਹੰਢਾਉਂਦੇ ਰਹੇ ਸਨ। ਉਨ੍ਹਾਂ ਦੀ ਸ਼ੈਲੀ ਜੇ ਰੋਕ ਸਕਣ ਦੀ ਨਹੀਂ ਸੀ ਤਾਂ ਵੀ ਠੱਲ੍ਹਣ ਦੀ ਜ਼ਰੂਰ ਸੀ। ਜੋ ਉਹ ਇਕੱਲੇ ਕਰਦੇ ਰਹੇ ਸਨ, ਉਹ ਅਕਾਲੀ ਧੜੇਬਾਜ਼ੀਆਂ ਇਕੱਠੀਆਂ ਹੋ ਕੇ ਵੀ ਨਹੀਂ ਕਰ ਸਕੀਆਂ।
ਡਾਂਗ, ਡੇਰੇ ਅਤੇ ਸੌਖਿਆਂ ਅਮੀਰ ਹੋ ਸਕਣ ਦੀ ਸਿਆਸਤ ਨੇ ਜੋ ਕੁਝ ਕੀਤਾ ਹੈ, ਉਹ ਸਭ ਦੇ ਸਾਹਮਣੇ ਹੈ। ਨਤੀਜਨ ਪੰਜਾਬ ਦੇ ਆਮ ਬੰਦੇ ਨੂੰ ਆਪਣੀ ਹੋਣੀ ਨਾਲ ਨਜਿੱਠ ਕੇ ਆਪਣੇ ਵਰਤਮਾਨ ਨੂੰ ਉਸਾਰਨ ਦੀ ਜਿਹੜੀ ਸਿੱਖਿਆ 16ਵੀਂ ਸਦੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਦਿੱਤੀ ਸੀ, ਉਸੇ ਦੀ ਰੌਸ਼ਨੀ ਵਿੱਚ ਸਿੱਖ ਸਿਆਸਤ ਦੀ ਨੀਂਹ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 18ਵੀਂ ਸਦੀ ਵਿੱਚ ਰੱਖੀ ਸੀ। ਇਹੀ ਬਰਾਸਤਾ ਮਿਸਲਦਾਰੀ ਸਰਕਾਰ-ਏ-ਖਾਲਸਾ ਦੇ ਰੂਪ ਵਿੱਚ ਸਾਹਮਣੇ ਆਈ ਸੀ। ਇਸੇ ਦੀ ਨਿਰੰਤਰਤਾ ਵਿੱਚ ਸਿੰਘ ਸਭਾ ਲਹਿਰ ਦੇ ਰੂਪ ਵਿੱਚ ਚੇਤਨਾ ਲਹਿਰ ਚੱਲੀ ਸੀ। ਇਸੇ ਧਰਾਤਲ ’ਤੇ 1920 ਵਿੱਚ ਬਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਇੱਕ ਦੂਜੇ ਦੇ ਪੂਰਕ ਹੋਣ ਦੀ ਥਾਂ, ਇੱਕ ਦੂਜੇ ਨੂੰ ਫੇਲ੍ਹ ਕਰਨ ਵਾਲੇ ਰਾਹ ਪਏ ਹੋਏ ਹਨ। ਇਸ ਸਥਿਤੀ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਉਸਾਰ ਕੇ ਹੀ ਨਿਕਲਿਆ ਜਾ ਸਕਦਾ ਹੈ ਕਿਉਂਕਿ ਸਮੱਸਿਆ ਅਕਾਲੀਆਂ ਨੂੰ ਬਚਾਉਣ ਦੀ ਨਹੀਂ ਸਗੋਂ ਅਕਾਲੀ ਦਲ ਨੂੰ ਨਵੇਂ ਸਿਰਿਉਂ ਉਸਾਰਨ ਦੀ ਹੈ।
ਪਿੱਛੇ ਵੱਲ ਝਾਤ ਮਾਰੀਏ ਤਾਂ ਮਾਸਟਰ ਤਾਰਾ ਸਿੰਘ, ਜਥੇਦਾਰ ਮੋਹਨ ਸਿੰਘ ਤੁੜ, ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਗੁਰਚਰਨ ਸਿੰਘ ਟੌਹੜਾ ਅੱਜ ਵਰਗੀਆਂ ਸਥਿਤੀਆਂ ਨਾਲ ਜੂਝਦੇ ਨਜ਼ਰ ਆਉਂਦੇ ਹਨ। ਅੱਜ ਜਥੇਦਾਰ ਟੌਹੜਾ ਦੇ 100ਵੇਂ ਜਨਮ ਦਿਨ ’ਤੇ ਪੰਥਕ ਚੇਤਿਆਂ ਵਿੱਚੋਂ ਉਸ ਟੌਹੜਾ ਸ਼ੈਲੀ ਨੂੰ ਉਜਾਗਰ ਕੀਤੇ ਜਾਣ ਦੀ ਲੋੜ ਹੈ, ਜਿਸ ਦੀ ਪ੍ਰਧਾਨ ਸੁਰ ਭਾਈ ਗੁਰਦਾਸ ਦੇ ਸ਼ਬਦਾਂ ਵਿੱਚ ‘ਗੁਰਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ’ ਹੁੰਦੀ ਸੀ ਅਤੇ ਹੋਣੀ ਚਾਹੀਦੀ ਹੈ। ਜਥੇਦਾਰ ਟੌਹੜਾ ਸਿੱਖਾਂ ਅਤੇ ਪੰਜਾਬੀਆਂ ਵਿਚਕਾਰ ਪੰਥਕ ਕਵਿਤਾ ਵਾਂਗ ਪੁਰਖਿਆਂ ਦੀਆਂ ਪੈੜਾਂ ਨੂੰ ਉਜਾਗਰ ਵੀ ਕਰਦੇ ਰਹੇ ਅਤੇੇ ਵਿਰਾਸਤੀ ਸਿੱਖ ਸਮਝ ਨੂੰ ਸਾਹਮਣੇ ਵੀ ਲਿਆਉਂਦੇ ਰਹੇ ਸਨ। ਇਸ ਪਿਛੋਕੜ ਵਿੱਚ ਇਹ ਯਾਦ ਰੱਖਣ ਦੀ ਲੋੜ ਹੈ ਕਿ ਟੌਹੜਾ ਸ਼ੈਲੀ ਨੂੰ ਧਿਆਨ ਵਿੱਚ ਰੱਖਾਂਗੇ ਤਾਂ ਸਿੱਖ ਸਿਆਸਤ ਦੁਕਾਨਦਾਰੀ ਨਹੀਂ ਬਣੇਗੀ। ਟੌਹੜਾ ਸ਼ੈਲੀ ਵਿੱਚ ਅਕਾਲੀ ਸਿਆਸਤ, ਲਾਹੇ ਟੋਟਿਆਂ ਦੀ ਸਿਆਸੀ ਦੁਕਾਨਦਾਰੀ ਤੋਂ ਉੱਪਰ ਉੱਠ ਕੇ ਗੁਰੂੁ ਦੇ ਨਾਮ ’ਤੇ ਵੱਸਦੇ ਪੰਜਾਬ ਨੂੰ ਪਰਣਾਈ ਰਹੀ ਸੀ ਅਤੇ ਪਰਣਾਈ ਰਹਿਣੀ ਚਾਹੀਦੀ ਹੈ। ਅਕਾਲੀ ਸਿਆਸਤ ਦੀ ਦਸ਼ਾ ਅਤੇ ਦਿਸ਼ਾ ਨੂੰ ਸੁਧਾਰਨ ਵਾਸਤੇ ਜਥੇਦਾਰ ਟੌਹੜਾ ਦੀ ਵਿਚਾਰਧਾਰਾ ਨੂੰ ਅੱਜ ਵੀ ਰੋਲ ਮਾਡਲ ਵਜੋਂ ਅਪਣਾਇਆ ਜਾ ਸਕਦਾ ਹੈ। ਜਥੇਦਾਰ ਟੌਹੜਾ ਵਾਲੇ ਰਾਹ ’ਤੇ ਤੁਰ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਰਵਾਇਤੀ ਸੁਰ ਵਿੱਚ ਇਸ ਵੇਲੇ ਨਵੇਂ ਸਿਰਿਉਂ ਵਿਰਾਸਤੀ ਜਲੌਅ ਵਿੱਚ ਉਸਾਰਨ ਲਈ ਲੋੜੀਂਦੀ ਭੂਮਿਕਾ ਨਿਭਾਈ ਜਾ ਸਕਦੀ ਹੈ। ਇਸ ਵਾਸਤੇ ਅਕਾਲੀ ਦਲ ਦੀ ਨਵੇਂ ਸਿਰਿਉਂ ਭਰਤੀ ਕਰ ਕੇ ਸਰਬ ਪ੍ਰਵਾਨਿਤ ਪ੍ਰਧਾਨ ਚੁਣੇ ਜਾਣ ਦੀ ਲੋੜ ਹੈ। ਅਕਾਲੀ ਦਲ ਇਸ ਵੇਲੇ ਜਥੇਦਾਰ ਸ੍ਰੀ ਅਕਾਲ ਤਖ਼ਤ ਕੋਲੋਂ ਸਿਧਾਂਤਕ ਅਤੇ ਪਰੰਪਰਕ ਸੁਰ ਵਿੱਚ ਅਗਵਾਈ ਦੀ ਆਸ ਕਰ ਰਿਹਾ ਹੈ। ਇਸ ਪ੍ਰਸੰਗ ਵਿੱਚ ਇਹੀ ਬੇਨਤੀ ਕੀਤੀ ਜਾ ਸਕਦੀ ਹੈ ਕਿ ਦਰਪੇਸ਼ ਅਕਾਲੀ ਸੰਕਟ ਨੂੰ ਪੁਰਖਿਆਂ ਵੱਲੋਂ ਪਾਈਆਂ ਪੈੜਾਂ ਮੁਤਾਬਿਕ ਸਰਬੱਤ ਦੇ ਭਲੇ ਵਾਲੀ ਲੀਹ ’ਤੇ ਲਿਆ ਕੇ ਸੰਗਤੀ ਸੁਰ ਵਿੱਚ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਜੋ ਅਕਾਲੀਆਂ ਦੀ ਥਾਂ ਅਕਾਲੀ ਦਲ ਨੂੰ ਬਚਾਉਣ ਵਾਲੇ ਰਾਹ ਪਿਆ ਜਾ ਸਕੇ।