ਕਾਵਿ ਕਿਆਰੀ
ਯੁੱਧ ਦਾ ਜਸ਼ਨ
ਕੁਲਦੀਪ ਸਿੰਘ ਦੀਪ (ਡਾ.)
ਯੁੱਧ ਜਸ਼ਨ ਨਹੀਂ ਹੁੰਦਾ ਦੋਸਤੋ
ਉਦੋਂ ਤਾਂ ਬਿਲਕੁਲ ਨਹੀਂ ਹੁੰਦਾ
ਜਦੋਂ ਕਿਸੇ ਬਾਂਦਰ ਦੇ ਹੱਥ ’ਚ ਬੰਦੂਕ ਹੋਵੇ
ਕਿਸੇ ਸਿਰਫਿਰੇ ਨੂੰ ਲੱਭ ਜਾਵੇ ਮਾਚਿਸ ਦੀ ਤੀਲ੍ਹੀ
ਕਿਸੇ ਹੈਵਾਨ ਦੇ ਹੱਥ ’ਚ ਆ ਜਾਵੇ ਸੱਤਾ
ਤੇ ਕਿਸੇ ‘ਸ਼ੈਤਾਨ’ ਦੇ ਹੱਥ ਆ ਜਾਵੇ ‘ਰੱਬ’
ਜੰਗ ਤਾਂ ਮਜਬੂਰੀ ਹੁੰਦੀ ਹੈ
ਜਦੋਂ ਜ਼ੁਲਮ ਨੂੰ ਸ਼ਾਂਤੀ ਨਾਲ ਨਜਿੱਠਣ ਦੇ
ਸਾਰੇ ਵਸੀਲੇ ਮੁੱਕ ਜਾਣ
ਜਦ ਪਾਣੀ ਸਿਰਾਂ ਤੋਂ ਲੰਘ ਜਾਵੇ
ਤੇ ਸਾਹ ਚਲਦੇ ਚਲਦੇ ਸੁੱਕ ਜਾਣ
ਜਦ ਸੱਤਾ ਸਿਰਾਂ ਨੂੰ ਚੜ੍ਹ ਜਾਵੇ
ਜਦ ਹਾਕਮਾਂ ਨੂੰ ਹਉਮੈਂ ਦਾ ਕਾਲਾ ਨਾਗ ਲੜ ਜਾਵੇ
ਰੱਬ ਸਿਆਸਤ ਦੀ ਰਖੇਲ
ਤੇ ਸੱਤਾ ਨੂੰ ਸੁਰੱਖਿਅਤ ਰੱਖਣ ਦਾ ਵਸੀਲਾ ਬਣ ਜਾਵੇ...
ਅਕਸਰ
ਜੰਗ ਵਿਚ ਮੁਜ਼ਰਮ ਨਹੀਂ ਮਰਦੇ
ਮਜ਼ਲੂਮ ਵੀ ਮਰਦੇ ਨੇ
ਤੇ ਜੰਗ ਜਿੱਤਣ ਵਾਲੇ
ਹਮੇਸ਼ਾ ਨਾਇਕ ਨਹੀਂ ਹੁੰਦੇ
ਨਾਲਾਇਕ ਵੀ ਹੁੰਦੇ ਨੇ ਤੇ
ਨਾਇਕਾਂ ਦੇ ਚਿਹਰਿਆਂ ਹੇਠ ਛਿਪੇ
ਖਲਨਾਇਕ ਵੀ ਹੁੰਦੇ ਨੇ...
ਜੰਗ ਲੜਨ ਵਾਲੇ ਅਕਸਰ ਹੋਰ ਹੁੰਦੇ ਨੇ
ਤੇ ਜੰਗ ਜਿੱਤਣ ਵਾਲੇ ਅਕਸਰ ਹੋਰ...
ਜੋ ਲੜਦੇ ਨੇ
ਹਮੇਸ਼ਾ ਉਹ ਨਹੀਂ ਜਿੱਤਦੇ
ਜੋ ਲੜਾਉਂਦੇ ਨੇ ਅਕਸਰ ਉਹ ਜਿੱਤਦੇ ਨੇ
ਲੜਨ ਵਾਲੇ ਆਪ ਨਹੀਂ ਲੜਦੇ
ਕਿਸੇ ਦਾ ਢਿੱਡ ਲੜਦਾ ਹੈ
ਕਿਸੇ ਦਾ ਮਜ਼ਹਬ ਲੜਦਾ ਹੈ
ਕਿਸੇ ਦਾ ਜਨੂੰਨ ਲੜਦਾ ਹੈ
ਤੇ ਕਿਸੇ ਦਾ ਖ਼ੂਨ ਲੜਦਾ ਹੈ
ਸਾਮਰਾਜੀ ਜੰਗਾਂ ਵਿਚ ਤਾਂ ਹਮੇਸ਼ਾ
ਦਿਮਾਗ਼ਾਂ ’ਤੇ ਉੱਗੇ ਪੇਟ ਲੜਦੇ ਨੇ
ਮਜਬੂਰੀਆਂ ਹੱਥ ਹਥਿਆਰ ਹੁੰਦੇ ਨੇ
ਬੇਵਸੀਆਂ ਇਕ ਦੂਜੇ ਦਾ ਸਿਰ ਪਾੜਦੀਆਂ ਨੇ
ਸਰਹੱਦਾਂ ਤੋਂ ਪਾਰ ਵੀ
ਤੇ ਸਰਹੱਦਾਂ ਦੇ ਆਰ ਵੀ...
ਲਹੂ ਭਿੱਜੀ ਧਰਤ ’ਚੋਂ
ਰਾਤੋ ਰਾਤ ਉੱਗ ਪੈਂਦੀਆਂ ਨੇ
ਚਿੱਟੀਆਂ ਚੁੰਨੀਆਂ
ਬੇਪੱਤ ਰਿਸ਼ਤੇ
ਬੇਹੁਰਮਤੀਆਂ ਦੇ ਕਿੱਸੇ
ਉਜਾੜਿਆਂ ਦੀ ਤਵਾਰੀਖ਼
ਹੈਵਾਨੀਅਤ ਦੀ ਕਾਲਖ
ਤੇ ਦਹਿਸ਼ਤਾਂ ਦੀ ਫ਼ਸਲ...
ਤੇ ਇਸ ਜੰਗ ਤੋਂ ਬਾਅਦ
ਕਿਸੇ ਦੀ ਹਉਮੈਂ ਬਚਦੀ ਹੈ
ਤੇ ਕਿਸੇ ਦੀ ਹਵਸ
ਪਰ ਬਹੁਤਿਆਂ ਕੋਲ ਸਿਰਫ਼ ਜ਼ਖ਼ਮ ਬਚਦੇ ਨੇ
ਜੋ ਰਿਸਦੇ ਨੇ ਸਾਰੀ ਉਮਰ
ਤੇ ਉਮਰ ਤੋਂ ਬਾਅਦ ਵੀ...
ਹਾਉਕੇ ਹੋਣੀਆਂ ਬਣ ਜਾਂਦੇ ਨੇ
ਤੇ ਸਿਸਕੀਆਂ ਕਿਸਮਤ
ਡੰਗੋਰੀਆਂ ਸਿਰਨਾਵੇਂ ਬਣ ਜਾਂਦੀਆਂ ਨੇ
ਤੇ ਸੁਖ਼ਨ ਵੈਣਾਂ ’ਚ ਬਦਲ ਜਾਂਦੇ ਨੇ
ਕਿੰਨਾ ਬਦਕਿਸਮਤ ਦੌਰ ਹੁੰਦਾ ਹੈ ਜਦ ਲੋਕ
ਅਜਿਹੇ ਯੁੱਧਾਂ ਦੇ ਜਸ਼ਨ ਮਨਾਉਂਦੇ ਨੇ
ਆਪਣੀ ਹਾਉਮੈਂ ਦਾ ਪਰਚਮ ਲਹਿਰਾਉਂਦੇ ਨੇ
ਨਫ਼ਰਤਾਂ ਦੇ ਗੀਤ ਗਾਉਂਦੇ ਨੇ
ਹਵਾਵਾਂ ਵਿਚ ਮੁੜ ਜ਼ਹਿਰ ਰਲਾਉਂਦੇ ਨੇ
ਫੇਰ ਮਾਤਮਾਂ ਤੇ ਵੈਣਾਂ ਦੀ ਪਿਉਂਦ ਲਾਉਂਦੇ ਨੇ
ਦਹਿਸ਼ਤ ਦੀ ਫ਼ਸਲ ਉਗਾਉਂਦੇ ਨੇ
ਤੇ ਮੁੜ
ਇਕ ਹੋਰ ਜੰਗ ਲਈ ਉਕਸਾਉਂਦੇ ਨੇ...
ਜੇ ਯੁੱਧ ਮਜਬੂਰੀ ਵੀ ਹੋਵੇ
ਤਾਂ ਵੀ ਯੁੱਧ ਤੋਂ ਬਾਅਦ
ਪਛਤਾਵਾ ਹੋਣਾ ਚਾਹੀਦੈ
ਕੁਝ ਹੰਝੂ ਆਪਣੀ ਹੈਵਾਨੀਅਤ ਤੇ
ਕੁਝ ਦੂਜੇ ਦੀ ਮਾਸੂਮੀਅਤ ’ਤੇ...
ਇਕ ਦੂਜੇ ਦਾ ਹੱਥ ਫੜ
ਤੇ ਗਲਵਕੜੀਆਂ ਪਾ
ਮੁੜ ਤੋਂ ਤਹੱਈਏ ਹੋਣੇ ਚਾਹੀਦੇ ਨੇ
ਹਾਸਿਆਂ ਦੇ ਬੀਜ ਬੀਜਣ ਦੇ
ਸੁਨਹਿਰੇ ਸੁਪਨਿਆਂ ਦੀ ਕਾਸ਼ਤ ਦੇ
ਇਕ ਦੂਜੇ ਦੇ ਜ਼ਖ਼ਮ ਧੋਣ ਦੇ
ਤੇ ਮੁੜ ਤੋਂ ਯੁੱਧ ਨਾ ਹੋਣ ਦੇ...
ਪਰ ਅਕਸਰ ਇੰਝ ਨਹੀਂ ਹੁੰਦਾ ਦੋਸਤੋ
ਕਿਉਂਕਿ ਯੁੱਧ ਲੜਨ ਵਾਲੇ ਹੋਰ ਹੁੰਦੇ ਨੇ
ਤੇ ਯੁੱਧ ਲੜਾਉਣ ਵਾਲੇ ਹੋਰ
ਜਿੱਤਣ ਵਾਲੇ ਹੋਰ ਹੁੰਦੇ ਨੇ
ਤੇ ਜਿਤਾਉਣ ਵਾਲੇ ਹੋਰ
ਜਿਨ੍ਹਾਂ ਦੇ ਮਰਦੇ ਹਨ
ਉਨ੍ਹਾਂ ਦੇ ਜਿੱਤਦੇ ਨਹੀਂ
ਜਿਨ੍ਹਾਂ ਦੇ ਜਿੱਤਦੇ ਨੇ
ਉਨ੍ਹਾਂ ਦੇ ਮਰਦੇ ਨਹੀਂ
ਬਸ ਲੜਨ ਵਾਲੇ ਲੜਦੇ ਨੇ
ਤੇ ਜਿੱਤਣ ਵਾਲੇ ਜਿੱਤਦੇ ਨੇ
ਇਕ ਹੋਰ ਯੁੱਧ ਹੋਣ ਤੱਕ...
ਸੰਪਰਕ: 98768-20600