ਕਾਮਰੇਡ ਅਮੋਲਕ ਤੇ ਸਾਥੀਆਂ ਦੀ ਬਰਸੀ ਮਨਾਈ
ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 8 ਜੂਨ
ਦੇਸ਼ ਦੀਆਂ ਦੁਸ਼ਮਣ ਤਾਕਤਾਂ ਹੱਥੋਂ 7 ਜੂਨ 1991 ਨੂੰ ਸ਼ਹੀਦ ਕੀਤੇ ਗਏ ਕਾਮਰੇਡ ਅਮੋਲਕ ਸਿੰਘ ਅਤੇ ਉਨ੍ਹਾਂ ਦੇ 6 ਸਾਥੀਆਂ ਦੀ ਬਰਸੀ ਇਨਕਲਾਬੀ ਜੋਸ਼ ਨਾਲ ਝੰਡਾ ਲਹਿਰਾ ਕੇ ਮਨਾਈ ਗਈ। ਕੁਲ ਹਿੰਦ ਕਿਸਾਨ ਸਭਾ ਦੇ ਸੂਬਾ ਮੀਤ ਪ੍ਰਧਾਨ ਸੂਰਤ ਸਿੰਘ ਧਰਮਕੋਟ ਨੇ ਕਿਹਾ ਕਿ 33 ਸਾਲ ਬੀਤ ਜਾਣ ਦੇ ਬਾਵਜੂਦ ਸ਼ਹੀਦੀ ਦਿਵਸ ’ਤੇ ਪਿੰਡ ਔਲਖ ਵਿੱਚ ਹੋਇਆ ਵਿਸ਼ਾਲ ਇਕੱਠ ਇਸ ਗੱਲ ਦਾ ਸਬੂਤ ਹੈ ਕਿ ਮਿਹਨਤਕਸ਼ ਲੋਕ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਚੇਤੇ ਰੱਖਦੇ ਹਨ। ਉਨ੍ਹਾਂ ਦੱਸਿਆ ਕਿ ਸੀਪੀਆਈ ਦੇ ਨਿਧੜਕ ਆਗੂ ਕਾਮਰੇਡ ਅਮੋਲਕ ਸਿੰਘ ਅਤੇ ਉਸ ਦੇ 6 ਸਾਥੀਆਂ ਬਲਜੀਤ ਸਿੰਘ, ਲਛਮਣ ਸਿੰਘ, ਮਹਿੰਦਰ ਸਿੰਘ (ਪੁਲਿਸ ਮੁਲਾਜ਼ਮ), ਲਾਲ ਸਿੰਘ (ਬੁੱਧ ਸਿੰਘ ਵਾਲਾ), ਨਛੱਤਰ ਸਿੰਘ (ਕੋਟਲਾ ਰਾਏ ਕਾ) ਅਤੇ ਡਰਾਈਵਰ ਮੁਖਤਿਆਰ ਸਿੰਘ (ਅਰਾਈਆਂਵਾਲਾ ਕਲਾਂ) ਨੂੰ ਘਾਤ ਲਗਾ ਕੇ ਕੀਤੇ ਗਏ ਹਮਲੇ ਵਿੱਚ ਸ਼ਹੀਦ ਕੀਤਾ ਗਿਆ ਸੀ ਜਦੋਂ ਉਹ ਚੋਣ ਮੁਹਿੰਮ ਦੌਰਾਨ ਹਲਕਾ ਪੰਜਗਰਾਈਂ ਕਲਾਂ ਦੇ ਦੌਰੇ ’ਤੇ ਸਨ। ਸੀਪੀਆਈ ਦੇ ਕੌਮੀ ਕੌਂਸਲ ਮੈਂਬਰ ਕਾਮਰੇਡ ਜਗਰੂਪ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਸਾਡਾ ਉਦੇਸ਼ ਮੋਦੀ ਸਰਕਾਰ ਦੀ ਤਾਨਾਸ਼ਾਹੀ ਨੂੰ ਠੱਲ੍ਹ ਪਾਉਣਾ ਹੈ ਜਿਸ ਵਿੱਚ ਕੁਝ ਹੱਦ ਤੱਕ ਕਾਮਯਾਬੀ ਹਾਸਲ ਹੋਈ ਹੈ। ਬਰਸੀ ਸਮਾਗਮ ਨੂੰ ਪਾਰਟੀ ਦੀ ਸੂਬਾ ਕਾਰਜਕਾਰਨੀ ਦੇ ਮੈਂਬਰ ਕਾਮਰੇਡ ਕ੍ਰਿਸ਼ਨ ਚੌਹਾਨ (ਮਾਨਸਾ), ਸੀਪੀਆਈ (ਐਮ) ਆਗੂ ਕਾਮਰੇਡ ਇੰਦਰਜੀਤ ਅਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਜਗਸੀਰ ਖੋਸਾ ਨੇ ਸੰਬੋਧਨ ਕਰਦੇ ਹੋਏ ਕਾਮਰੇਡ ਅਮੋਲਕ ਅਤੇ ਸਾਥੀਆਂ ਦੀ ਸੋਚ ਨੂੰ ਅੱਗੇ ਲੈ ਕੇ ਜਾਣ ਦਾ ਸੱਦਾ ਦਿੱਤਾ। ਸਮਾਗਮ ਦੌਰਾਨ ਲੋਕ ਕਲਾਕਾਰ ਜਗਸੀਰ ਜੀਦਾ ਨੇ ਆਪਣੀ ਕਲਾ ਨਾਲ ਸਰੋਤਿਆਂ ਨੂੰ ਸਟੇਜ ਨਾਲ ਜੋੜੀ ਰੱਖਿਆ।