ਮੰਡੀਆਂ ਵਿੱਚ ਨਰਮੇ ਦੀ ਖ਼ਰੀਦ ਤੋਂ ਭੱਜਣ ਲੱਗੀ ਸੀਸੀਆਈ
ਮਨੋਜ ਸ਼ਰਮਾ
ਬਠਿੰਡਾ, 3 ਦਸੰਬਰ
ਇਕ ਪਾਸੇ ਪੰਜਾਬ ਸਰਕਾਰ ਕਿਸਾਨਾਂ ਨੂੰ ਨਰਮੇ ਦੀ ਖੇਤੀ ਲਈ ਉਤਸ਼ਾਹਤ ਕਰਨ ਦੇ ਦਾਅਵੇ ਕਰ ਰਹੀ ਹੈ, ਪਰ ਦੂਜੇ ਪਾਸੇ ਕਿਸਾਨਾਂ ਨੂੰ ਨਰਮੇ ਦਾ ਸਹੀ ਭਾਅ ਨਹੀਂ ਮਿਲ ਰਿਹਾ। ਇਸ ਕਾਰਨ ਕਿਸਾਨਾਂ ਦੇ ‘ਚਿੱਟੇ ਸੋਨੇ’ ਦੀ ਸਾਫ ਲੁੱਟ ਹੋ ਰਹੀ ਹੈ। ਇਸੇ ਦੌਰਾਨ, ਕਾਟਨ ਕਾਰਪੋਰੇਸ਼ਨ ਆਫ਼ ਇੰਡੀਆ (ਸੀਸੀਆਈ) ਨੇ ਅਜੇ ਤੱਕ ਨਰਮੇ ਦੀ ਖ਼ਰੀਦ ਸ਼ੁਰੂ ਨਹੀਂ ਕੀਤੀ। ਸੂਤਰਾਂ ਮੁਤਾਬਕ, ਸਿਰਫ਼ ਸੰਗਤ ਮੰਡੀ (ਬਠਿੰਡਾ) ਵਿੱਚ ਸੀਸੀਆਈ ਵੱਲੋਂ ਥੋੜ੍ਹੀ ਖ਼ਰੀਦ ਕੀਤੀ ਗਈ ਹੈ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ-ਟਿਕੈਤ) ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਰਾਮਾ ਨੇ ਕਿਹਾ ਕਿ ਸਿਰਫ ਸੰਗਤ ਮੰਡੀ ਵਿੱਚ ਸੀਸੀਆਈ ਵੱਲੋਂ ਕੁਝ ਖ਼ਰੀਦ ਕੀਤੀ ਗਈ ਹੈ, ਜਦੋਂਕਿ ਹੋਰ ਥਾਵਾਂ ’ਤੇ ਕਿਸਾਨਾਂ ਨੂੰ ਨਿੱਜੀ ਵਪਾਰੀਆਂ ਦੇ ਸਹਾਰੇ ਛੱਡ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਐਂਤਕੀ ਬਠਿੰਡਾ ਜ਼ਿਲ੍ਹੇ ਵਿੱਚ 28 ਹਜ਼ਾਰ ਹੈਕਟੇਅਰ ਰਕਬੇ ’ਤੇ ਨਰਮਾ ਬੀਜਿਆ ਗਿਆ ਸੀ। ਕੇਂਦਰ ਸਰਕਾਰ ਨੇ ਨਰਮੇ ਦਾ ਭਾਅ 7,521 ਪ੍ਰਤੀ ਕੁਇੰਟਲ ਤੈਅ ਕੀਤਾ ਹੈ, ਪਰ ਨਿੱਜੀ ਵਪਾਰੀ 7,100 ਤੋਂ 7,250 ਪ੍ਰਤੀ ਕੁਇੰਟਲ ’ਤੇ ਖਰੀਦ ਰਹੇ ਹਨ। ਇਸ ਕਾਰਨ ਕਿਸਾਨਾਂ ਨੂੰ 400 ਪ੍ਰਤੀ ਕੁਇੰਟਲ ਦਾ ਘਾਟਾ ਝੱਲਣਾ ਪੈ ਰਿਹਾ ਹੈ। ਕਿਸਾਨ ਆਗੂ ਸਰੂਪ ਰਾਮਾ ਨੇ ਚੇਤਾਵਨੀ ਦਿੱਤੀ ਕਿ ਜੇ ਸੀਸੀਆਈ ਨੇ ਤੁਰੰਤ ਨਰਮੇ ਦੀ ਖਰੀਦ ਸ਼ੁਰੂ ਨਾ ਕੀਤੀ, ਤਾਂ ਸੰਸਥਾ ਦੇ ਦਫ਼ਤਰਾਂ ਦਾ ਘਿਰਾਓ ਕਰਨਗੇ।
ਅਧਿਕਾਰੀਆਂ ਵੱਲੋਂ ਸੁੱਕਾ ਨਰਮਾ ਲਿਆਉਣ ਦੀ ਅਪੀਲ
ਸੀਸੀਆਈ ਦੇ ਅਧਿਕਾਰੀ ਗੁਰਦੀਪ ਸਿੰਘ ਨੇ ਕਿਹਾ ਕਿ ਉਹ 8 ਤੋਂ 12 ਫ਼ੀਸਦ ਨਮੀ ਵਾਲੇ ਨਰਮੇ ਦੀ ਖ਼ਰੀਦ ਕਰਦੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ 8 ਫ਼ੀਸਦ ਨਮੀ ਵਾਲੇ ਨਰਮੇ ਨੂੰ ਵੱਧ ਤਰਜੀਹ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸੀਸੀਆਈ ਨੇ ਗਿੱਦੜਬਾਹਾ ਮੰਡੀ ਤੋਂ 22 ਤੋਂ 23 ਕੁਇੰਟਲ ਅਤੇ ਸੰਗਤ ਮੰਡੀ ਤੋਂ 100 ਕੁਇੰਟਲ ਨਰਮਾ ਖਰੀਦਿਆ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੀਸੀਆਈ ਦੀਆਂ ਸ਼ਰਤਾਂ ਮੁਤਾਬਕ 8 ਫ਼ੀਸਦ ਨਮੀ ਵਾਲਾ ਸੁੱਕਾ ਨਰਮਾ ਬਿਨਾਂ ਆੜ੍ਹਤੀਏ ਤੋਂ ਮੰਡੀ ਲੈ ਕੇ ਆਉਣ ਤਾਂ ਉਹ ਖ਼ਰੀਦ ਕਰਨਗੇ।