ਸੀਬੀਐੱਸਈ: ਸਾਇੰਸ ਤੇ ਸੋਸ਼ਲ ਸਾਇੰਸ ਨੂੰ ਦੋ ਸ਼੍ਰੇਣੀਆਂ ’ਚ ਪੜ੍ਹਾਉਣ ਦੀ ਯੋਜਨਾ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਦਸੰਬਰ
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਵੱਲੋਂ ਵਿਗਿਆਨ ਤੇ ਸਮਾਜਿਕ ਵਿਗਿਆਨ ਵਿਚ ਨੌਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦੋ ਲੈਵਲਾਂ (ਸੌਖਾ ਤੇ ਔਖਾ) ਵਿਚ ਪੜ੍ਹਾਈ ਕਰਨ ਦੀ ਸਹੂਲਤ ਦੇਣ ਲਈ ਵਿਚਾਰ ਕੀਤਾ ਜਾ ਰਿਹਾ ਹੈ। ਇਸ ਨੂੰ ਸੀਬੀਐੱਸਈ ਕਰੀਕੁਲਮ ਕਮੇਟੀ ਵੱਲੋਂ ਪ੍ਰਵਾਨਗੀ ਮਿਲ ਗਈ ਹੈ ਜਦਕਿ ਗਵਰਨਿੰਗ ਬਾਡੀ ਤੋਂ ਮਨਜ਼ੂਰੀ ਮਿਲਣੀ ਬਾਕੀ ਹੈ। ਇਸ ਤੋਂ ਪਹਿਲਾਂ ਸਿਰਫ਼ ਦਸਵੀਂ ਦੇ ਵਿਦਿਆਰਥੀਆਂ ਨੂੰ ਗਣਿਤ ਵਿਚ ਹੀ ਇਹ ਸਹੂਲਤ ਮਿਲ ਰਹੀ ਹੈ ਜਿਸ ਤਹਿਤ ਵਿਦਿਆਰਥੀ ਗਣਿਤ ਬੇਸਿਕ ਤੇ ਗਣਿਤ ਸਟੈਂਡਰਡ ਦੀ ਪੜ੍ਹਾਈ ਵਿਚੋਂ ਇੱਕ ਦੀ ਚੋਣ ਕਰ ਸਕਦੇ ਹਨ।
ਸੀਬੀਐੱਸਈ ਦੀ ਪਹਿਲਕਦਮੀ ਦਾ ਉਦੇਸ਼ ਇਨ੍ਹਾਂ ਦੋ ਵਿਸ਼ਿਆਂ ਵਿਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਬਿਹਤਰ ਮੌਕੇ ਦੇਣਾ ਹੈ ਜਿਸ ਤਹਿਤ ਵਿਦਿਆਰਥੀਆਂ ਨੂੰ ਵਿਗਿਆਨ ਤੇ ਸਮਾਜਿਕ ਵਿਗਿਆਨ ਵਿਚ ਪੜ੍ਹਾਈ ਦੀ ਵਾਧੂ ਸਮੱਗਰੀ ਮੁਹੱਈਆ ਕਰਵਾਈ ਜਾਵੇਗੀ ਤਾਂ ਕਿ ਉਹ ਅਗਲੇਰੀ ਪੜ੍ਹਾਈ ਲਈ ਐਡਵਾਂਸਡ ਪੱਧਰ ਦੀ ਪੜ੍ਹਾਈ ਕਰ ਸਕਣ।
ਪ੍ਰੈਕਟੀਕਲ ਪ੍ਰੀਖਿਆਵਾਂ ਲਈ ਨਿਰਦੇਸ਼ ਜਾਰੀ
ਸੀਬੀਐੱਸਈ ਨੇ ਬੋਰਡ ਜਮਾਤਾਂ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਪ੍ਰੈਕਟੀਕਲ ਕਰਵਾਉਣ ਲਈ ਨਿਰਦੇਸ਼ ਜਾਰੀ ਕੀਤੇ ਹਨ। ਇਸ ਸਬੰਧੀ ਪ੍ਰੀਖਿਆਵਾਂ ਕੰਟਰੋਲਰ ਡਾ. ਸੰਯਮ ਭਾਰਦਵਾਜ ਨੇ 2 ਦਸੰਬਰ ਨੂੰ ਸਕੂਲਾਂ ਨੂੰ ਪੱਤਰ ਜਾਰੀ ਕੀਤਾ ਹੈ। ਇਸ ਵਿਚ ਸਕੂਲਾਂ ਨੂੰ ਕਿਹਾ ਗਿਆ ਹੈ ਕਿ ਉਹ ਤੈਅ ਸਮੇਂ ਵਿਚ ਪ੍ਰੈਕਟੀਕਲ ਦਾ ਸਿਲੇਬਸ ਮੁਕੰਮਲ ਕਰਵਾਉਣ। ਇਸ ਸਬੰਧੀ ਸਕੂਲ ਲੈਬਾਰਟਰੀਆਂ ਤੇ ਹੋਰਾਂ ਦੇ ਬਣਦੇ ਪ੍ਰਬੰਧ ਕਰਨ। ਜੇ ਇਸ ਸਬੰਧੀ ਕੋਈ ਖਾਮੀਆਂ ਰਹਿੰਦੀਆਂ ਹਨ ਤਾਂ ਸੀਬੀਐੱਸਈ ਨੂੰ ਸੂਚਿਤ ਕੀਤਾ ਜਾਵੇ।