ਮਹਾਦੇਵ ਸੱਟੇਬਾਜ਼ੀ ਐਪ ਘੁਟਾਲੇ ਦੀ ਸੀਬੀਆਈ ਕਰੇਗੀ ਜਾਂਚ
ਰਾਏਪੁਰ, 26 ਅਗਸਤ
ਛੱਤੀਸਗੜ੍ਹ ਸਰਕਾਰ ਨੇ ਕਥਿਤ ਮਹਾਦੇਵ ਸੱਟੇਬਾਜ਼ੀ ਐਪ ਘੁਟਾਲੇ ਨਾਲ ਸਬੰਧਤ ਸਾਰੇ ਕੇਸ ਸੀਬੀਆਈ ਹਵਾਲੇ ਕਰਨ ਦਾ ਫ਼ੈਸਲਾ ਲਿਆ ਹੈ। ਉਪ ਮੁੱਖ ਮੰਤਰੀ ਵਿਜੇ ਸ਼ਰਮਾ ਨੇ ਕਿਹਾ ਕਿ ਸਰਕਾਰ ਨੇ ਸੀਬੀਆਈ ਜਾਂਚ ਦੀ ਪ੍ਰਵਾਨਗੀ ਸਬੰਧੀ ਨੋਟੀਫਿਕੇਸ਼ਨ ਪਿਛਲੇ ਹਫ਼ਤੇ ਜਾਰੀ ਕੀਤਾ ਸੀ। ਛੱਤੀਸਗੜ੍ਹ ’ਚ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੇ ਇਸ ਕਥਿਤ ਘੁਟਾਲੇ ਦਾ ਮੁੱਦਾ ਚੁੱਕਿਆ ਸੀ ਕਿਉਂਕਿ ਐੱਫਆਈਆਰ ’ਚ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਭੁਪੇਸ਼ ਬਘੇਲ ਸਮੇਤ ਹੋਰਾਂ ਦੇ ਨਾਮ ਸ਼ਾਮਲ ਸਨ। ਬਘੇਲ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਦਾਅਵਾ ਕੀਤਾ ਹੈ ਕਿ ਐੱਫਆਈਆਰ ਸਿਆਸਤ ਤੋਂ ਪ੍ਰੇਰਿਤ ਹੈ। ਈਡੀ ਵੱਲੋਂ ਵੀ ਮਹਾਦੇਵ ਐਪ ਘੁਟਾਲੇ ’ਚ ਮਨੀ ਲਾਂਡਰਿੰਗ ਨਾਲ ਜੁੜੇ ਕੇਸਾਂ ਦੀ ਜਾਂਚ ਕੀਤੀ ਜਾ ਰਹੀ ਹੈ। ਈਡੀ ਨੇ 6 ਹਜ਼ਾਰ ਕਰੋੜ ਰੁਪਏ ਦੇ ਲੈਣ-ਦੇਣ ਨਾਲ ਸਬੰਧਤ ਘੁਟਾਲੇ ’ਚ ਹੁਣ ਤੱਕ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਸ਼ਰਮਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਹਾਦੇਵ ਐਪ ਘੁਟਾਲੇ ਨਾਲ ਸਬੰਧਤ 70 ਕੇਸ ਛੱਤੀਸਗੜ੍ਹ ਦੇ ਵੱਖ ਵੱਖ ਪੁਲੀਸ ਸਟੇਸ਼ਨਾਂ ’ਚ ਦਰਜ ਕੀਤੇ ਗਏ ਹਨ ਅਤੇ ਇਕ ਕੇਸ ਆਰਥਿਕ ਅਪਰਾਧ ਸ਼ਾਖ਼ਾ ’ਚ ਦਰਜ ਹੈ। ‘ਅਸੀਂ ਇਹ ਸਾਰੇ ਕੇਸ ਸੀਬੀਆਈ ਹਵਾਲੇ ਕਰਨ ਦਾ ਫ਼ੈਸਲਾ ਲਿਆ ਹੈ ਅਤੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ।’ ਉਨ੍ਹਾਂ ਕਿਹਾ ਕਿ ਇਹ ਮਾਮਲਾ ਕਈ ਸੂਬਿਆਂ ਨਾਲ ਸਬੰਧਤ ਹੈ ਅਤੇ ਕੁਝ ਵਿਅਕਤੀ ਵਿਦੇਸ਼ ’ਚ ਹਨ। ਉਨ੍ਹਾਂ ਕਿਹਾ ਕਿ ਕਿਸੇ ਨਾਲ ਵੀ ਨਰਮੀ ਨਹੀਂ ਵਰਤੀ ਜਾਵੇਗੀ ਅਤੇ ਵਿਦੇਸ਼ ਆਧਾਰਿਤ ਮੁਲਜ਼ਮਾਂ ਨੂੰ ਵੀ ਵਤਨ ਲਿਆਂਦਾ ਜਾਵੇਗਾ। -ਪੀਟੀਆਈ