ਸੀਬੀਆਈ ਨੂੰ ਜੁਆਇੰਟ ਡਰੱਗਜ਼ ਕੰਟਰੋਲਰ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਮਿਲੀ
ਨਵੀਂ ਦਿੱਲੀ, 23 ਜੁਲਾਈ
ਕੇਂਦਰ ਸਰਕਾਰ ਨੇ ਰਿਸ਼ਵਤ ਦੇ ਇਕ ਕੇਸ ਵਿਚ ਡਰੱਗਜ਼ ਸਟੈਂਡਰਡ ਕੰਟਰੋਲ ਸੰਗਠਨ ਦੇ ਜੁਆਇੰਟ ਡਰੱਗਜ਼ ਕੰਟਰੋਲਰ ਐੱਸ. ਈਸ਼ਵਰਾ ਰੈੱਡੀ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਰੈੱਡੀ ’ਤੇ ਬਾਇਓਕੌਨ ਬਾਇਓਲੌਜਿਕਸ ਦੇ ਇੰਸੁਲਨਿ ਟੀਕੇ ਦੀ ਸਿਫਾਰਿਸ਼ ਕਰਨ ਲਈ ਰਿਸ਼ਵਤ ਲੈਣ ਦਾ ਦੋਸ਼ ਹੈ। ਮੁਕੱਦਮਾ ਚਲਾਉਣ ਲਈ ਸੀਬੀਆਈ ਨੂੰ ਇਹ ਮਨਜ਼ੂਰੀ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਡਾਇਰੈਕਟਰ (ਵਿਜੀਲੈਂਸ) ਨੇ ਦਿੱਤੀ ਹੈ। ਸੀਬੀਆਈ ਨੇ ਇਸ ਪ੍ਰਵਾਨਗੀ ਨੂੰ ਅੱਜ ਇੱਥੇ ਇਕ ਵਿਸ਼ੇਸ਼ ਅਦਾਲਤ ਵਿਚ ਪੇਸ਼ ਕੀਤਾ।
ਏਜੰਸੀ ਨੂੰ ਅਜਿਹੀ ਹੀ ਪ੍ਰਵਾਨਗੀ ਸਹਾਇਕ ਡਰੱਗ ਇੰਸਪੈਕਟਰ ਅਨੀਮੇਸ਼ ਕੁਮਾਰ ਖਿਲਾਫ਼ ਵੀ ਮਿਲੀ ਹੈ ਜੋ ਕਿ ਇਸ ਕੇਸ ਵਿਚ ਸਹਿ-ਮੁਲਜ਼ਮ ਹਨ। ਜੁਆਇੰਟ ਡਰੱਗਜ਼ ਕੰਟਰੋਲਰ ਐੱਸ. ਈਸ਼ਵਰਾ ਰੈੱਡੀ ਤੇ ਸਹਾਇਕ ਡਰੱਗ ਇੰਸਪੈਕਟਰ ਅਨੀਮੇਸ਼ ਕੁਮਾਰ ਤੋਂ ਇਲਾਵਾ ਸੀਬੀਆਈ ਨੇ ਇਸ ਕੇਸ ਵਿਚ ਬਾਇਓਕੌਨ ਦੇ ਅਧਿਕਾਰੀ ਐਲ. ਪ੍ਰਵੀਨ ਕੁਮਾਰ ਤੇ ਇਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ’ਤੇ ਰੈੱਡੀ ਨੂੰ ਚਾਰ ਲੱਖ ਰੁਪਏ ਦੇਣ ਦਾ ਦੋਸ਼ ਹੈ। ਇਸ ਮਾਮਲੇ ਵਿਚ ਗ੍ਰਿਫ਼ਤਾਰੀਆਂ ਪਿਛਲੇ ਸਾਲ ਜੂਨ ਵਿਚ ਹੋਈਆਂ ਸਨ।
ਰਿਸ਼ਵਤ ਬਦਲੇ ਇੰਸੁਲਨਿ ਦੇ ਇਸ ਇੰਜੈਕਸ਼ਨ ਨੂੰ ਤੀਜੇ ਗੇੜ ਦੇ ਕਲੀਨਿਕਲ ਟਰਾਇਲ ਤੋਂ ਕਥਿਤ ਤੌਰ ’ਤੇ ਛੋਟ ਦਿੱਤੀ ਗਈ ਸੀ। ਇਹ ਉਤਪਾਦ ਕੰਪਨੀ ਨੇ ਸ਼ੂਗਰ ਦੀਆਂ ਬਿਮਾਰੀਆਂ ਨਾਲ ਸਬੰਧਤ ਸਮੱਸਿਆਵਾਂ ਨਾਲ ਨਜਿੱਠਣ ਲਈ ਵਿਕਸਿਤ ਕੀਤਾ ਸੀ। ਹਾਲਾਂਕਿ ਕਿਰਨ ਮਜ਼ੂਮਦਾਰ ਸ਼ਾਅ ਦੀ ਮਾਲਕੀ ਵਾਲੀ ਕੰਪਨੀ ਬਾਇਓਕੌਨ ਨੇ ਰਿਸ਼ਵਤ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਰੈੱਡੀ ਨੂੰ ਇਸ ਮਾਮਲੇ ਵਿਚ ਮੁਅੱਤਲ ਕਰਨ ਮਗਰੋਂ ਬਹਾਲ ਕੀਤਾ ਗਿਆ ਸੀ। ਏਜੰਸੀ ਨੇ ਪਿਛਲੇ ਸਾਲ ਅਗਸਤ ਵਿਚ ਚਾਰਜਸ਼ੀਟ ਦਾਇਰ ਕੀਤੀ ਸੀ। -ਪੀਟੀਆਈ