ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜਾਤਾਂ ਦਾ ਮਸਲਾ ਅਤੇ ਰਾਮ ਮਨੋਹਰ ਲੋਹੀਆ

08:02 AM Jun 30, 2024 IST
ਰਾਮ ਮਨੋਹਰ ਲੋਹੀਆ , ਡਾ. ਭੀਮ ਰਾਓ ਅੰਬੇਡਕਰ

ਰਾਮਚੰਦਰ ਗੁਹਾ

ਹਿੰਦੋਸਤਾਨ ਵਿੱਚ ਅੰਗਰੇਜ਼ਾਂ ਦੇ ਰਾਜ ਦੇ ਅਖ਼ੀਰਲੇ ਦਹਾਕੇ ਵਿੱਚ ਬਸਤੀਵਾਦੀ ਵਿਰੋਧੀ ਸਿਆਸਤ ਵਿੱਚ ਸਮਾਜਵਾਦੀ ਅਤੇ ਕਮਿਊਨਿਸਟ ਕਾਫ਼ੀ ਸਰਗਰਮ ਸਨ। ਆਜ਼ਾਦੀ ਤੋਂ ਬਾਅਦ ਦੇ ਕੁਝ ਦਹਾਕਿਆਂ ਵਿੱਚ ਕਾਂਗਰਸ ਦੇ ਦਬਦਬੇ ਲਈ ਇਹ ਦੋਵੇਂ ਗਰੁੱਪ ਪ੍ਰਮੁੱਖ ਚੁਣੌਤੀ ਬਣੇ ਹੋਏ ਸਨ। ਸਮਾਜਵਾਦੀਆਂ ਅਤੇ ਕਮਿਊਨਿਸਟਾਂ ਦੀਆਂ ਉਹ ਪਹਿਲੀਆਂ ਪੀੜ੍ਹੀਆਂ ਦਲੇਰੀ ਅਤੇ ਆਦਰਸ਼ਵਾਦ ਲਈ ਜਾਣੀਆਂ ਜਾਂਦੀਆਂ ਸਨ ਅਤੇ ਉਨ੍ਹਾਂ ਅੰਦਰ ਕਈ ਹੋਰ ਖ਼ੂਬੀਆਂ ਵੀ ਸਨ। ਫਿਰ ਵੀ ਉਨ੍ਹਾਂ ਦੋਵਾਂ ’ਤੇ ਇੱਕ ਧੱਬਾ ਲੱਗਿਆ ਹੋਇਆ ਸੀ: ਹਿੰਦੋਸਤਾਨੀ ਸਮਾਜ ਅੰਦਰ ਵਿਤਕਰੇ ਦੇ ਇੱਕ ਪ੍ਰਮੁੱਖ ਰੂਪ ਤੋਂ ਅਗਿਆਨਤਾ। ਉਂਝ, ਇਸ ਰੁਝਾਨ ਦਾ ਇੱਕ ਅਪਵਾਦ ਸੀ ਸਮਾਜਵਾਦੀ ਚਿੰਤਕ ਅਤੇ ਸਿਆਸਤਦਾਨ ਰਾਮ ਮਨੋਹਰ ਲੋਹੀਆ (1910-1967)।
ਜਾਤ ਦੇ ਮਸਲੇ ਬਾਰੇ ਲੋਹੀਆ ਦੀਆਂ ਲਿਖਤਾਂ ਇੱਕ ਅਜਿਹੀ ਕਿਤਾਬ ਵਿੱਚ ਸੰਗ੍ਰਹਿ ਕੀਤੀਆਂ ਗਈਆਂ ਸਨ ਜੋ ਹੈਦਰਾਬਾਦ ਵਿਚਲੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਜਿਊਂਦੇ ਜੀਅ ਹੀ ਪ੍ਰਕਾਸ਼ਿਤ ਕਰਵਾਈ ਸੀ। ਬਹੁਤ ਦੇਰ ਪਹਿਲਾਂ ਹੀ ਇਸ ਕਿਤਾਬ ਦੀ ਕਾਪੀ ਮਿਲਣੀ ਬੰਦ ਹੋ ਗਈ ਸੀ ਪਰ ਹੁਣ ਇੱਕ ਸੁਤੰਤਰ ਪ੍ਰਕਾਸ਼ਕ ਨੇ ਇਸ ਕਿਤਾਬ ਦਾ ਸੋਧਿਆ ਹੋਇਆ ਸੰਸਕਰਣ ਛਾਪਿਆ ਹੈ ਜੋ ਕਿ ਸਬੱਬ ਨਾਲ ਹੈਦਰਾਬਾਦ ਨਾਲ ਹੀ ਤਾਅਲੁਕ ਰੱਖਦਾ ਹੈ। ਲੋਹੀਆ ਨੇ ਆਪਣੇ ਕਈ ਖੱਬੇ-ਪੱਖੀ ਸਾਥੀਆਂ ਬਾਰੇ ਇਹ ਗੱਲ ਠੀਕ ਹੀ ਦਰਜ ਕੀਤੀ ਹੈ ਕਿ ‘ਬਹੁਤ ਸਾਰੇ ਸਮਾਜਵਾਦੀ ਇਮਾਨਦਾਰੀ ਨਾਲ ਪਰ ਗ਼ਲਤ ਸੋਚਦੇ ਹਨ ਕਿ ਆਰਥਿਕ ਬਰਾਬਰੀ ਲਈ ਜੱਦੋਜਹਿਦ ਕਰਨਾ ਹੀ ਕਾਫ਼ੀ ਹੈ ਅਤੇ ਇਸ ਦੇ ਸਿੱਟੇ ਵਜੋਂ ਜਾਤੀ ਨਾਬਰਾਬਰੀ ਖ਼ੁਦ-ਬ-ਖ਼ੁਦ ਮਿਟ ਜਾਵੇਗੀ। ਉਹ ਇਹ ਸਮਝਣ ਵਿੱਚ ਨਾਕਾਮ ਰਹੇ ਹਨ ਕਿ ਆਰਥਿਕ ਨਾਬਰਾਬਰੀ ਅਤੇ ਜਾਤੀ ਅਸਮਾਨਤਾ ਦੋ ਅਜਿਹੇ ਜੁੜਵੇਂ ਦਾਨਵ ਹਨ ਜਿਨ੍ਹਾਂ ਦੋਵਾਂ ਨੂੰ ਖ਼ਤਮ ਕਰਨਾ ਜ਼ਰੂਰੀ ਹੈ।’
ਲੋਹੀਆ ਆਪ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਸਨ ਕਿ ‘ਜਾਤ ਭਾਰਤੀ ਜੀਵਨ ਦਾ ਸਭ ਤੋਂ ਡਾਢਾ ਕਾਰਕ ਹੈ। ਜਿਹੜੇ ਸਿਧਾਂਤਕ ਰੂਪ ਵਿੱਚ ਇਸ ਤੋਂ ਮੁਨਕਰ ਹੁੰਦੇ ਹਨ, ਉਹ ਵਿਹਾਰਕ ਰੂਪ ਵਿੱਚ ਇਸ ਨੂੰ ਪ੍ਰਵਾਨ ਕਰਦੇ ਹਨ।’ ਉਨ੍ਹਾਂ ਧਿਆਨ ਦਿਵਾਇਆ ਸੀ ਕਿ ‘ਜਨਮ, ਮੌਤ, ਵਿਆਹ, ਭੋਜ ਅਤੇ ਕਈ ਹੋਰ ਰਹੁ-ਰੀਤਾਂ ਜਿਹੇ ਜੀਵਨ ਦੇ ਮਹਾਨ ਤੱਥ ਜਾਤ ਦੇ ਸਾਂਚੇ ਵਿੱਚ ਹੀ ਚਲਦੇ ਹਨ। ਇੱਕ ਹੀ ਜਾਤ ਨਾਲ ਸਬੰਧ ਰੱਖਦੇ ਆਦਮੀ ਇਨ੍ਹਾਂ ਫ਼ੈਸਲਾਕੁਨ ਕਾਰਜਾਂ ਵੇਲੇ ਇੱਕ ਦੂਜੇ ਦੀ ਮਦਦ ਕਰਦੇ ਹਨ।’ ਇਉਂ ਹੀ ਉਨ੍ਹਾਂ ਦਾ ਖ਼ਿਆਲ ਸੀ: ‘ਜਾਤਾਂ ਦੀ ਪ੍ਰਣਾਲੀ ਸਥਿਰਤਾ ਅਤੇ ਤਬਦੀਲੀ ਖ਼ਿਲਾਫ਼ ਇੱਕ ਅਜਿਹੀ ਭਿਅੰਕਰ ਸ਼ਕਤੀ ਹੈ ਜੋ ਪ੍ਰਚੱਲਤ ਸਾਰੀ ਕਮੀਨਗੀ, ਜ਼ਿੱਲਤ ਅਤੇ ਝੂਠਾਂ ਨੂੰ ਸਥਿਰਤਾ ਬਖ਼ਸ਼ਦੀ ਹੈ।’ ਇਸ ਪ੍ਰਣਾਲੀ ਨੂੰ ਵਿਤਕਰੇ ਜ਼ਰੀਏ ਪਰਿਭਾਸ਼ਤ ਅਤੇ ਲਾਗੂ ਕੀਤਾ ਗਿਆ ਹੈ, ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਉੱਚੀਆਂ ਜਾਤੀਆਂ ਆਪਣਾ ਸਿਆਸੀ ਅਤੇ ਆਰਥਿਕ ਸ਼ਾਸਨ ਅਤੇ ਬੇਸ਼ੱਕ ਧਰਮ ਵੀ ਕਾਇਮ ਰੱਖ ਸਕਣ। ਉਹ ਇਹ ਕੰਮ ਮਹਿਜ਼ ਬੰਦੂਕ ਦੇ ਜ਼ਰੀਏ ਨਹੀਂ ਕਰ ਸਕਦੀਆਂ। ਜਿਨ੍ਹਾਂ ਲੋਕਾਂ ’ਤੇ ਉਹ ਆਪਣਾ ਹੁਕਮ ਚਲਾਉਣਾ ਅਤੇ ਉਨ੍ਹਾਂ ਨੂੰ ਲੁੱਟਣਾ ਚਾਹੁੰਦੇ ਹਨ, ਉਨ੍ਹਾਂ ਅੰਦਰ ਕਮਤਰੀ ਦਾ ਅਹਿਸਾਸ ਭਰਨਾ ਜ਼ਰੂਰੀ ਸੀ।’
ਹਾਲਾਂਕਿ ਲੋਹੀਆ ਦਲਿਤਾਂ (ਜਿਨ੍ਹਾਂ ਨੂੰ ਉਨ੍ਹਾਂ ਸਮਿਆਂ ਦੀ ਜ਼ੁਬਾਨ ਵਿੱਚ ਉਹ ਹਰੀਜਨ ਕਹਿੰਦੇ ਸਨ) ਖ਼ਿਲਾਫ਼ ਹੁੰਦੇ ਵਿਤਕਰਿਆਂ ਨੂੰ ਅਣਡਿੱਠ ਨਹੀਂ ਕਰਦੇ ਸਨ ਪਰ ਉਨ੍ਹਾਂ ਦਾ ਮੁੱਖ ਧਿਆਨ ਸਵਰਨ ਜਾਂ ਦਵਿਜ ਉੱਚ ਜਾਤੀਆਂ ਅੰਦਰ ਤਿੱਖੀਆਂ ਵੰਡਾਂ ’ਤੇ ਕੇਂਦਰਿਤ ਸੀ ਜਿਨ੍ਹਾਂ ਵਿੱਚੋਂ ਸਿਆਸੀ, ਪ੍ਰਸ਼ਾਸਕੀ, ਪੇਸ਼ੇਵਰ, ਕਾਰੋਬਾਰੀ ਅਤੇ ਬੌਧਿਕ ਕੁਲੀਨ ਆਉਂਦੇ ਸਨ ਅਤੇ ਸ਼ੂਦਰ ਜਾਤੀਆਂ ਦੀ ਸੱਤਾ ਤੇ ਪ੍ਰਸ਼ਾਸਕੀ ਢਾਂਚਿਆਂ ਵਿੱਚ ਉੱਕਾ ਹੀ ਨੁਮਾਇੰਦਗੀ ਨਹੀਂ ਸੀ। 1958 ਦੀ ਆਪਣੀ ਇੱਕ ਲਿਖਤ ਵਿੱਚ ਉਨ੍ਹਾਂ ਆਖਿਆ ਕਿ ‘ਸਵਰਨਾਂ ਦੀ ਗਿਣਤੀ ਹਿੰਦੋਸਤਾਨ ਦੀ ਕੁੱਲ ਜਨਸੰਖਿਆ ਦੇ ਵੀਹ ਫ਼ੀਸਦੀ ਹਿੱਸੇ ਤੋਂ ਵੀ ਘੱਟ ਹੈ ਜਦੋਂਕਿ ਸਾਡੀ ਰਾਸ਼ਟਰੀ ਸਰਗਰਮੀ ਦੇ ਚਾਰ ਮੁੱਖ ਸ਼ੋਅਬਿਆਂ ਭਾਵ ਕਾਰੋਬਾਰ, ਫ਼ੌਜ, ਉੱਚ ਸਿਵਿਲ ਸੇਵਾਵਾਂ ਅਤੇ ਸਿਆਸੀ ਪਾਰਟੀਆਂ ਵਿੱਚ ਉੱਚ ਜਾਤੀਆਂ ਦੀ ਹਿੱਸੇਦਾਰੀ 4/5 ਜਾਂ 80 ਫ਼ੀਸਦੀ ਬਣਦੀ ਹੈ।’ ਦੇਸ਼ ਦੀ ਤਰੱਕੀ ਲਈ ਇਸ ਅਸਮਤੋਲ ਨੂੰ ਦਰੁਸਤ ਕਰਨਾ ਪਵੇਗਾ। ਲੋਹੀਆ ਆਪਣੇ ਸਮਾਜਵਾਦੀ ਸਾਥੀਆਂ ਨੂੰ ਅਜਿਹਾ ਸੰਘਰਸ਼ ਵਿੱਢਣ ਦਾ ਸੱਦਾ ਦਿੰਦੇ ਸਨ ਤਾਂ ਕਿ ਸਮਾਜ ਦੇ ਪੰਜ ਦਮਿਤ ਸਮੂਹਾਂ ਔਰਤਾਂ, ਸ਼ੂਦਰਾਂ, ਹਰੀਜਨਾਂ, ਮੁਸਲਮਾਨਾਂ ਅਤੇ ਆਦਿਵਾਸੀਆਂ ਨੂੰ ਮੋਹਰੀ ਭੂਮਿਕਾ ਵਿੱਚ ਲਿਆਂਦਾ ਜਾ ਸਕੇ, ਭਾਵੇਂ ਉਨ੍ਹਾਂ ਦੀ ਮੈਰਿਟ ਕਿਹੋ ਜਿਹੀ ਹੋਵੇ। ਵਰਤਮਾਨ ਸਮੇਂ ਇਹ ਮੈਰਿਟ ਨੀਵੀਂ ਹੋਵੇਗੀ। ਦਰਅਸਲ, ਮੈਰਿਟ ਦੇ ਪੈਮਾਨੇ ਵੀ ਉੱਚੀਆਂ ਜਾਤੀਆਂ ਦਾ ਪੱਖ ਪੂਰਦੇ ਹਨ। ਇਤਿਹਾਸ ਦੀਆਂ ਕਈ ਸਦੀਆਂ ਨੇ ਜੋ ਕੁਝ ਕੀਤਾ ਹੈ, ਉਸ ਨੂੰ ਇੱਕ ਜਹਾਦ ਵਿੱਢ ਕੇ ਖ਼ਤਮ ਕਰਨਾ ਪਵੇਗਾ।’
ਲੋਹੀਆ ਨੇ ਸਮਾਜਵਾਦੀਆਂ ਨੂੰ ਸਭ ਜਾਤੀਆਂ ਖ਼ਾਸਕਰ ਵਰਣਾਂ ਦੇ ਆਰ-ਪਾਰ ਅੰਤਰਜਾਤੀ ਵਿਆਹ ਕਰਾਉਣ ਦੇ ਰੁਝਾਨ ਨੂੰ ਹੱਲਾਸ਼ੇਰੀ ਦੇਣ ਦੀ ਅਰਜ਼ੋਈ ਵੀ ਕੀਤੀ ਸੀ। ਉਨ੍ਹਾਂ ਲਿਖਿਆ ਹੈ: ‘ਜੇ ਜਾਤੀ ਬੰਧਨ ਤੋੜ ਦਿੱਤੇ ਜਾਣ ਜਾਂ ਇਹ ਢਿੱਲੇ ਹੀ ਹੋ ਜਾਣ ਤਾਂ ਬਹੁਤ ਸਾਰੇ ਦਵਿਜ ਨੌਜਵਾਨ ਸ਼ੂਦਰ ਔਰਤਾਂ ਨਾਲ ਵਿਆਹ ਕਰਾਉਣ ਲਈ ਰਾਜ਼ੀ ਹੋ ਜਾਣਗੇ ਅਤੇ ਇਸ ਤਰ੍ਹਾਂ ਆਪਣੇ ਅਤੇ ਆਪਣੇ ਦੇਸ਼ ਲਈ ਖ਼ੁਸ਼ੀਆਂ ਲੈ ਕੇ ਆਉਣਗੇ। ਇਸੇ ਤਰ੍ਹਾਂ ਸ਼ੂਦਰ ਲੜਕੇ ਵੀ ਇੱਛੁਕ ਤੌਰ ’ਤੇ ਦਵਿਜ (ਬ੍ਰਾਹਮਣ) ਔਰਤਾਂ ਦੀ ਦੁਨੀਆ ਵਿੱਚ ਦਾਖ਼ਲ ਹੋਣ ਦੇ ਯੋਗ ਹੋਣਗੇ। ਹੁਣ ਦਵਿਜਾਂ ਅਤੇ ਸ਼ੂਦਰਾਂ ਲਈ ਇਹ ਸਮਝਣਾ ਜ਼ਰੂਰੀ ਹੋ ਗਿਆ ਹੈ ਕਿ ਜਾਤ ਦਾ ਅਰਥ ਇੱਕ ਦੂਜੇ ਤੋਂ ਬੱਚੇ ਪੈਦਾ ਕਰਨ ਦੀ ਸਮੱਰਥਾ ਨਹੀਂ ਹੁੰਦੀ ਸਗੋਂ ਇਸ ਦੀ ਪਰਿਭਾਸ਼ਾ ਨੂੰ ਸਹਿਜਤਾ ਨਾਲ ਗ੍ਰਹਿਣ ਕਰਨ ਦੀ ਲੋੜ ਹੈ।’
ਲੋਹੀਆ ਨੇ 1960 ਵਿੱਚ ‘ਜਾਤੀ ਦੇ ਅਧਿਐਨ ਅਤੇ ਇਸ ਦੇ ਖ਼ਾਤਮੇ ਲਈ ਸਭਾ’ ਦੇ ਗਠਨ ਦਾ ਸੱਦਾ ਦਿੱਤਾ। ਇਸ ਸਭਾ ਜਾਂ ਐਸੋਸੀਏਸ਼ਨ ਦੇ ਅੱਠ ਉਦੇਸ਼ ਤੈਅ ਕੀਤੇ ਗਏ ਜਿਨ੍ਹਾਂ ’ਚੋਂ ਦੋ ਉਦੇਸ਼ਾਂ ਦਾ ਇੱਥੇ ਜ਼ਿਕਰ ਕਰਾਂਗਾ। ਪਹਿਲਾ, ਇਹ ਧਰਮ ਨੂੰ ਜਾਤੀ ਦੀਆਂ ਵਹਿਬਤਾਂ ਤੋਂ ਪਾਕ ਕਰੇਗੀ ਜਿਸ ਦਾ ਮੰਨਣਾ ਹੈ ਕਿ ਅੰਤਰਜਾਤੀ ਵਿਆਹਾਂ ਨਾਲ ਹੀ ਅੰਤ ਨੂੰ ਜਾਤੀ ਬੰਧਨ ਟੁੱਟ ਜਾਣਗੇ ਅਤੇ ਅੰਤਰਜਾਤੀ ਵਿਆਹਾਂ ਦਾ ਵਿਗਿਆਨਕ ਅਧਿਐਨਾਂ ਅਤੇ ਰਚਨਾਤਮਿਕ ਕਲਾਵਾਂ ਰਾਹੀਂ ਪ੍ਰਚਾਰ ਪਸਾਰ ਕਰਨਾ, ਤਿਉਹਾਰਾਂ ਮੌਕੇ ਸਾਂਝੇ ਭੋਜ ਲਾਉਣ ਦੇ ਫੌਰੀ ਪ੍ਰਾਪਤੀਯੋਗ ਉਦੇਸ਼ਾਂ ’ਤੇ ਧਿਆਨ ਕੇਂਦਰਿਤ ਕਰਨਾ। ਦੂਜਾ, ਇਹ ਮੰਗ ਕਰਨਾ ਕਿ ਸਰਕਾਰੀ, ਸਿਆਸੀ ਪਾਰਟੀਆਂ, ਕਾਰੋਬਾਰੀ ਅਤੇ ਹਥਿਆਰਬੰਦ ਦਸਤਿਆਂ ਵਿੱਚ 60 ਫ਼ੀਸਦੀ ਪ੍ਰਮੁੱਖ ਅਹੁਦਿਆਂ ’ਤੇ ਪੱਛੜੀਆਂ ਜਾਤੀਆਂ ਅਤੇ ਔਰਤਾਂ, ਸ਼ੂਦਰਾਂ, ਹਰੀਜਨਾਂ, ਆਦਿਵਾਸੀਆਂ ਤੇ ਘੱਟਗਿਣਤੀਆਂ ’ਚੋਂ ਨੀਵੀਆਂ ਜਾਤੀਆਂ ਦੇ ਲੋਕਾਂ ਦੀ ਕਾਨੂੰਨਨ ਜਾਂ ਰਵਾਇਤਨ ਭਰਤੀ ਨੂੰ ਸੁਨਿਸ਼ਚਿਤ ਕਰਨਾ ਅਤੇ ਇਸ ਗੱਲ ਦਾ ਖ਼ਿਆਲ ਰੱਖਣਾ ਕਿ ਪੱਛੜੇ ਵਰਗਾਂ ’ਚੋਂ ਵੀ ਜ਼ਿਆਦਾ ਸੰਖਿਆ ਵਾਲੇ ਕੁਝ ਕੁ ਗਰੁੱਪ ਵਧੇਰੇ ਪੱਛੜੇ ਹੋਏ ਅਤੇ ਖਿੰਡੀਆਂ-ਪੁੰਡੀਆਂ ਨੀਵੀਆਂ ਜਾਤੀਆਂ ਦੇ ਸਮੂਹਾਂ ਦੇ ਹੱਕਾਂ ਨੂੰ ਨਿਗ਼ਲ ਨਾ ਜਾਣ...।’
ਕਿਤਾਬ ਦਾ ਇੱਕ ਦਿਲਕਸ਼ ਹਿੱਸਾ ਉਹ ਹੈ ਜਿਸ ਵਿੱਚ 1955-56 ਵਿੱਚ ਡਾ. ਲੋਹੀਆ ਅਤੇ ਡਾ. ਅੰਬੇਡਕਰ ਵਿਚਕਾਰ ਹੋਈ ਖ਼ਤੋ-ਕਿਤਾਬਤ ਦਾ ਵੇਰਵਾ ਦਿੱਤਾ ਗਿਆ ਹੈ। ਇੱਥੇ ਇਨ੍ਹਾਂ ਦੋਵੇਂ ਆਗੂਆਂ ਅਤੇ ਇਨ੍ਹਾਂ ਦੇ ਹਮਾਇਤੀਆਂ ਦੀ ਆਪੋ ਵਿੱਚ ਨੇੜਤਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸ਼ਾਇਦ ਇਸ ਦਾ ਕਾਰਨ ਇਹ ਹੋਵੇ ਕਿ ਦੋਵੇਂ ਪਾਰਟੀਆਂ ਇੱਕੋ ਮੰਚ ’ਤੇ 1957 ਦੀਆਂ ਆਮ ਚੋਣਾਂ ਲੜ ਰਹੀਆਂ ਸਨ।
ਚਿੱਠੀ-ਪੱਤਰ ਲੋਹੀਆ ਵੱਲੋਂ ਅੰਬੇਡਕਰ ਨੂੰ ਇਹ ਕਹਿੰਦਿਆਂ ਸ਼ੁਰੂ ਹੋਇਆ ਕਿ ‘ਮੇਰੀ ਬਹੁਤ ਇੱਛਾ ਹੈ ਕਿ ਹਮਦਰਦੀ, ਰੋਹ ਨਾਲ ਜੁੜ ਜਾਣੀ ਚਾਹੀਦੀ ਹੈ ਤੇ ਤੁਸੀਂ ਸਿਰਫ਼ ਅਨੁਸੂਚਿਤ ਜਾਤੀਆਂ ਦੇ ਨਹੀਂ ਬਲਕਿ ਭਾਰਤ ਦੇ ਲੋਕਾਂ ਦੇ ਵੀ ਨੇਤਾ ਬਣੋ।’ ਅੰਬੇਡਕਰ ਨੇ ਲੋਹੀਆ ਨੂੰ ਜਵਾਬੀ ਪੱਤਰ ਲਿਖਿਆ ਤੇ ਦਿੱਲੀ ਆ ਕੇ ਉਨ੍ਹਾਂ ਨੂੰ ਦੋ ਅਕਤੂਬਰ 1956 (ਇਸ ਦਿਨ ਗਾਂਧੀ ਜੈਅੰਤੀ ਹੋਣਾ ਸ਼ਾਇਦ ਇਤਫ਼ਾਕ ਸੀ) ਦੇ ਦਿਨ ਮਿਲਣ ਲਈ ਕਿਹਾ।
ਅਫ਼ਸੋਸ ਇਹ ਕਿ ਲੋਹੀਆ ਦੇ ਸਫ਼ਰ ਤੇ ਰੁਝੇਵਿਆਂ ਭਰੀ ਜ਼ਿੰਦਗੀ ਅਤੇ ਅੰਬੇਡਕਰ ਦੀ ਸਿਹਤ ਵਿਗੜ ਜਾਣ ਕਾਰਨ ਦੋਵਾਂ ਕੱਟੜ ਸੁਧਾਰਕਾਂ ਦਾ ਵਿਅਕਤੀਗਤ ਤੌਰ ’ਤੇ ਮੇਲ ਸੰਭਵ ਨਹੀਂ ਹੋ ਸਕਿਆ ਅਤੇ ਦੋਵੇਂ ਆਹਮੋ-ਸਾਹਮਣੇ ਸੰਭਾਵੀ ਭਾਈਵਾਲੀ ਬਾਰੇ ਚਰਚਾ ਨਹੀਂ ਕਰ ਸਕੇ। ਅੰਬੇਡਕਰ ਦਾ 6 ਦਸੰਬਰ 1956 ਨੂੰ ਦੇਹਾਂਤ ਹੋ ਗਿਆ। ਲੋਹੀਆ ਨੇ ਹੁਣ ਆਪਣੇ ਸਾਥੀ ਸਮਾਜਵਾਦੀ ਮਧੂ ਲਿਮਏ ਨੂੰ ਪੱਤਰ ਲਿਖ ਕੇ ਕਿਹਾ ਕਿ ‘ਡਾ. ਅੰਬੇਡਕਰ ਮੇਰੇ ਲਈ, ਹਿੰਦੋਸਤਾਨ ਦੀ ਸਿਆਸਤ ’ਚ ਇੱਕ ਮਹਾਨ ਸ਼ਖ਼ਸੀਅਤ ਸਨ ਤੇ ਗਾਂਧੀ ਜੀ ਤੋਂ ਇਲਾਵਾ ਹਿੰਦੂਆਂ ਵਿੱਚੋਂ ਉਹ ਮਹਾਂ ’ਚੋਂ ਮਹਾਨ ਸਨ। ਇਸ ਚੀਜ਼ ਨੇ ਮੈਨੂੰ ਹਮੇਸ਼ਾ ਤਸੱਲੀ ਤੇ ਭਰੋਸਾ ਦਿੱਤਾ ਕਿ ਹਿੰਦੂਵਾਦ ਦੀ ਵਰਣ ਵਿਵਸਥਾ ਇੱਕ ਦਿਨ ਨਸ਼ਟ ਹੋ ਜਾਵੇਗੀ।’ ਅੱਗੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ‘ਡਾ. ਅੰਬੇਡਕਰ ਗਿਆਨਵਾਨ, ਇਮਾਨਦਾਰ, ਹਿੰਮਤੀ ਤੇ ਆਜ਼ਾਦ ਹਸਤੀ ਸਨ; ਬਾਹਰਲੀ ਦੁਨੀਆ ਵਿੱਚ ਉਨ੍ਹਾਂ ਨੂੰ ਨੇਕ ਭਾਰਤ ਦੇ ਇੱਕ ਪ੍ਰਤੀਕ ਵਜੋਂ ਦਿਖਾਇਆ ਜਾ ਸਕਦਾ ਹੈ ਪਰ ਉਹ ਕਠੋਰ ਤੇ ਨਿਵੇਕਲੇ ਸਨ। ਉਨ੍ਹਾਂ ਗ਼ੈਰ-ਦਲਿਤਾਂ ਦਾ ਨੇਤਾ ਬਣਨ ਤੋਂ ਇਨਕਾਰ ਕਰ ਦਿੱਤਾ।’ ਲੋਹੀਆ ਦਾ ਸੋਚਣਾ ਸੀ ਕਿ ਅੰਬੇਡਕਰ ਦੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਨੂੰ ਸਭ ਤੋਂ ਚੰਗੀ ਸ਼ਰਧਾਂਜਲੀ ਇਹ ਹੋਵੇਗੀ ਕਿ ‘ਉਹ ਸਤਿਕਾਰ ਤੇ ਪੈਰਵੀ ਲਈ ਡਾ. ਅੰਬੇਡਕਰ ਦੇ ਪ੍ਰਤੀਕ ਨੂੰ ਹਮੇਸ਼ਾ ਸਾਂਭ ਕੇ ਰੱਖਣ, ਅੰਬੇਡਕਰ ਨੂੰ ਉਨ੍ਹਾਂ ਦੀ ਕੁੜੱਤਣ ਤੋਂ ਬਿਨਾਂ ਉਨ੍ਹਾਂ ਦੀ ਆਜ਼ਾਦ ਸੋਚ ਲਈ ਵਡਿਆਉਣ, ਅਜਿਹੇ ਡਾ. ਅੰਬੇਡਕਰ ਜੋ ਇਸ ਢੰਗ ਨਾਲ ਚੱਲ ਸਕਦੇ ਸਨ ਕਿ ਪੂਰੇ ਭਾਰਤ ਦੇ ਨੇਤਾ ਬਣਦੇ ਨਾ ਕਿ ਸਿਰਫ਼ ਦਲਿਤਾਂ ਦੇ।’
ਜਾਤੀ ਆਧਾਰਿਤ ਪੱਖਪਾਤ ਬਾਰੇ ਲੋਹੀਆ ਦੀ ਤਿੱਖੀ ਚੇਤਨਾ ਉਨ੍ਹਾਂ ਨੂੰ ਆਪਣੇ ਸਮਿਆਂ ਦੇ ਹੋਰਨਾਂ ਸਮਾਜਵਾਦੀਆਂ ਨਾਲੋਂ ਵੱਖਰਾ ਕਰਦੀ ਹੈ, ਨਾਲ ਹੀ ਨਾਰੀਵਾਦ ਦੇ ਮਾਮਲੇ ’ਚ ਵੀ ਉਹ ਬਾਕੀਆਂ ਨਾਲੋਂ ਅਲੱਗ ਸਨ। ਉਨ੍ਹਾਂ ਲਿਖਿਆ ਕਿ ਜੇ ‘ਭਾਰਤੀ ਲੋਕ ਧਰਤੀ ’ਤੇ ਸਭ ਤੋਂ ਦੁਖੀ ਹਨ’ ਤਾਂ ‘ਆਤਮਾ ਦੇ ਇਸ ਨਿਘਾਰ ਲਈ ਜਾਤ ਤੇ ਔਰਤ ਨਾਲ ਭੇਦ-ਭਾਵ ਮੁੱਢਲੇ ਤੌਰ ’ਤੇ ਜ਼ਿੰਮੇਵਾਰ ਹਨ।’ ਉਨ੍ਹਾਂ ਲਿਖਿਆ ਕਿ ਜਾਤੀ ਤੇ ਲਿੰਗ ਦੇ ਇਹ ਦੋ ਭੇਦ-ਭਾਵ ਇੱਕ-ਦੂਜੇ ਨਾਲ ਜੁੜੇ ਹੋਏ ਹਨ ਤੇ ਇੱਕ-ਦੂਜੇ ਨੂੰ ਬਰਕਰਾਰ ਰੱਖ ਰਹੇ ਹਨ।
ਲੋਹੀਆ ਨੇ ਲਿਖਿਆ, ਜਿਵੇਂ ਕਿ ਪੁਰਸ਼ ਪ੍ਰਧਾਨ ਸਮਾਜ ਵਿੱਚ ਕਿਹਾ ਜਾਂਦਾ ਹੈ ਕਿ ‘ਜੇਕਰ ਇੱਕ ਔਰਤ ਦੀ ਥਾਂ ਰਸੋਈ ਵਿੱਚ ਹੈ’ ਤਾਂ ਸਮਾਜਵਾਦੀਆਂ ਨੂੰ ਇਸ ਦੇ ਜਵਾਬ ਵਿੱਚ ਕਹਿਣਾ ਚਾਹੀਦਾ ਹੈ ਕਿ ‘ਪੁਰਸ਼ ਦੀ ਜਗ੍ਹਾ ਨਰਸਰੀ ਵਿੱਚ ਹੈ।’ ਉਹ 60 ਸਾਲ ਤੋਂ ਵੀ ਪਹਿਲਾਂ ਦੇ ਸਮਿਆਂ ’ਚ ਕਹਿ ਰਹੇ ਸਨ ਕਿ ਪਤੀ ਤੇ ਪਿਤਾ ਨੂੰ ਬੱਚਿਆਂ ਦੀ ਸੰਭਾਲ ਵਿੱਚ ਬਰਾਬਰ ਹਿੱਸਾ ਪਾਉਣਾ ਚਾਹੀਦਾ ਹੈ, ਇੱਕ ਉੱਚਾ ਆਦਰਸ਼ ਜਿਸ ਦਾ (ਘੱਟੋ-ਘੱਟ ਭਾਰਤ ਵਿੱਚ) ਹਾਲੇ ਵੀ ਪਾਲਣ ਨਹੀਂ ਹੁੰਦਾ।
ਇਸ ਕਿਤਾਬ ਦਾ ਪਹਿਲਾ ਲੇਖ ਰਾਸ਼ਟਰਪਤੀ ਰਾਜੇਂਦਰ ਪ੍ਰਸਾਦ ਬਾਰੇ 1953 ਵਿੱਚ ਲਿਖੀ ਗਈ ਇੱਕ ਆਲੋਚਨਾਤਮਕ ਸਮੀਖਿਆ ਹੈ, ਜਦ ਉਨ੍ਹਾਂ ਬਨਾਰਸ ’ਚ ਬ੍ਰਾਹਮਣਾਂ ਦੇ ਪੈਰ ਧੋਤੇ ਸਨ। ਲੋਹੀਆ ਨੇ ਟਿੱਪਣੀ ਕੀਤੀ ਕਿ ਇਹ ਕੰਮ ਕਰ ਕੇ ਰਾਸ਼ਟਰਪਤੀ ਨੇ ‘ਮੇਰੇ ਤੇ ਮੇਰੇ ਵਰਗੇ ਲੱਖਾਂ ਦੇ ਮਨਾਂ ’ਚ ਆਪਣੇ ਪ੍ਰਤੀ ਸਤਿਕਾਰ ਗੁਆ ਲਿਆ ਹੈ’। ਲੋਹੀਆ, ਜਾਤ ਤੇ ਲਿੰਗ ਦੇ ਵਰਗੀਕਰਨ ਨੂੰ ਬਰਾਬਰ ਨਿੰਦਣ ਦੇ ਪੱਖ ਵਿੱਚ ਸਨ। ਉਨ੍ਹਾਂ ਸਿੱਟਾ ਕੱਢਿਆ ਕਿ 1950ਵਿਆਂ ਦੇ ਭਾਰਤ ’ਚ ‘ਇੱਕ ਕਾਲੀ ਉਦਾਸੀ ਪੱਸਰੀ ਹੋਈ ਹੈ’, ‘ਜਿਸ ਮੁਲਕ ਦਾ ਰਾਸ਼ਟਰਪਤੀ ਬ੍ਰਾਹਮਣਾਂ ਦੇ ਪੈਰ ਧੋਂਦਾ ਹੈ, ਉੱਥੇ ਇੱਕ ਜੁੱਤੀਆਂ ਗੰਢਣ ਵਾਲੇ ਤੇ ਇੱਕ ਪੁਜਾਰਨ ’ਚ ਖੁੱਲ੍ਹੀ ਵਾਰਤਾ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਨਾ ਹੀ ਇੱਕ ਅਧਿਆਪਕ ਤੇ ਧੋਬਣ ਵਿਚਾਲੇ ਅਜਿਹਾ ਹੋ ਸਕਦਾ ਹੈ।’ ਲੋਹੀਆ ਇੱਥੇ ਭਾਈਚਾਰੇ ਦੀ ਭਾਵਨਾ ਦੀ ਵਕਾਲਤ ਲਫ਼ਜ਼ਾਂ ਤੇ ਜਜ਼ਬਿਆਂ ’ਚ ਕਰ ਰਹੇ ਸਨ ਜਿਨ੍ਹਾਂ ਦੀ ਅੰਬੇਡਕਰ ਨੇ ਵੀ ਯਕੀਨਨ ਹਮਾਇਤ ਕਰਨੀ ਸੀ। ਇਸ ਕਾਲਮ ’ਚ ਜ਼ਿਕਰ ਕੀਤੇ ਲੇਖ, ਪੱਤਰ ਤੇ ਭਾਸ਼ਣ 1953 ਤੋਂ 1961 ਤੱਕ ਦੇ ਹਨ। ਇਹ ਹੋ ਸਕਦਾ ਹੈ ਕਿ ‘ਦਵਿਜ’ ਹੁਣ ਸਿਆਸਤ ਤੇ ਪ੍ਰਸ਼ਾਸਨ ’ਚ ਓਨੇ ਭਾਰੂ ਨਾ ਹੋਣ, ਜਿੰਨੇ ਉਹ 1950ਵਿਆਂ ’ਚ ਸਨ। ਫਿਰ ਵੀ ਸਭਿਆਚਾਰ ਤੇ ਆਰਥਿਕ ਜੀਵਨ ’ਚ ਉਨ੍ਹਾਂ ਦਾ ਰਸੂਖ਼, ਕੁੱਲ ਜਨਸੰਖਿਆ ’ਚ ਉਨ੍ਹਾਂ ਦੀ ਆਬਾਦੀ ਦੇ ਲਿਹਾਜ਼ ਤੋਂ ਕਿਤੇ ਜ਼ਿਆਦਾ ਹੈ। ਇਸ ਲਈ ਕਈ ਮਾਅਨਿਆਂ ’ਚ ਜਾਤੀ ’ਤੇ ਲੋਹੀਆ ਦੇ ਵਿਚਾਰ ਤੇ ਸ਼ਬਦ ਹੈਰਾਨੀਜਨਕ ਢੰਗ ਨਾਲ ਅਜੋਕੇ ਸਮਿਆਂ ਵਿੱਚ ਵੀ ਸਾਰਥਕ ਹਨ।

Advertisement

ਈ-ਮੇਲ: ramachandraguha@yahoo.in

Advertisement
Advertisement