ਜੱਜ ਦੇ ਘਰੋਂ 'ਨਕਦੀ ਦੀ ਬਰਾਮਦਗੀ': ਰਾਜ ਸਭਾ ਵਿੱਚ ਗੂੰਜਿਆ ਮੁੱਦਾ
ਨਵੀਂ ਦਿੱਲੀ, 21 ਮਾਰਚ
ਦਿੱਲੀ ਹਾਈ ਕੋਰਟ ਦੇ ਇੱਕ ਮੌਜੂਦਾ ਜੱਜ ਦੇ ਘਰੋਂ ਨਕਦੀ ਦੀ ਕਥਿਤ ਬਰਾਮਦਗੀ ਨਾਲ ਸਬੰਧਤ ਮਾਮਲਾ ਸ਼ੁੱਕਰਵਾਰ ਨੂੰ ਰਾਜ ਸਭਾ ਵਿੱਚ ਉਠਾਇਆ ਗਿਆ, ਜਿਸ ਬਾਰੇ ਚੇਅਰਮੈਨ ਜਗਦੀਪ ਧਨਖੜ ਨੇ ਕਿਹਾ ਕਿ ਉਹ ਇਸ ਮੁੱਦੇ ’ਤੇ ਢਾਂਚਾਗਤ ਚਰਚਾ ਕਰਨ ਲਈ ਇਕ ਵਿਧੀ ਲੱਭਣਗੇ। ਸਵੇਰ ਦੇ ਸੈਸ਼ਨ ਵਿੱਚ ਇਹ ਮੁੱਦਾ ਉਠਾਉਂਦੇ ਹੋਏ ਕਾਂਗਰਸ ਸੰਸਦ ਮੈਂਬਰ ਜੈਰਾਮ ਰਮੇਸ਼ ਨੇ ਨਿਆਂਇਕ ਜਵਾਬਦੇਹੀ ’ਤੇ ਚੇਅਰਪਰਸਨ ਤੋਂ ਜਵਾਬ ਵੀ ਮੰਗਿਆ ਅਤੇ ਉਨ੍ਹਾਂ ਨੂੰ ਅਲਾਹਾਬਾਦ ਹਾਈ ਕੋਰਟ ਦੇ ਇੱਕ ਜੱਜ ਦੇ ਮਹਾਂਦੋਸ਼ ਸੰਬੰਧੀ ਲੰਬਿਤ ਨੋਟਿਸ ਬਾਰੇ ਯਾਦ ਕਰਾਇਆ।
ਜੈਰਾਮ ਰਮੇਸ਼ ਨੇ ਕਿਹਾ, ‘‘ਅੱਜ ਸਵੇਰੇ, ਅਸੀਂ ਦਿੱਲੀ ਹਾਈ ਕੋਰਟ ਦੇ ਇੱਕ ਜੱਜ ਦੇ ਘਰੋਂ ਵੱਡੀ ਮਾਤਰਾ ਵਿੱਚ ਨਕਦੀ ਮਿਲਣ ਦੇ ਹੈਰਾਨ ਕਰਨ ਵਾਲੇ ਮਾਮਲੇ ਬਾਰੇ ਪੜ੍ਹਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਸੰਸਦ ਦੇ 50 ਮੈਂਬਰਾਂ ਨੇ ਅਲਾਹਾਬਾਦ ਹਾਈ ਕੋਰਟ ਦੇ ਇੱਕ ਜੱਜ ਵੱਲੋਂ ਕੀਤੀਆਂ ਗਈਆਂ ਕੁਝ ਟਿੱਪਣੀਆਂ ਬਾਰੇ ਚੇਅਰਮੈਨ ਨੂੰ ਨੋਟਿਸ ਸੌਂਪਿਆ ਸੀ।
ਉਨ੍ਹਾਂ ਕਿਹਾ ਕਿ, "ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਕਿਰਪਾ ਕਰਕੇ ਇਸ ’ਤੇ ਕੁਝ ਟਿੱਪਣੀਆਂ ਕਰੋ ਅਤੇ ਸਰਕਾਰ ਨੂੰ ਨਿਆਂਇਕ ਜਵਾਬਦੇਹੀ ਵਧਾਉਣ ਲਈ ਇੱਕ ਪ੍ਰਸਤਾਵ ਲਿਆਉਣ ਲਈ ਜ਼ਰੂਰੀ ਨਿਰਦੇਸ਼ ਦਿਓ।’’ ਕਾਂਗਰਸੀ ਆਗੂ ਨੇ ਕਿਹਾ ਕਿ ਜੇਕਰ ਅਜਿਹੀ ਘਟਨਾ ਕਿਸੇ ਸਿਆਸਤਦਾਨ, ਨੌਕਰਸ਼ਾਹ ਜਾਂ ਉਦਯੋਗਪਤੀ ਨਾਲ ਸਬੰਧਤ ਹੁੰਦੀ ਤਾਂ ਉਹ ਤੁਰੰਤ ਨਿਸ਼ਾਨਾ ਬਣ ਜਾਂਦਾ। ਚੇਅਰਮੈਨ ਨੇ ਕਿਹਾ ਕਿ ਉਹ ਸਦਨ ਦੇ ਨੇਤਾ ਅਤੇ ਵਿਰੋਧੀ ਧਿਰ ਦੇ ਨੇਤਾ ਨਾਲ ਸੰਪਰਕ ਕਰਨਗੇ ਅਤੇ ਸੈਸ਼ਨ ਦੌਰਾਨ ਇੱਕ ਢਾਂਚਾਗਤ ਚਰਚਾ ਲਈ ਇਕ ਵਿਧੀ ਲੱਭਣਗੇ।
ਉਧਰ ਇਕ ਸੀਨੀਅਰ ਵਕੀਲ ਨੇ ਸ਼ੁੱਕਰਵਾਰ ਨੂੰ ਦਿੱਲੀ ਹਾਈ ਕੋਰਟ ਦੇ ਸਾਹਮਣੇ ਜਸਟਿਸ ਯਸ਼ਵੰਤ ਵਰਮਾ ਦੇ ਨਿਵਾਸ ਤੋਂ ਭਾਰੀ ਨਕਦੀ ਦੀ ਕਥਿਤ ਬਰਾਮਦਗੀ ’ਤੇ ਸਦਮਾ ਪ੍ਰਗਟ ਕੀਤਾ। ਸੁਪਰੀਮ ਕੋਰਟ ਕੋਲੇਜੀਅਮ ਨੇ ਕਥਿਤ ਤੌਰ ’ਤੇ ਜਸਟਿਸ ਵਰਮਾ ਨੂੰ ਦਿੱਲੀ ਹਾਈ ਕੋਰਟ ਤੋਂ ਉਨ੍ਹਾਂ ਦੇ ਮੂਲ ਅਲਾਹਾਬਾਦ ਹਾਈ ਕੋਰਟ ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ। ਮਹਾਂਦੋਸ਼ ਦੇ ਮਾਮਲੇ ’ਤੇ ਚੇਅਰਮੈਨ ਨੇ ਕਿਹਾ ਕਿ ਉਨ੍ਹਾਂ ਨੂੰ ਰਾਜ ਸਭਾ ਦੇ 55 ਮੈਂਬਰਾਂ ਤੋਂ ਪ੍ਰਤੀਨਿਧਤਾ ਪ੍ਰਾਪਤ ਹੋਈ ਹੈ। ਧਨਖੜ ਨੇ ਮੈਂਬਰਾਂ ਨੂੰ ਅੱਗੇ ਦੱਸਿਆ ਕਿ ਉਨ੍ਹਾਂ ਨੇ ਦਸਤਖਤਾਂ ਤੋਂ ਪ੍ਰਤੀਨਿਧਤਾ ਤੱਕ ਤਸਦੀਕ ਕਰਵਾਉਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਹਨ। -ਪੀਟੀਆਈ