ਕੁੱਟਮਾਰ ਦੇ ਮਾਮਲਿਆਂ ’ਚ ਨੌਂ ਖ਼ਿਲਾਫ਼ ਕੇਸ ਦਰਜ
ਲੁਧਿਆਣਾ:
ਵੱਖ ਵੱਖ ਥਾਵਾਂ ’ਤੇ ਹੋਏ ਕੁੱਟਮਾਰ ਦੇ ਮਾਮਲਿਆਂ ’ਚ ਪੁਲੀਸ ਨੇਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤੇ ਹਨ। ਥਾਣਾ ਦੁੱਗਰੀ ਦੀ ਪੁਲੀਸ ਨੂੰ ਦੁੱਗਰੀ ਵਾਸੀ ਸੁੰਦਰੀ ਨੇ ਦੱਸਿਆ ਹੈ ਕਿ ਉਸ ਦੇ ਲੜਕੇ ਕ੍ਰਿਸ਼ਨਾ ਨਾਲ ਰੰਜਿਸ਼ ਕਾਰਨ ਲਵਿਸ਼ ਤੇ ਹੋਰਨਾਂ ਨੇ ਉਸ ਦੀ ਕੁੱਟਮਾਰ ਕੀਤੀ। ਥਾਣੇਦਾਰ ਗੌਰਵ ਚੰਦੇਲ ਨੇ ਦੱਸਿਆ ਹੈ ਕਿ ਪੁਲੀਸ ਨੇ ਲਵਿਸ਼, ਉਸ ਦੇ ਮਾਮਾ ਕੇਐਸ ਚੀਮਾ ਤੇ 4 ਹੋਰ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਥਾਣਾ ਡਵੀਜ਼ਨ ਨੰਬਰ 8 ਦੀ ਪੁਲੀਸ ਨੂੰ ਮੁਹੱਲਾ ਜਵੰਦ ਵਿਹਾਰ ਵਾਸੀ ਅਬਦੁਲ ਮਤੀਮ ਨੇ ਦੱਸਿਆ ਹੈ ਕਿ ਉਸ ਨੇ ਆਪਣੇ ਲੜਕੇ ਮੁਹੰਮਦ ਹੁਸੈਨ ਰੇਜਾ ਨੂੰ ਸਾਮਾਨ ਲੈਣ ਲਈ ਬਾਜ਼ਾਰ ਭੇਜਿਆ ਸੀ। ਬਾਅਦ ’ਚ ਮੁਹੰਮਦ ਦਾ ਫੋਨ ਆਇਆ ਕਿ ਪਿੰਜਰ, ਮਾਹੀ ਗਿੱਲ ਉਰਫ਼ ਬੱਲੂ ਅਤੇ ਗੌਤਮ ਸਹੋਤਾ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦੀ ਕੁੱਟਮਾਰ ਕੀਤੀ ਹੈ। ਥਾਣੇਦਾਰ ਸੁਰਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਜਤਿਨ ਉਰਫ਼ ਪਿੰਜਰ, ਮਾਹੀ ਗਿੱਲ ਉਰਫ਼ ਬੱਲੂ ਅਤੇ ਗੌਤਮ ਸਹੋਤਾ ਉਰਫ਼ ਬਿੱਲਾ ਵਾਸੀਆਨ ਸ਼ਾਹੀ ਮੁਹੱਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।