ਮੌਜੂਦਾ 151 ਕਾਨੂੰਨਸਾਜ਼ਾਂ ’ਤੇ ਔਰਤਾਂ ਖ਼ਿਲਾਫ਼ ਅਪਰਾਧ ਦੇ ਕੇਸ ਦਰਜ
ਨਵੀਂ ਦਿੱਲੀ, 21 ਅਗਸਤ
ਦੇਸ਼ ’ਚ ਮੌਜੂਦਾ 151 ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੇ ਆਪਣੇ ਚੋਣ ਹਲਫ਼ਨਾਮਿਆਂ ’ਚ ਔਰਤਾਂ ਖ਼ਿਲਾਫ਼ ਅਪਰਾਧ ਦੇ ਕੇਸਾਂ ਦੀ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ’ਚੋਂ ਪੱਛਮੀ ਬੰਗਾਲ ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੀ ਗਿਣਤੀ ਸਭ ਤੋਂ ਵੱਧ ਹੈ। ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰਿਫਾਰਮਜ਼ (ਏਡੀਆਰ) ਦੀ ਰਿਪੋਰਟ ’ਚ ਇਹ ਖੁਲਾਸਾ ਕੀਤਾ ਗਿਆ। ਏਡੀਆਰ ਨੇ 2019 ਅਤੇ 2024 ਵਿਚਾਲੇ ਚੋਣਾਂ ਦੌਰਾਨ ਚੋਣ ਕਮਿਸ਼ਨ ਨੂੰ ਸੌਂਪੇ ਗਏ ਮੌਜੂਦਾ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੇ 4,809 ਹਲਫ਼ਨਾਮਿਆਂ ਵਿੱਚੋਂ 4,693 ਦੀ ਪੜਤਾਲ ਕੀਤੀ, ਜਿਸ ’ਚ ਔਰਤਾਂ ਖ਼ਿਲਾਫ਼ ਅਪਰਾਧਾਂ ਦਾ ਸਾਹਮਣਾ ਕਰ ਰਹੇ 16 ਸੰਸਦ ਮੈਂਬਰਾਂ ਤੇ 135 ਵਿਧਾਇਕਾਂ ਬਾਰੇ ਜਾਣਕਾਰੀ ਮਿਲੀ। ਰਿਪੋਰਟ ਮੁਤਾਬਕ ਔਰਤਾਂ ਖ਼ਿਲਾਫ਼ ਅਪਰਾਧ ਨਾਲ ਸਬੰਧਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਭ ਤੋਂ ਵੱਧ 25 ਸੰਸਦ ਮੈਂਬਰ ਤੇ ਵਿਧਾਇਕ ਪੱਛਮੀ ਬੰਗਾਲ ਦੇ ਹਨ ਜਦਕਿ ਆਂਧਰਾ ਪ੍ਰਦੇਸ਼ ’ਚ ਇਨ੍ਹਾਂ ਦੀ ਗਿਣਤੀ 21 ਤੇ ਉੜੀਸਾ ’ਚ 17 ਹੈ।
ਰਿਪੋਰਟ ਅਨੁਸਾਰ 16 ਮੌਜੂਦਾ ਸੰਸਦ ਮੈਂਬਰ ਤੇ ਵਿਧਾਇਕ ਅਜਿਹੇ ਹਨ, ਜਿਨ੍ਹਾਂ ਨੇ ਆਈਪੀਸੀ ਦੀ ਧਾਰਾ 376 ਤਹਿਤ ਜਬਰ-ਜਨਾਹ ਨਾਲ ਸਬੰਧਤ ਮਾਮਲਿਆਂ ਦੀ ਜਾਣਕਾਰੀ ਦਿੱਤੀ ਹੈ। ਇਨ੍ਹਾਂ ਵਿੱਚ 2 ਸੰਸਦ ਮੈਂਬਰ ਅਤੇ 14 ਵਿਧਾਇਕ ਹਨ। ਏਡੀਆਰ ਦੀ ਰਿਪੋਰਟ ’ਚ ਕਿਹਾ ਗਿਆ ਕਿ ਰਾਜਨੀਤਕ ਪਾਰਟੀਆਂ ’ਚੋਂ ਭਾਜਪਾ ਦੇ 54, ਕਾਂਗਰਸ ਤੇ 23 ਤੇ ਤੇਲਗੂ ਦੇਸਮ ਪਾਰਟੀ ਦੇ 17 ਸੰਸਦ ਮੈਂਬਰ ਤੇ ਵਿਧਾਇਕ ਹਨ ਜਿਨ੍ਹਾਂ ’ਤੇ ਔਰਤਾਂ ਖ਼ਿਲਾਫ਼ ਅਪਰਾਧ ਨਾਲ ਸਬੰਧਤ ਕੇਸ ਹਨ। ਭਾਜਪਾ ਤੇ ਕਾਂਗਰਸ ਦੇ ਪੰਜ-ਪੰਜ ਕਾਨੂੰਨਸਾਜ਼ਾਂ ’ਤੇ ਜਬਰ-ਜਨਾਹ ਦੇ ਦੋਸ਼ ਹਨ। ਚੋਣ ਸੁਧਾਰਾਂ ਲਈ ਕੰਮ ਕਰਨ ਵਾਲੀ ਸੰਸਥਾ ਏਡੀਆਰ ਨੇ ਸਿਆਸੀ ਪਾਰਟੀਆਂ ਨੂੰ ਅਪਰਾਧਕ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਟਿਕਟ ਦੇਣ ਤੋਂ ਪ੍ਰਹੇਜ਼ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਰਿਪੋਰਟ ’ਚ ਸੰਸਦ ਮੈਂਬਰਾਂ-ਵਿਧਾਇਕਾਂ ਖ਼ਿਲਾਫ਼ ਅਦਾਲਤੀ ਮਾਮਲਿਆਂ ’ਚ ਤੁਰੰਤ ਸੁਣਵਾਈ ਤੇ ਪੁਲੀਸ ਵੱਲੋਂ ਪੇਸ਼ਵਾਰਾਨਾ ਤਰੀਕੇ ਨਾਲ ਅਤੇ ਵਿਆਪਕ ਜਾਂਚ ਯਕੀਨੀ ਬਣਾਉਣ ਦੀ ਸਿਫਾਰਸ਼ ਵੀ ਕੀਤੀ ਗਈ ਹੈ। -ਪੀਟੀਆਈ