ਨਾਬਾਲਗ ਨੂੰ ਵਰਗਲਾਉਣ ਦੇ ਦੋਸ਼ ਹੇਠ ਕੇਸ ਦਰਜ
ਨਿੱਜੀ ਪੱਤਰ ਪ੍ਰੇਰਕ,
ਕਾਦੀਆਂ, 23 ਮਾਰਚ
ਨਾਬਾਲਗ ਲੜਕੀ ਨੂੰ ਵਰਗਲਾ ਕੇ ਲੈ ਜਾਣ ਦੇ ਦੋਸ ਹੇਠ ਪੁਲੀਸ ਨੇ ਦੋ ਲੜਕਿਆਂ ਵਿਰੁੱਧ ਕੇਸ ਦਰਜ ਕੀਤਾ ਹੈ। ਥਾਣਾ ਕਾਦੀਆਂ ਦੇ ਮੁਖੀ ਨਿਰਮਲ ਸਿੰਘ ਨੇ ਦੱਸਿਆ ਕਿ ਨਾਬਾਲਗ ਲੜਕੀ ਦੀ ਮਾਂ ਨੇ ਪੁਲੀਸ ਨੂੰ ਦੱਸਿਆ ਕਿ ਉਸ ਦੀ ਸਾਢੇ 16 ਸਾਲ ਦੀ ਲੜਕੀ ਘਰੋਂ 19 ਮਾਰਚ ਨੂੰ ਪੇਪਰ ਦੇਣ ਗਈ ਪਰ ਵਾਪਸ ਘਰ ਨਾ ਆਈ ਤਾਂ ਉਨ੍ਹਾਂ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ। ਉਸ (ਮਾਂ) ਨੇ ਆਪਣੀ ਲੜਕੀ ਦੀਆਂ ਸਹੇਲੀਆਂ ਤੋਂ ਪੁੱਛਿਆ ਤਾਂ ਪਤਾ ਲੱਗਾ ਕਿ ਉਸ ਦੀ ਲੜਕੀ ਪੇਪਰ ਦੇਣ ਤੋਂ ਬਾਅਦ ਅਭੀ ਵਾਸੀ ਠੱਕਰ ਸੰਧੂ ਅਤੇ ਨੂਰ ਵਾਸੀ ਬੁੱਟਰ ਕਲਾਂ ਨਾਲ ਉਨ੍ਹਾਂ ਦੇ ਮੋਟਰਸਾਈਕਲ ’ਤੇ ਚਲੀ ਗਈ ਸੀ। ਉਸ ਦੀਆਂ ਸਹੇਲੀਆਂ ਨੇ ਇਹ ਵੀ ਦੱਸਿਆ ਕਿ ਨੂਰ ਪਹਿਲਾਂ ਵੀ ਉਸ (ਲੜਕੀ) ਨੂੰ ਸਕੂਲ ਦੇ ਬਾਹਰ ਮਿਲਣ ਆਉਂਦਾ ਸੀ ਅਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਥਾਣਾ ਮੁਖੀ ਨੇ ਦੱਸਿਆ ਮਾਮਲੇ ਦੇ ਜਾਂਚ ਅਧਿਕਾਰੀ ਏਐਸਆਈ ਰਛਪਾਲ ਸਿੰਘ ਨੇ ਨਾਬਾਲਗ ਲੜਕੀ ਦੀ ਮਾਂ ਦੇ ਬਿਆਨਾਂ ਅਨੁਸਾਰ ਨੂਰ ਅਤੇ ਅਭੀ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।