ਪ੍ਰਿੰਸੀਪਲ ਤੇ ਮੈਨੇਜਮੈਂਟ ਖ਼ਿਲਾਫ਼ ਕੇਸ ਦਰਜ, ਪਰਿਵਾਰ ਗ੍ਰਿਫ਼ਤਾਰੀ ਦੀ ਮੰਗ ’ਤੇ ਅੜਿਆ
ਗਗਨਦੀਪ ਅਰੋੜਾ
ਲੁਧਿਆਣਾ, 17 ਦਸੰਬਰ
ਇੱਥੇ ਚੰਡੀਗੜ੍ਹ ਰੋਡ ਸੈਕਟਰ 32 ਸਥਿਤ ਬੀਸੀਐੱਮ ਸਕੂਲ ਵਿੱਚ ਬੱਸ ਹੇਠ ਆਉਣ ਨਾਲ ਬੱਚੀ ਅਮਾਇਰਾ ਸੂਦ (7) ਦੀ ਮੌਤ ਦੇ ਮਾਮਲੇ ਵਿੱਚ ਪਰਿਵਾਰਕ ਮੈਂਬਰਾਂ ਦੀ ਮੰਗ ’ਤੇ ਥਾਣਾ ਡਿਵੀਜ਼ਨ 7 ਦੀ ਪੁਲੀਸ ਨੇ ਆਖਰਕਾਰ ਮੁਲਜ਼ਮ ਬੱਸ ਡਰਾਈਵਰ ਸਿਮਰਨਜੀਤ ਸਿੰਘ, ਸਕੂਲ ਦੇ ਪ੍ਰਿੰਸੀਪਲ ਡੀਪੀ ਗੁਲੇਰੀਆ ਅਤੇ ਮੈਨੇਜਮੈਂਟ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪਹਿਲਾਂ ਪਰਿਵਾਰ ਦੀ ਮੰਗ ’ਤੇ ਪੁਲੀਸ ਨੇ ਡੀਪੀ ਗੁਲੇਰੀਆ ਖ਼ਿਲਾਫ਼ ਕੇਸ ਦਰਜ ਕੀਤਾ ਅਤੇ ਹੁਣ ਲੜਕੀ ਦਾ ਪਰਿਵਾਰ ਸਕੂਲ ਪ੍ਰਿੰਸੀਪਲ ਦੀ ਗ੍ਰਿਫ਼ਤਾਰੀ ਦੀ ਮੰਗ ’ਤੇ ਅੜਿਆ ਹੋਇਆ ਹੈ। ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਮੰਗਲਵਾਰ ਸਵੇਰੇ ਥਾਣਾ ਡਿਵੀਜ਼ਨ 7 ਦੇ ਬਾਹਰ ਧਰਨਾ ਦਿੱਤਾ ਅਤੇ ਉਹ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਵੀ ਰਾਜ਼ੀ ਨਾ ਹੋਏ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਸਕੂਲ ਮੁਖੀ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਹੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਦੂਜੇ ਪਾਸੇ ਪੁਲੀਸ ਨੇ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਡਰਾਈਵਰ ਸਿਮਰਨਜੀਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੋਂ ਉਸ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
ਅਮਾਇਰਾ ਸੂਦ ਦੇ ਪਿਤਾ ਅਨੁਰਾਗ ਸੂਦ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਬੱਚੀ ਦੀ ਮੌਤ ਦਾ ਸਭ ਤੋਂ ਵੱਡਾ ਜ਼ਿੰਮੇਵਾਰ ਡਰਾਈਵਰ ਹੈ ਅਤੇ ਉਸ ਤੋਂ ਬਾਅਦ ਪ੍ਰਿੰਸੀਪਲ ਅਤੇ ਮੈਨੇਜਮੈਂਟ ਹਨ। ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਪੁਲੀਸ ਦੇ ਆਉਣ ਤੋਂ ਪਹਿਲਾਂ ਹੀ ਖੂਨ ਦੇ ਨਿਸ਼ਾਨ ਧੋਹ ਦਿੱਤੇ ਗਏ ਅਤੇ ਟਾਇਰਾਂ ਦੇ ਨਿਸ਼ਾਨ ਵੀ ਹਟਾ ਦਿੱਤੇ ਗਏ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਪ੍ਰਿੰਸੀਪਲ ਦੇ ਹੁਕਮਾਂ ’ਤੇ ਸਾਰੇ ਸਬੂਤ ਨਸ਼ਟ ਕਰ ਦਿੱਤੇ ਗਏ। ਇੱਥੋਂ ਤੱਕ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਡਿਲੀਟ ਕਰ ਦਿੱਤੀ ਗਈ ਸੀ। ਉਧਰ,ਪਤਾ ਲੱਗਿਆ ਹੈ ਕਿ ਇਹ ਬੱਸ 2022 ਤੋਂ ਬਿਨਾਂ ਫਿਟਨੈਸ ਸਰਟੀਫਿਕੇਟ ਦੇ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ।
ਪ੍ਰੀਖਿਆ ਦੇ ਬਾਵਜੂਦ ਸਕੂਲ ਪ੍ਰਬੰਧਕਾਂ ਵੱਲੋਂ ਛੁੱਟੀ ਦਾ ਐਲਾਨ
ਸਕੂਲ ਵਿੱਚ ਹਾਦਸੇ ਮਗਰੋਂ ਮਾਹੌਲ ਖ਼ਰਾਬ ਹੋਣਾ ਸ਼ੁਰੂ ਹੋ ਗਿਆ ਤਾਂ ਅਧਿਆਪਕਾਂ ਨੇ ਬੱਸ ਵਿੱਚ ਸਵਾਰ ਬੱਚਿਆਂ ਦੇ ਪਰਿਵਾਰਾਂ ਨੂੰ ਸੁਨੇਹਾ ਭੇਜ ਕੇ ਬੱਚਿਆਂ ਨੂੰ ਖੁਦ ਸਕੂਲ ਵਿੱਚੋਂ ਲੈ ਜਾਣ ਲਈ ਕਿਹਾ। ਇਸ ਤੋਂ ਇਲਾਵਾ ਜਿਨ੍ਹਾਂ ਬੱਚਿਆਂ ਨੂੰ ਬਾਅਦ ਦੁਪਹਿਰ 3 ਵਜੇ ਛੁੱਟੀ ਦਿੱਤੀ ਜਾਣੀ ਸੀ, ਉਨ੍ਹਾਂ ਨੂੰ ਸਵੇਰੇ 11 ਵਜੇ ਘਰ ਭੇਜ ਦਿੱਤਾ ਗਿਆ ਅਤੇ ਦੇਰ ਸ਼ਾਮ ਇਹ ਸੁਨੇਹਾ ਵੀ ਭੇਜਿਆ ਗਿਆ ਸੀ ਕਿ ਜਿਨ੍ਹਾਂ ਬੱਚਿਆਂ ਦੀ ਪ੍ਰੀਖਿਆ ਮੰਗਲਵਾਰ ਨੂੰ ਹੋਣੀ ਸੀ, ਉਨ੍ਹਾਂ ਦੀ ਪ੍ਰੀਖਿਆ ਰੱਦ ਕਰ ਦਿੱਤੀ ਹੈ। ਮੰਗਲਵਾਰ ਨੂੰ ਸਕੂਲ ਦੀ ਛੁੱਟੀ ਰਹੇਗੀ ਤਾਂ ਜੋ ਸਕੂਲ ਦਾ ਮਾਹੌਲ ਖਰਾਬ ਨਾ ਹੋਵੇ।