ਜ਼ਮੀਨ ਘੁਟਾਲਾ ਕੇਸ ’ਚ ਇਮਰਾਨ ਖ਼ਿਲਾਫ਼ ਕੇਸ ਦਰਜ
ਲਾਹੌਰ, 11 ਜੂਨ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਪੰਜਾਬ ਸੂਬੇ ‘ਚ 5 ਹਜ਼ਾਰ ਕਨਾਲ (625 ਏਕੜ) ਤੋਂ ਜ਼ਿਆਦਾ ਜ਼ਮੀਨ ਧੋਖਾਧੜੀ ਰਾਹੀਂ ਕੌਡੀਆਂ ਦੇ ਭਾਅ ‘ਤੇ ਖ਼ਰੀਦਣ ਦਾ ਇਕ ਹੋਰ ਕੇਸ ਦਰਜ ਕੀਤਾ ਗਿਆ ਹੈ। ਪੰਜਾਬ ਦੀ ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਨੇ ਇਮਰਾਨ ਖ਼ਾਨ ਖ਼ਿਲਾਫ਼ ਨਵਾਂ ਕੇਸ ਦਰਜ ਕੀਤਾ ਹੈ। ਇਸ ਕੇਸ ‘ਚ ਇਮਰਾਨ ਦੀ ਭੈਣ ਉਜ਼ਮਾ ਖ਼ਾਨ, ਉਸ ਦੇ ਪਤੀ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਖ਼ਿਲਾਫ਼ ਵੀ ਕੇਸ ਦਰਜ ਹੋਇਆ ਹੈ। ਭ੍ਰਿਸ਼ਟਾਚਾਰ ਵਿਰੋਧੀ ਅਦਾਰੇ ਨੇ ਕਿਹਾ ਕਿ ਇਮਰਾਨ ਅਤੇ ਹੋਰ ਸ਼ੱਕੀਆਂ ‘ਤੇ ਪੰਜਾਬ ਦੇ ਲਾਯਾਹ ਜ਼ਿਲ੍ਹੇ ‘ਚ 5,261 ਕਨਾਲ ਮਹਿੰਗੀ ਜ਼ਮੀਨ ਸਸਤੇ ਭਾਅ ‘ਤੇ ਖ਼ਰੀਦਣ ਦਾ ਦੋਸ਼ ਹੈ। ਉਨ੍ਹਾਂ ਕਿਹਾ ਕਿ ਇਹ ਜ਼ਮੀਨ 13 ਕਰੋੜ ਰੁਪਏ ‘ਚ ਖ਼ਰੀਦੀ ਗਈ ਜਦਕਿ ਉਸ ਦੀ ਅਸਲ ਕੀਮਤ 600 ਕਰੋੜ ਰੁਪਏ ਸੀ। ਇਕ ਸ਼ੱਕੀ ਨੇ ਸਿਆਸੀ ਰਸੂਖ ਦੀ ਵਰਤੋਂ ਕਰਦਿਆਂ ਇਕ ਸਥਾਨਕ ਵਿਅਕਤੀ ਤੋਂ 500 ਕਨਾਲ ਜ਼ਮੀਨ ਖੋਹ ਲਈ। ਉਜ਼ਮਾ ਅਤੇ ਉਸ ਦੇ ਪਤੀ ਨੂੰ ਗ੍ਰਿਫ਼ਤਾਰ ਕਰਨ ਲਈ ਲਾਹੌਰ ਦੇ ਜ਼ਮਾਨ ਪਾਰਕ ਇਲਾਕੇ ‘ਚ ਛਾਪਾ ਮਾਰਿਆ ਗਿਆ ਸੀ ਪਰ ਉਹ ਮੌਕੇ ਤੋਂ ਫ਼ਰਾਰ ਹੋ ਗਏ। ਉਜ਼ਮਾ ਨੂੰ ਮੁੱਖ ਦੋਸ਼ੀ ਮੰਨਿਆ ਜਾ ਰਿਹਾ ਹੈ ਕਿਉਂਕਿ ਜ਼ਮੀਨ ਉਸ ਦੇ ਨਾਮ ‘ਤੇ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਮੁਖੀ ਇਮਰਾਨ ਖ਼ਿਲਾਫ਼ ਕੇਸਾਂ ਦੀ ਕੁੱਲ ਗਿਣਤੀ 140 ਤੋਂ ਜ਼ਿਆਦਾ ਹੋ ਗਈ ਹੈ। ਇਮਰਾਨ ਖ਼ਿਲਾਫ਼ ਜ਼ਿਆਦਾਤਰ ਕੇਸ ਅਤਿਵਾਦ, ਲੋਕਾਂ ਨੂੰ ਹਿੰਸਾ ਲਈ ਭੜਕਾਉਣ, ਅੱਗਜ਼ਨੀ ਹਮਲੇ, ਕੁਫ਼ਰ ਤੋਲਣ, ਹੱਤਿਆ ਦੀ ਕੋਸ਼ਿਸ਼, ਭ੍ਰਿਸ਼ਟਾਚਾਰ ਅਤੇ ਧੋਖਾਧੜੀ ਨਾਲ ਸਬੰਧਤ ਹਨ। -ਪੀਟੀਆਈ