ਕਿਸਾਨ ਆਗੂਆਂ ਸਣੇ ਚਾਰ ਖ਼ਿਲਾਫ਼ ਕੇਸ ਦਰਜ
ਰਾਜਿੰਦਰ ਵਰਮਾ
ਭਦੌੜ, 26 ਜੁਲਾਈ
ਪਾਵਰਕੌਮ ਦੀ ਟੀਮ ਵੱਲੋਂ ਬੀਤੇ ਕੱਲ੍ਹ ਪਿੰਡ ਪੱਤੀ ਦੀਪ ਸਿੰਘ ਵਿਖੇ ਮਾਰੇ ਛਾਪੇ ਦੌਰਾਨ ਕਿਸਾਨ ਆਗੂਆਂ ਅਤੇ ਪਾਵਰਕੌਮ ਮੁਲਾਜ਼ਮਾਂ ਵਿਚਕਾਰ ਹੋਈ ਤਕਰਾਰਬਾਜ਼ੀ ਅਤੇ ਘੇਰਾਬੰਦੀ ਤੋਂ ਬਾਅਦ ਉਸ ਵਕਤ ਇਸ ਮਾਮਲੇ ਨੇ ਨਵਾਂ ਮੌੜ ਲੈ ਲਿਆ ਜਦੋਂ ਬਿਜਲੀ ਮੁਲਾਜ਼ਮਾਂ ਨੇ ਘਰਾਂ ’ਚੋਂ ਰਿਹਾਅ ਹੋਣ ਉਪਰੰਤ ਥਾਣੇ ਭਦੌੜ ਅੱਗੇ ਧਰਨਾ ਦੇ ਕੇ ਕਿਸਾਨਾਂ ਖਿਲਾਫ਼ ਧਰਨਾ ਦੇਣ ਦੀ ਮੰਗ ਕੀਤੀ ਤੇ ਪੁਲੀਸ ਨੇ ਉੱਚ ਅਧਿਕਾਰੀਆਂ ਦੇ ਦਖ਼ਲ ਤੋਂ ਬਾਅਦ ਚਾਰ ਵਿਅਕਤੀਆਂ ਖਿਲਾਫ਼ ਪਰਚਾ ਦਰਜ ਕਰ ਲਿਆ। ਇਸ ਦੀ ਪੁਲੀਸ ਵਿਭਾਗ ਪੁਸ਼ਟੀ ਕਰਨ ਤੋਂ ਕੰਨੀ ਕਤਰਾ ਰਿਹਾ ਹੈ। ਦੱਸਣਯੋਗ ਹੈ ਕਿ ਉਪ ਮੰਡਲ ਭਦੌੜ ਅਧੀਨ ਵੰਡ ਮੰਡਲ ਦਿਹਾਤੀ ਬਰਨਾਲਾ ਦੀ ਟੀਮ ਵਲੋਂ ਇੰਜ: ਮਲਕੀਤ ਸਿੰਘ ਉਪ ਮੰਡਲ ਅਫ਼ਸਰ ਭਦੌੜ ਦੀ ਅਗਵਾਈ ਵਿਚ ਸਵੇਰੇ 10 ਵਜੇ ਪਿੰਡ ਪੱਤੀ ਵੀਰ ਸਿੰਘ ਵਿਖੇ ਛਾਪਾ ਮਾਰਿਆ ਗਿਆ ਸੀ ਜਿਸ ਦੌਰਾਨ ਟੀਮ ਨੇ ਕੁਝ ਘਰਾਂ ਦੇ ਸਿੱਧੀਆਂ ਕੁੰਡੀਆਂ ਅਤੇ ਦੋ ਟੈਂਪਰ ਮੀਟਰ ਫੜਨ ਵਿਚ ਸਫਲਤਾ ਹਾਸਲ ਕੀਤੀ ਸੀ। ਐਨ ਮੌਕੇ ’ਤੇ ਪੁੱਜੇ ਕਿਸਾਨ ਆਗੂਆਂ ਅਤੇ ਸਥਾਨਕ ਲੋਕਾਂ ਨੇ ਟੀਮ ਦਾ ਘਿਰਾਓ ਕਰਕੇ ਬੰਦੀ ਬਣਾਈ ਰੱਖਿਆ ਸੀ। ਦੋਵਾਂ ਧਿਰਾਂ ਵਿਚਕਾਰ ਮੌਕੇ ’ਤੇ ਹਾਜ਼ਰ ਡੀ.ਐਸ.ਪੀ.ਤਪਾ ਰਵਿੰਦਰ ਸਿੰਘ ਰੰਧਾਵਾ ਅਤੇ ਥਾਣਾ ਭਦੌੜ ਦੇ ਇੰਚਾਰਜ ਅੰਮ੍ਰਿਤਪਾਲ ਸਿੰਘ ਨੇ ਮਾਮਲੇ ਨੂੰ ਸ਼ਾਤਮਈ ਢੰਗ ਨਾਲ ਹੱਲ ਕਰਵਾ ਲਿਆ ਸੀ ਪਰ ਰਿਜ਼ਨਲ ਸੈਕਟਰੀ ਵਿਕਾਸ ਸਿੰਗਲਾ ਪੀ.ਐਸ.ਈ.ਬੀ.ਈ.ਏ ਬਰਨਾਲਾ, ਇੰਜ.ਪ੍ਰੀਤ ਮਹਿੰਦਰ ਸਿੰਘ, ਨਿਗਰਾਨ ਇੰਜ: ਵੰਡ ਹਲਕਾ ਬਰਨਾਲਾ ਤੇਜ ਬਾਂਸਲ, ਪ੍ਰਧਾਨ ਜਸਵੀਰ ਸਿੰਘ ਧੀਮਾਨ, ਮੀਤ ਪ੍ਰਧਾਨ ਜਤਿੰਦਰ ਗਰਗ ਨੇ ਪੁਲੀਸ ਪ੍ਰਸ਼ਾਸਨ ਨੂੰ ਦੋਸ਼ੀ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ ਲਈ ਲੰਘੀ ਰਾਤ ਹੀ ਦਬਾਅ ਬਣਾਉਣ ਸ਼ੁਰੂ ਕਰ ਦਿੱਤਾ ਸੀ ਅਤੇ ਐਸਡੀਓ ਭਦੌੜ ਮਲਕੀਤ ਸਿੰਘ ਦੁਆਰਾ ਪੁਲੀਸ ਨੂੰ ਦਿੱਤੀ ਗਈ ਲਿਖਤੀ ਸ਼ਿਕਾਇਤ ਉਪਰ ਪੁਲੀਸ ਨੇ ਧਾਰਾ 341, 353, ਅਤੇ 186 ਤਹਿਤ ਜਗਰਾਜ ਸਿੰਘ ਪੁੱਤਰ ਆਤਮਾ ਸਿੰਘ, ਕਰਤਾਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀਆਨ ਗਿੱਲ ਕੋਠੇ ਭਦੌੜ, ਕਾਲਾ ਸਿੰਘ ਵਾਸੀ ਭਦੌੜ ਅਤੇ ਗੋਰਾ ਸਿੰਘ ਵਾਸੀ ਵਿਧਾਤੇ ਉਪਰ ਮਾਮਲਾ ਦਰਜ ਕਰ ਦਿੱਤਾ ਹੈ।
ਕੁਝ ਵੀ ਦੱਸਣ ਤੋਂ ਕੰਨੀ ਕਤਰਾ ਰਹੀ ਹੈ ਭਦੌੜ ਪੁਲੀਸ
ਇਸ ਮਾਮਲੇ ਬਾਰੇ ਭਦੌੜ ਪੁਲੀਸ ਕੁਝ ਵੀ ਦੱਸ ਨਹੀਂ ਰਹੀ ਤੇ ਕਹਿ ਰਹੀ ਹੈ ਕਿ ਕੋਈ ਪਰਚਾ ਦਰਜ ਨਹੀਂ ਹੋਇਆ ਅਤੇ ਡੀਐਸਪੀ ਤਪਾ ਰਵਿੰਦਰ ਸਿੰਘ ਰੰਧਾਵਾ ਵੀ ਪਰਚਾ ਹੋਣ ਬਾਰੇ ਅਗਿਆਨਤਾ ਪ੍ਰਗਟਾ ਰਹੇ ਹਨ। ਜਦਕਿ ਇਹ ਜਾਣਕਾਰੀ ਰਿਜਨਲ ਸੈਕਟਰੀ ਵਿਕਾਸ ਸਿੰਗਲਾ ਪੀਐਸਈਬੀ ਬਰਨਾਲਾ ਵੱਲੋਂ ਪ੍ਰੈਸ ਨੋਟ ਜਾਰੀ ਕਰਕੇ ਦਿੱਤੀ ਗਈ ਹੈ।