ਲੁੱਟਾਂ-ਖੋਹਾਂ ਦੇ ਦੋਸ਼ ਹੇਠ 21 ਜਣਿਆਂ ਖ਼ਿਲਾਫ਼ ਕੇਸ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 8 ਫਰਵਰੀ
ਇਥੇ ਤਿੰਨ ਥਾਵਾਂ ’ਤੇ ਲੁੱਟ ਖੋਹ ਦੀਆਂ ਘਟਨਾਵਾਂ ਦੇ ਸਿਲਸਿਲੇ ਵਿੱਚ ਪੁਲੀਸ ਵੱਲੋਂ 21 ਜਣਿਆਂ ਖ਼ਿਲਾਫ਼ ਕੇਸ ਦਰਜ ਕਰਕੇ ਡੋਮੀਨੋਜ਼ ਡਿਲੀਵਰੀ ਬੁਆਏ ਨੂੰ ਲੁੱਟਣ ਵਾਲੇ ਅੱਠ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।ਥਾਣਾ ਸਦਰ ਦੀ ਪੁਲੀਸ ਨੂੰ ਫੇਸ-1, ਜਗਦੇਵ ਕਲੋਨੀ ਵਾਸੀ ਸੰਦੀਪ ਸਿੰਘ ਨੇ ਦੱਸਿਆ ਹੈ ਕਿ ਉਹ ਡੋਮੀਨੋਜ਼ ਵਿੱਚ ਬਤੌਰ ਡਿਲਿਵਰੀ ਬੁਆਏ ਵਜੋਂ ਕੰਮ ਕਰਦਾ ਹੈ। ਉਹ ਅਤੇ ਜੁਗਲ ਕਿਸ਼ੋਰ ਵਾਸੀ ਸੀਆਰਪੀ ਕਲੋਨੀ ਫੇਸ-1, ਦੁੱਗਰੀ ਨਾਲ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਨੂਰ ਮੈਡੀਕਲ ਸੂਆ ਰੋਡ ਪੀਜ਼ਾ ਦੇਣ ਲਈ ਜਾ ਰਹੇ ਸੀ ਤਾਂ ਸੂਆ ਰੋਡ ਫਾਟਕ ਪਾਰ ਕਰਦਿਆਂ ਹੀ 8 ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਕੇ ਮੋਬਾਈਲ ਫੋਨ ਅਤੇ ਪਰਸ ਖੋਹ ਲਿਆ। ਥਾਣੇਦਾਰ ਹਰਬੰਸ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਤਫ਼ਤੀਸ਼ ਦੌਰਾਨ ਰੋਬਨ ਵਾਸੀ ਕੁਆਲਟੀ ਚੌਕ, ਪਰਮਜੀਤ ਸਿੰਘ ਵਾਸੀ ਗੋਬਿੰਦਰਸਰ, ਪ੍ਰਦੀਪ ਗੱਬਰ ਵਾਸੀ ਬਸੰਤ ਨਗਰ, ਮਿਲਨ ਵਾਸੀ ਸ਼ਿਮਲਾਪੁਰੀ, ਰਾਜਵੀਰ ਵਾਸੀ ਸ਼ਿਮਲਾਪੁਰੀ, ਪ੍ਰੇਮ ਬੁਲੜ ਵਾਸੀ ਬਸੰਤ ਨਗਰ, ਯਸ਼ਦੇਵ ਵਾਸੀ ਟੇਡੀ ਰੋੜ ਸ਼ਿਮਲਾਪੁਰੀ ਅਤੇ ਬੰਟੀ ਵਾਸੀ ਬਸੰਤ ਨਗਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸੇ ਤਰ੍ਹਾਂ ਥਾਣਾ ਡਵੀਜ਼ਨ ਨੰਬਰ 8 ਦੀ ਪੁਲੀਸ ਨੂੰ ਨਿਊ ਸੁਭਾਸ਼ ਨਗਰ ਵਾਸੀ ਦੀਦਾਰ ਸਿੰਘ ਨੇ ਦੱਸਿਆ ਹੈ ਕਿ ਉਹ ਡੀਐਮਸੀ ਹਸਪਤਾਲ ਵਿੱਖੇ ਸਕਿਉਰਟੀ ਕੰਸਲਟੈਂਟ ਲੱਗਾ ਹੋਇਆ ਹੈ। ਉਹ ਸੁਪਰਵਾਈਜ਼ਰ ਮਲਕੀਤ ਸਿੰਘ ਏਮਜ਼ ਬੱਸੀ ਹਸਪਤਾਲ ਤੋਂ ਚੈਕਿੰਗ ਕਰਕੇ ਡੀਐਮਸੀ ਹਸਪਤਾਲ ਆ ਰਹੇ ਸੀ ਤਾਂ ਕੁਝ ਲੜਕਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਦੇ ਮੋਬਾਈਲ ਖੋਹ ਲਏ। ਉਸ ਨੂੰ ਇਲਾਜ ਲਈ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ। ਥਾਣੇਦਾਰ ਕਸ਼ਮੀਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇੱਕ ਹੋਰ ਮਾਮਲੇ ਵਿੱਚ ਸਾਵਨ ਵਿਹਾਰ ਕਲੋਨੀ ਵਾਸੀ ਰਾਜੇਸ਼ ਕੁਮਾਰ ਸ਼ਾਹੂ ਨੇ ਦੱਸਿਆ ਹੈ ਕਿ ਉਹ ਆਪਣੇ ਸਾਲੇ ਦੇ ਲੜਕੇ ਨਾਲ ਪਿੰਡ ਧੌਲਾ ਜਾ ਰਹੇ ਸੀ ਤਾਂ ਪਿੰਡ ਧੌਲਾ ਸਾਹਮਣੇ ਯੂਨੀਕ ਇੰਟਰਨੈਸ਼ਲ ਸਕੂਲ ਕੋਲ ਪਿੱਛੋਂ ਦੀ 3 ਮੋਟਰਸਾਈਕਲਾਂ ਤੇ 6 ਲੜਕੇ ਆਏ, ਜਿਨ੍ਹਾਂ ਨੇ ਘੇਰ ਕੇ ਉਸਦਾ ਪਰਸ ਕੱਢ ਲਿਆ ਜਿਸ ਵਿੱਚ ਕੁੱਝ ਪੈਸੇ ਤੇ ਜ਼ਰੂਰੀ ਦਸਤਾਵੇਜ਼ ਸਨ। ਉਹ ਉਸਦਾ ਮੋਬਾਈਲ ਫੋਨ ਅਤੇ ਮੋਟਰਸਾਈਕਲ ਹੀਰੋ ਸਪਲੈਂਡਰ ਖੋਹ ਕੇ ਫ਼ਰਾਰ ਹੋ ਗਏ।